ਕੇਂਦਰ ਸਰਕਾਰ ਵੱਲੋਂ ਡੀਜ਼ਲ ਮੰਡੀ ਹਵਾਲੇ, 3.37 ਪੈਸੇ ਘਟੇ
Posted on:- 18-10-2014
ਨਵੀਂ ਦਿੱਲੀ : ਕੇਂਦਰੀ
ਮੰਤਰੀ ਮੰਡਲ ਨੇ ਡੀਜ਼ਲ ਮੁੱਲ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ
ਹੈ। ਹੁਣ ਡੀਜ਼ਲ ਦੀ ਕੀਮਤ ਬਾਜ਼ਾਰ ਅਨੁਸਾਰ ਤੈਅ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਦਿੱਲੀ
ਵਿੱਚ ਡੀਜ਼ਲ ਦੀ ਕੀਮਤ 3 ਰੁਪਏ 37 ਪੈਸੇ ਘਟ ਗਈ ਹੈ। ਨਵੀਆਂ ਕੀਮਤਾਂ ਅੱਜ ਅੱਧੀ ਰਾਤ
ਤੋਂ ਲਾਗੂ ਹੋ ਜਾਣਗੀਆਂ। ਇਸ ਤੋਂ ਬਿਨਾਂ ਕੇਂਦਰੀ ਮੰਤਰੀ ਮੰਡਲ ਨੇ ਨਵੇਂ ਗੈਸ ਮੁੱਲ
ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਫਾਰਮੂਲਾ 1 ਨਵੰਬਰ ਤੋਂ ਲਾਗੂ ਹੋਵੇਗਾ,
ਜਿਸ ਦੇ ਅਨੁਸਾਰ ਗੈਸ ਦੀ ਕੀਮਤ ਵਿੱਚ ਹਰ ਸਾਲ ਛਿਮਾਹੀ ਆਧਾਰ 'ਤੇ 1 ਅਪ੍ਰੈਲ ਅਤੇ 1
ਅਕਤੂਬਰ ਤੋਂ ਸੋਧ ਹੋਵੇਗੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨਾਲ ਗੱਲਬਾਤ
ਦੌਰਾਨ ਦੱਸਿਆ ਕਿ ਡੀਜ਼ਲ ਦੀ ਕੀਮਤ ਬਾਜ਼ਾਰ ਅਧਾਰਤ ਹੋਵੇਗੀ ਅਤੇ ਲਾਗਤ ਦੇ ਆਧਾਰ 'ਤੇ
ਗਾਹਕਾਂ ਨੂੰ ਉਸ ਦੀ ਕੀਮਤ ਅਦਾ ਕਰਨੀ ਹੋਵੇਗੀ।
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ
ਦੀਆਂ ਕੀਮਤਾਂ ਘਟਣ ਨਾਲ ਡੀਜ਼ਲ 'ਤੇ ਕੰਪਨੀਆਂ ਦਾ ਮੁਨਾਫ਼ਾ ਵਧੀਆ ਹੈ। ਜ਼ਿਕਰਯੋਗ ਹੈ ਕਿ
ਦੇਸ਼ ਵਿੱਚ ਡੀਜ਼ਲ ਦੀ ਸਭ ਤੋਂ ਜ਼ਿਆਦਾ ਖਪਤ ਹੁੰਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ
ਤੇਲ ਦੀ ਕੀਮਤ 4 ਸਾਲਾਂ ਵਿੱਚ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਅਕਤੂਬਰ ਦੇ ਪਹਿਲੇ
ਹਫ਼ਤੇ ਵਿੱਚ ਡੀਜ਼ਲ 'ਤੇ ਤੇਲ ਕੰਪਨੀਆਂ ਨੂੰ 1.90 ਰੁਪਏ ਪ੍ਰਤੀ ਲੀਟਰ ਦਾ ਫਾਇਦਾ ਹੋ ਰਿਹਾ
ਸੀ, ਜਿਹੜਾ ਹੁਣ ਵਧ ਕੇ 3.56 ਰੁਪਏ ਪ੍ਰਤੀ ਲੀਟਰ ਹੋ ਗਿਆ ਸੀ। ਜਨਤਕ ਖੇਤਰ ਦੀ ਤੇਲ
ਕੰਪਨੀਆਂ ਦੀਆਂ ਡੀਜ਼ਲ ਦੀ ਵਿਕਰੀ 'ਤੇ ਪਹਿਲੀ ਵਾਰ ਸਤੰਬਰ ਦੇ ਦੂਜੇ ਹਫ਼ਤੇ ਵਿੱਚ 35 ਪੈਸੇ
ਦਾ ਫਾਇਦਾ ਹੋਇਆ। ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਇਹ ਵਧ ਕੇ 1.90 ਰੁਪਏ ਤੇ ਹੁਣ 3.37
ਪੈਸੇ ਪ੍ਰਤੀ ਲੀਟਰ ਹੋਇਆ। ਤੇਲ ਕੰਪਨੀਆਂ ਨੂੰ ਡੀਜ਼ਲ ਦੀ ਵਿਕਰੀ 'ਤੇ ਫਾਇਦਾ ਹੋਣ ਦੀ
ਸਥਿਤੀ ਵਿੱਚ ਇਸ ਦੀ ਕੀਮਤ ਘਟ ਹੋਣੀ ਚਾਹੀਦੀ ਸੀ, ਪਰ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਡ ਆਫ਼ ਕੰਡਕਟ ਲਾਗੂ ਹੋਣ ਕਾਰਨ ਕੀਮਤ ਨਹੀਂ ਸੀ ਘਟਾਈ
ਜਾ ਸਕਦੀ।