ਮੋਦੀ ਸਰਕਾਰ ਨੇ ਡੀਜ਼ਲ ਨੂੰ ਕੰਟਰੋਲ ਮੁਕਤ ਕਰਕੇ ਅੰਬਾਨੀਆਂ ਤੇ ਅਡਾਨੀਆਂ ਨੂੰ ਪਹੁੰਚਾਇਆ ਲਾਭ : ਖਹਿਰਾ
Posted on:- 19-10-2014
ਚੰਡੀਗੜ੍ਹ : ਕਾਂਗਰਸ
ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾਨੇ ਕਿਹਾ ਕਿ ਡੀਜ਼ਲ ਨੂੰ ਸਰਕਾਰੀ ਕੰਟਰੋਲ ਤੋਂ
ਮੁਕਤ ਕਰਕੇ ਤੇ ਨਵਾਂ ਗੈਸ ਮੁੱਲ ਫਾਰਮੂਲਾ ਲਾਗੂ ਕਰਕੇ ਮੋਦੀ ਸਰਕਾਰ ਨੇ ਅੰਬਾਨੀਆਂ ਤੇ
ਅਡਾਨੀਆਂ ਨੂੰ ਲਾਭ ਪਹੁੰਚਾਉਣ ਵਾਲੇ ਆਪਣੇ ਲੁਕਵੇਂ ਏਜੰਡੇ 'ਤੇ ਅਮਲ ਕੀਤਾ ਹੈ। ਉਨ੍ਹਾਂ
ਕਿਹਾ ਕਿ ਡੀਜਲ ਕੰਟਰੋਲ ਮੁਕਤ ਕੀਤੇ ਜਾਣ ਦਾ ਸੱਭ ਤੋਂ ਬੁਰਾ ਅਸਰ ਕਿਸਾਨਾਂ 'ਤੇ ਪਵੇਗਾ।
ਉਨ੍ਹਾਂ
ਕਿਹਾ ਕਿ ਡੀਜ਼ਲ ਕੰਟਰੋਲ ਮੁਕਤ ਕਰਕੇ ਅਤੇ ਕੁਦਰਤੀ ਗੈਸ ਮੁੱਲ ਦਾ ਨਵਾਂ ਫਾਰਮੂਲਾ ਲਾਗੂ
ਕਰਕੇ ਮੋਦੀ ਸਰਕਾਰ ਨੇ ਭਾਜਪਾ ਦੀ ਚੋਣ ਮੁਹਿੰਮ ਦੀ ਭਾਰੀ ਫੰਡਿਗ ਕਰਨ ਵਾਲੇ ਅੰਬਾਨੀਆਂ
ਅਤੇ ਅਡਾਨੀਆਂ ਵਰਗੇ ਵੱਡੇ ਘਰਾਣਿਆਂ ਨੂੰ ਲਾਹਾ ਪਹੁੰਚਾਉਣ ਵਾਲੇ ਆਪਣੇ ਗੁਪਤ ਏਜੰਡੇ ਨੂੰ
ਅਮਲ ਵਿੱਚ ਲਿਆਂਦਾ ਹੈ।
ਉਨ੍ਹਾਂ ਕਿਹਾ ਕਿ ਡੀਜ਼ਲ ਨੂੰ ਕੰਟਰੋਲ ਮੁਕਤ ਕਰਨ ਲਈ ਮੋਦੀ
ਸਰਕਾਰ ਨੇ ਬਹੁਤ ਹੀ ਹੁਸ਼ਿਆਰੀ ਨਾਲ ਉਸ ਸਮੇਂ ਨੂੰ ਚੁਣਿਆ ਹੈ ਜਦੋਂ ਕੌਮਾਂਤਰੀ ਬਜ਼ਾਰ
ਵਿੱਚ ਕੱਚੇ ਤੇਲ ਦੇ ਭਾਅ ਬੁਰੀ ਤਰਾਂ ਨਾਲ ਡਿੱਗੇ ਹਨ। ਇਸ ਦੇ ਨਤੀਜੇ ਵਜੋਂ ਡੀਜ਼ਲ 3.37
ਰੁਪਏ ਫੀ ਲੀਟਰ ਸਸਤਾ ਹੋ ਗਿਆ ਹੈ, ਪਰੰਤੂ ਲੰਮੇ ਸਮੇਂ ਲਈ ਕੰਟਰੋਲ ਮੁਕਤ ਕਰਨ ਦੀ ਇਹ
ਨੀਤੀ ਨਾ ਸਿਰਫ ਸਾਡੀ ਖੇਤੀਬਾੜੀ ਸੈਕਟਰ ਉੱਪਰ ਮਾੜਾ ਅਸਰ ਪਾਵੇਗੀ ਬਲਕਿ ਮਹਿੰਗਾਈ ਵਿੱਚ
ਵੀ ਵਾਧਾ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਭਾਰਤ ਸਰਕਾਰ ਅਤੇ ਉਪਭੋਗਤਾਵਾਂ ਵਾਸਤੇ ਬਹੁਤ
ਹੀ ਸੁਖਦ ਗੱਲ ਹੈ ਕਿ ਇਸ ਸਮੇਂ ਕੌਮਾਂਤਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ 25 ਜੂਨ
2014 'ਚ 114.77 ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਕੇ ਹੁਣ 86.28 ਅਮਰੀਕੀ ਡਾਲਰ ਫੀ
ਬੈਰਲ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਕੌਮਾਂਤਰੀ ਬਜ਼ਾਰ ਵਿੱਚ ਕੱਚੇ ਤੇਲ ਦੇ
ਭਾਅ ਰੋਜ਼ਾਨਾ ਵੱਧਦੇ ਘੱਟਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਕੌਮਾਂਤਰੀ ਮਾਰਕੀਟ
ਵਿੱਚ ਕੱਚੇ ਤੇਲ ਦੇ ਭਾਅ ਡਿੱਗਣ ਨਾਲ ਡੀਜ਼ਲ 3.37 ਰੁਪਏ ਫੀ ਲੀਟਰ ਅਚਾਨਕ ਘੱਟ ਗਿਆ
ਪਰੰਤੂ ਜੇਕਰ ਕੌਮਾਂਤਰੀ ਭਾਅ ਮੁੜ 25 ਜੂਨ 2014 ਵਾਲੇ 114.77 ਅਮਰੀਕੀ ਡਾਲਰ ਉੱਪਰ
ਪਹੁੰਚ ਗਿਆ ਤਾਂ ਡੀਜ਼ਲ ਦਾ ਮੁੱਲ 70 ਰੁਪਏ ਫੀ ਲੀਟਰ ਹੋ ਜਾਵੇਗਾ। ਇਸੇ ਕਰਕੇ ਹੀ ਕੰਟਰੋਲ
ਮੁਕਤ ਕੌਮਾਂਤਰੀ ਬਜ਼ਾਰ ਵਿੱਚ ਡੀਜ਼ਲ ਅਤੇ ਪੈਟਰੋਲ ਦਾ ਮੁੱਲ ਲਗਭਗ ਬਰਾਬਰ ਹੈ। ਉਨ੍ਹਾਂ
ਕਿਹਾ ਕਿ ਦੂਜੇ ਸ਼ਬਦਾਂ 'ਚ ਉਕਤ ਉਤਰਾਅ ਚੜਾਅ ਸਾਡੇ ਦੇਸ਼ ਦੀ ਖੇਤੀਬਾੜੀ ਅਰਥ ਵਿਵਸਥਾ
ਉੱਪਰ ਬਹੁਤ ਹੀ ਮਾੜਾ ਅਸਰ ਪਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ ਤੇ ਇੰਗਲੈਂਡ
ਆਦਿ ਜਿਹੇ ਦੇਸ਼ਾਂ ਨੇ ਆਪਣੇ ਕਿਸਾਨਾਂ ਦੀ ਹਿਫਾਜ਼ਤ ਲਈ ਤੇਲ ਦਾ ਰੰਗ ਬਦਲ ਕੇ ਸਬਸਿਡੀ
ਦਿੱਤੀ ਹੋਈ ਹੈ। ਇਸੇ ਤਰਾਂ ਹੀ ਡੀਜ਼ਲ ਦੇ ਮੁੱਲ ਵੱਧਣ ਉੱਤੇ ਕੀ ਮੋਦੀ ਸਰਕਾਰ ਖੇਤੀਬਾੜੀ
ਇਸਤੇਮਾਲ ਲਈ ਡੀਜ਼ਲ ਦਾ ਰੰਗ ਬਦਲ ਕੇ ਸਬਸਿਡੀ ਦੇ ਕੇ ਕਿਸਾਨਾਂ ਦੀ ਹਿਫਾਜ਼ਤ ਕਰੇਗੀ? ਜੇਕਰ
ਕਿਸਾਨਾਂ ਨੂੰ ਬਿਨਾਂ ਸਬਸਿਡੀ ਦੇ ਅੱਧਵਾਟੇ ਛਡ ਦਿੱਤਾ ਜਾਵੇਗਾ ਤਾਂ ਖੇਤੀਬਾੜੀ
ਅਰਥਵਿਵਸਥਾ ਬੱਚ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਡੀਜ਼ਲ ਨੂੰ ਕੰਟਰੋਲ ਮੁਕਤ ਕੀਤਾ ਜਾਣਾ
ਮਹਿੰਗਾਈ ਵਿੱਚ ਵੀ ਵਾਧਾ ਕਰੇਗਾ ਕਿਉਂਕਿ ਟਰਾਂਸਪੋਰਟ ਸੈਕਟਰ ਪੂਰੀ ਤਰਾਂ ਨਾਲ ਡੀਜ਼ਲ
ਉੱਪਰ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਹੀ, ਕੰਟਰੋਲ ਮੁਕਤ ਕੀਤੇ
ਜਾਣ ਅਤੇ ਕੁਦਰਤੀ ਗੈਸ ਮੁੱਲ ਨਿਰਧਾਰਣ ਦਾ ਵੱਡਾ ਫਾਇਦਾ ਅੰਬਾਨੀਆਂ ਅਤੇ ਅਡਾਨੀਆਂ ਦੀ
ਮਾਲਕੀ ਵਾਲੀਆਂ ਤੇਲ ਰਿਫਾਈਨਰੀਆਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਰਿਲਾਇੰਸ ਕੰਪਨੀ ਦੇ
ਪੈਟਰੋਲ ਪੰਪ ਜੋ ਕਿ ਪੂਰੇ ਹੀ ਦੇਸ਼ ਵਿੱਚ ਬੰਦ ਪਏ ਹਨ, ਪਰੰਤੂ ਹੁਣ ਇਸ ਨਵੀਂ ਨੀਤੀ ਤਹਿਤ
ਪੂਰੀ ਤਰਾਂ ਨਾਲ ਵੱਧਣ ਫੁੱਲਣਗੇ। ਉਨ੍ਹਾਂ ਕਿਹਾ ਕਿ ਕੁਦਰਤੀ ਗੈਸ ਦੇ ਮੁੱਲ 33 ਫੀਸਦੀ
ਵਧਾ ਕੇ 4.2 ਅਮਰੀਕੀ ਡਾਲਰ ਤੋਂ 5.61 ਡਾਲਰ ਹੋਣ ਨਾਲ ਇਹਨਾਂ ਤੇਲ ਰਿਫਾਈਨਰੀਆਂ ਨੂੰ
ਵੱਡਾ ਮੁਨਾਫਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਕਾਂਗਰਸ ਪਾਰਟੀ ਡੀਜ਼ਲ ਦੇ ਨਿਯੰਤਰਣ
ਮੁਕਤ ਕੀਤੇ ਜਾਣ ਨਾਲ ਖੇਤੀਬਾੜੀ ਸੈਕਟਰ ਉੱਪਰ ਪੈਣ ਵਾਲੇ ਮੰਦੇ ਅਸਰ ਬਾਰੇ ਮੋਦੀ ਸਰਕਾਰ
ਨੂੰ ਅਗਾਹ ਕਰਦੀ ਹੈ, ਕਾਂਗਰਸ ਇਹ ਵੀ ਮੰਗ ਕਰਦੀ ਹੈ ਕਿ ਖੇਤੀਬਾੜੀ ਖਪਤ ਲਈ ਡੀਜ਼ਲ ਦਾ
ਰੰਗ ਬਦਲ ਕੇ ਢੁੱਕਵੀਂ ਸਬਸਿਡੀ ਦਿੱਤੀ ਜਾਵੇ।