ਧੌਲਾਕੂਆ ਗੈਂਗਰੇਪ : ਪੰਜ ਦੋਸ਼ੀਆਂ ਨੂੰ ਉਮਰ ਕੈਦ
Posted on:- 20-10-2014
ਨਵੀਂ ਦਿੱਲੀ : ਦਿੱਲੀ
ਦੀ ਇਕ ਅਦਾਲਤ ਨੇ ਧੌਲਾਕੂਆ ਸਮੂਹਿਕ ਬਲਾਤਕਾਰ ਮਾਮਲੇ ਦੇ ਸਾਰੇ 5 ਦੋਸ਼ੀਆਂ ਨੂੰ ਉਮਰ
ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਅਦਾਲਤ ਨੇ ਇਸ ਮਾਮਲੇ ਵਿਚ ਪੰਜੇ
ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ। ਉਮਰ ਕੈਦ ਦੀ ਸਜ਼ਾ ਤੋਂ ਇਲਾਵਾ ਅਦਾਲਤ ਨੇ ਇਨ੍ਹਾਂ
ਸਾਰੇ ਦੋਸ਼ੀਆਂ 'ਤੇ 50–50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਸ ਤੋਂ ਪਹਿਲਾਂ 17
ਅਕਤੂਬਰ ਨੂੰ ਦਿੱਲੀ ਪੁਲਿਸ ਨੇ ਇਹ ਕਹਿੰਦਿਆਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ
ਮੰਗ ਕੀਤੀ ਸੀ ਕਿ ਉਨ੍ਹਾਂ ਨੇ 30 ਸਾਲਾ ਪੀੜਤਾਂ ਦੀ ਮਾਨਸਿਕ ਸਥਿਤੀ ਨੂੰ ਵੱਡਾ ਨੁਕਸਾਨ
ਪਹੁੰਚਾਇਆ ਹੈ। ਸਜ਼ਾ ਉਤੇ ਦਲੀਲਾਂ ਦੌਰਾਨ ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਦੋਸ਼ੀਆਂ ਦੇ
ਮਨ ਵਿਚ ਕਾਨੂੰਨ ਪ੍ਰਤੀ ਕੋਈ ਸਨਮਾਨ ਨਹੀਂ ਹੈ ਅਤੇ ਸਮੁੱਚੀ ਘਟਨਾ ਨੇ ਸਮਾਜ ਵਿਚ ਪੀੜਤਾਂ
ਦੀ ਇੱਜ਼ਤ ਨੂੰ ਤਾਰ ਤਾਰ ਕੀਤਾ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਅਤੇ ਇਨ੍ਹਾਂ ਸਾਰੇ
ਦੋਸ਼ੀਆਂ ਵੱਲੋਂ ਹਾਜ਼ਰ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖ਼ਵਾਂ ਰੱਖ ਲਿਆ
ਸੀ। ਅਦਾਲਤ ਨੇ 14 ਅਕਤੂਬਰ ਨੂੰ ਉਸਮਾਨ ਉਰਫ਼ ਕਾਲੇ, ਸ਼ਮਸ਼ਾਦ ਉਰਫ਼ ਖੁਟਕਨ, ਸ਼ਾਹਿਦ ਉਰਫ਼
ਛੋਟਾ ਬਿੱਲੀ, ਇਕਬਾਲ ਉਰਫ਼ ਵੱਡਾ ਬਿੱਲੀ ਅਤੇ ਕਮਰੂਦੀਨ ਉਰਫ਼ ਮੋਬਾਇਲ ਨੂੰ ਵੱਖ–ਵੱਖ
ਧਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ। ਸਾਰੇ ਦੋਸ਼ੀ ਹਰਿਆਣਾ ਦੇ ਮੇਵਾਤ ਖੇਤਰ ਦੇ ਰਹਿਣ ਵਾਲੇ
ਹਨ।
ਇਹ ਮਾਮਲਾ ਸਾਲ 2010 ਦਾ ਹੈ, ਜਦੋਂ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਇਕ 30
ਸਾਲਾ ਮਹਿਲਾ ਨੂੰ ਧੌਲਾਕੂੰਆ ਇਲਾਕੇ ਵਿਚ ਅਗਵਾ ਕਰਨ ਤੋਂ ਬਾਅਦ ਉਸ ਨਾਲ ਸਮੂਹਿਕ
ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਅਨੁਸਾਰ ਮਹਿਲਾ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਸੀ
ਜਦੋਂ ਉਹ ਆਪਣੇ ਇਕ ਸਾਥੀ ਨਾਲ ਕੰਮ ਤੋਂ ਬਾਅਦ ਘਰ ਪਰਤ ਰਹੀ ਸੀ। ਇਸ ਘਟਨਾ ਤੋਂ ਬਾਅਦ
ਪੁਲਿਸ ਨੇ ਦਿੱਲੀ ਅਤੇ ਕੌਮੀ ਰਾਜਧਾਨੀ ਇਲਾਕੇ ਵਿਚ ਕੰਮ ਕਰਨ ਵਾਲੀਆਂ ਸਾਰੀਆਂ ਬੀਪੀਓ
ਕੰਪਨੀਆਂ ਨੂੰ ਮਹਿਲਾ ਸੁਰੱਖਿਆ ਸਬੰਧੀ ਹੁਕਮ ਦਿੱਤਾ ਸੀ। ਪੁਲਿਸ ਦਾ ਆਦੇਸ਼ ਸੀ ਕਿ ਕੰਮ
ਤੋਂ ਬਾਅਦ ਜਦੋਂ ਮਹਿਲਾ ਕਰਮਚਾਰੀਆਂ ਨੂੰ ਘਰ ਛੱਡਿਆ ਜਾਵੇ ਤਾਂ ਉਨ੍ਹਾਂ ਨਾਲ ਸੁਰੱਖਿਆ
ਗਾਰਡ ਭੇਜੇ ਜਾਣ।
ਦੱਸਣਾ ਬਣਦਾ ਹੈ ਕਿ ਦਸੰਬਰ 2012 ਵਿਚ ਅਜਿਹੇ ਹੀ ਇਕ ਮਾਮਲੇ ਤੋਂ
ਬਾਅਦ ਦਿੱਲੀ ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਅਤੇ ਮਹਿਲਾਵਾਂ ਦੇ ਸਨਮਾਨ ਤੇ
ਸੁਰੱਖਿਆ ਬਾਰੇ ਪ੍ਰਸ਼ਾਸਨ ਨੇ ਕਈ ਕਦਮ ਚੁੱਕੇ ਸਨ।