ਸੁਖਬੀਰ ਬਾਦਲ ਵੱਲੋਂ ਗਡਕਰੀ ਨਾਲ ਮੁਲਾਕਾਤ, ਸੂਬੇ 'ਚ ਸੜਕੀ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ
Posted on:- 18-10-2014
ਨਵੀਂ ਦਿੱਲੀ, ਚੰਡੀਗੜ੍ਹ : ਕੇਂਦਰੀ
ਸੜਕੀ ਆਵਜਾਈ ਤੇ ਹਾਈਵੇਜ਼ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ
ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿਚ 5000 ਕਰੋੜ ਰੁਪਏ ਨਾਲ ਵੱਖ-ਵੱਖ ਕੌਮੀ
ਰਾਜਮਾਰਗਾਂ ਤੇ ਹੋਰ ਸੜਕਾਂ ਦੇ ਨਵੀਨੀਕਰਨ ਤੇ ਮਜ਼ਬੂਤੀਕਰਨ ਪ੍ਰੋਜੈਕਟ ਸ਼ੁਰੂ ਕਰਨ ਦਾ
ਭਰੋਸਾ ਦਿੱਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਉੱਚ ਅਧਿਕਾਰੀਆਂ
ਨਾਲ ਮੁਲਾਕਾਤ ਪਿੱਛੋਂ ਬਕਾਇਆ ਪਏ ਸੜਕੀ ਪ੍ਰੋਜੈਕਟਾਂ ਨੂੰ ਵੀ ਜਲਦ ਸ਼ੁਰੂ ਕਰਨ ਬਾਰੇ
ਕਿਹਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਨਵੀਂ ਦਿੱਲੀ
ਵਿਖੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ ਤੇ ਸੜਕੀ ਪ੍ਰੋਜੈਕਟਾਂ ਨੂੰ
ਵਾਤਾਵਰਣ ਤੇ ਜੰਗਲਾਤ ਮੰਤਰਾਲੇ ਵੱਲੋਂ ਵੀ ਮਨਜ਼ੂਰੀ ਦੇਣ ਬਾਰੇ ਗੱਲਬਾਤ ਕੀਤੀ ਗਈ।
ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸੈਕਟਰ-39 ਚੰਡੀਗੜ੍ਹ ਤੋਂ ਲੈ ਕੇ
ਕੌਮੀ ਮਾਰਗ -21 ਅਤੇ ਕੌਮੀ ਮਾਰਗ 95 ਰਾਹੀਂ ਲੁਧਿਆਣਾ ਦੇ ਸਮਰਾਲਾ ਚੌਂਕ ਤੱਕ ਸੜਕ ਲਈ
ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਵਿਸਥਾਰਤ ਪ੍ਰੋਜੈਕਟ ਰਿਪੋਰਟ ਮੁਕੰਮਲ ਕੀਤੀ ਜਾ ਚੁੱਕੀ
ਹੈ, ਜਿਸ ਤਹਿਤ ਇਹ ਕੰਮ ਬੀਓਟੀ ਦੇ ਆਧਾਰ 'ਤੇ ਕੀਤਾ ਜਾਣਾ ਹੈ, ਪਰ ਇਸ ਲਈ ਜੰਗਲਾਤ,
ਵਾਤਾਵਰਣ ਤੇ ਜੰਗਲੀ ਜੀਵ ਮੰਤਰਾਲੇ ਕੋਲੋਂ ਮਨਜ਼ੂਰੀ ਮਿਲਣੀ ਬਾਕੀ ਹੈ। ਸ.ਬਾਦਲ ਨੇ ਕਿਹਾ
ਕਿ ਜੇਕਰ ਇਸ ਪ੍ਰਾਜੈਕਟ ਨੂੰ ਬੀਓਟੀ ਆਧਾਰ ਤੋਂ ਹਟਾਕੇ ਈਪੀਸੀ ਆਧਾਰਿਤ ਬਣਾਉਣ ਦੀ
ਮਨਜ਼ੂਰੀ ਦਿੱਤੀ ਜਾਵੇ ਜਿਸ ਨਾਲ ਸਮੇਂ ਦੀ ਬਹੁਤ ਬਚਤ ਹੋ ਸਕਦੀ ਹੈ। ਕੇਂਦਰੀ ਮੰਤਰੀ ਨੇ
ਕਿਹਾ ਕਿ ਇਸ ਪ੍ਰਾਜੈਕਟ ਨੂੰ ਇਕ ਮਹੀਨੇ ਦੌਰਾਨ ਸਾਰੀਆਂ ਮਨਜ਼ੂਰੀਆਂ ਦੇ ਦਿੱਤੀਆਂ
ਜਾਣਗੀਆਂ।
ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਫਗਵਾੜਾ-ਰੂਪਨਗਰ ਕੌਮੀ ਮਾਰਗ
ਨੂੰ 4 ਮਾਰਗੀ ਕਰਨ ਸਬੰਧੀ ਪ੍ਰੋਜੈਕਟ ਨੂੰ ਵੀ ਨੈਸ਼ਨਲ ਹਾਈਵੇਅ ਡਿਵੈਲਪਮੈਂਟ ਪ੍ਰੋਜੈਕਟ
ਤਹਿਤ ਲਿਆਂਦਾ ਜਾਵੇ ਜਿਸ ਨਾਲ ਸੂਬੇ ਦੀ ਰਾਜਧਾਨੀ ਨਾਲ ਸੰਪਰਕ ਹੋਰ ਵਧੀਆ ਹੋ ਸਕੇਗਾ ਤੇ
ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਸ. ਬਾਦਲ ਨੇ ਕਿਹਾ ਕਿ ਇਸ ਸੜਕ 'ਤੇ ਆਵਾਜਾਈ ਬਹੁਤ
ਵਧ ਚੁੱਕੀ ਹੈ ਅਤੇ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਇਸ ਵਿਚ
ਹੋਰ ਵੱਡਾ ਵਾਧਾ ਹੋਣਾ ਲਾਜ਼ਮੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਵਿਭਾਗ ਵਲੋਂ ਇਹ
ਪ੍ਰਾਜੈਕਟ ਵੀ ਬਹੁਤ ਜਲਦ ਮਨਜ਼ੂਰ ਕਰ ਦਿੱਤਾ ਜਾਵੇਗਾ। ਸ. ਬਾਦਲ ਨੇ ਸ੍ਰੀ ਗਡਕਰੀ ਨੂੰ
ਕਿਹਾ ਕਿ ਉਹ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਅੰਮ੍ਰਿਤਸਰ ਬਾਈਪਾਸ ਨੂੰ 6 ਮਾਰਗੀ ਕਰਨ ਬਾਰੇ
ਪ੍ਰਾਜੈਕਟ 'ਤੇ ਤੁਰੰਤ ਕੰਮ ਕਰਨ ਨੂੰ ਕਹਿਣ ਕਿਉਂਕਿ ਇਸ ਸਬੰਧੀ ਵੀ ਵਿਸਥਾਰਤ ਪ੍ਰਾਜੈਕਟ
ਰਿਪੋਰਟ ਅੰਤਿਮ ਹੋ ਚੁੱਕੀ ਹੈ।
ਸ. ਬਾਦਲ ਨੇ ਨਾਲ ਹੀ ਮੰਗ ਕੀਤੀ ਕਿ ਲੁਧਿਆਣਾ ਸ਼ਹਿਰ
ਦੁਆਲੇ ਰਿੰਗ ਰੋਡ ਵੀ ਨੈਸ਼ਨਲ ਹਾਈਵੇਅ ਡਿਵੈਲਪਮੈਂਟ ਪ੍ਰੋਜੈਕਟ ਤਹਿਤ ਉਸਾਰਿਆ ਜਾਵੇ।
ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਲੁਧਿਆਣਾ ਵਿਖੇ ਆਵਾਜਾਈ ਨੂੰ ਸੁਚਾਰੂ ਕਰਨ ਲਈ
ਪੰਜਾਬ ਸਰਕਾਰ ਵਲੋਂ ਦੋਰਾਹਾ ਨੇੜੇ ਤੋਂ ਸਿੱਧਵਾਂ ਨਹਿਰ ਦੇ ਨਾਲ-ਨਾਲ 4 ਮਾਰਗੀ ਦੱਖਣੀ
ਬਾਈਪਾਸ ਉਸਾਰਿਆ ਜਾ ਰਿਹਾ ਹੈ।