ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਵੱਲੋਂ ਖਿਚਧੂਹ
Posted on:- 15-10-2014
ਪ੍ਰਦਰਸ਼ਨ ਕਰਨ ਤੋਂ ਰੋਕਿਆ, 30 ਬੇਰੁਜ਼ਗਾਰ ਅਧਿਆਪਕ ਗ੍ਰਿਫ਼ਤਾਰ
ਜਲਾਲਾਬਾਦ : ਪੰਜਾਬ
ਦੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਵੱਲੋਂ ਆਪਣੀਆਂ 4901 ਪੋਸਟਾਂ ਦੀ ਭਰਤੀ ਨੂੰ
ਪੂਰਾ ਕਰਵਾਉਣ ਲਈ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ
ਸਭਾ ਹਲਕੇ ਜਲਾਲਾਬਾਦ ਸ਼ਹਿਰ ਵਿੱਚ ਪੰਜਾਬ ਪੱਧਰੀ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ
ਪੰਜਾਬ ਪੁਲਿਸ ਨੇ ਅਸਫਲ ਕਰ ਦਿੱਤਾ ਗਿਆ।
ਜਲਾਲਾਬਾਦ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ
ਰੋਸ ਮਾਰਚ ਕਰਦੇ ਹੋÂ ਜਦੋਂ ਅਧਿਆਪਕ ਸ਼ਹੀਦ ਊਧਮ ਸਿੰਘ ਚੌਕ ਦੇ ਨਜ਼ਦੀਕ
ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਰਾਸ਼ਟਰੀ ਮਾਰਗ 'ਤੇ ਚੱਕਾ ਜਾਮ ਕਰਨ ਲਈ ਜਾ ਰਹੇ ਸਨ ਤਾਂ
ਇਨ੍ਹਾਂ ਸੈਂਕੜੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਰੋਕ ਲਿਆ ਅਤੇ ਇਸ ਦੌਰਾਨ 30 ਦੇ
ਕਰੀਬ ਬੇਰੁਜ਼ਗਾਰ ਅਧਿਆਪਕਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਇਸੇ ਦੌਰਾਨ ਵੱਡੀ ਗਿਣਤੀ
ਵਿੱਚ ਬੇਰੁਜ਼ਗਾਰ ਟੈਟ ਪਾਸ ਈਟੀਟੀ ਅਧਿਆਪਕ ਭੀੜ ਵਾਲੇ ਬਜ਼ਾਰ ਵਿੱਚ ਭੱਜ ਗਏ, ਜਿਨ੍ਹਾਂ
ਨੂੰ ਪੁਲਿਸ ਨੇ ਫੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਦੁਪਹਿਰ ਬਾਅਦ ਤੱਕ ਪੁਲਸ ਦੇ ਹੱਥ ਨਹੀਂ
ਲੱਗ ਸਕੇ। ਪੁਲਿਸ ਵੱਲੋਂ ਫੜੇ ਗਏ ਬੇਰੁਜ਼ਗਾਰ ਅਧਿਆਪਕਾਂ ਵਿੱਚ ਮਹਿਲਾ ਤੇ ਪੁਰਸ਼ ਅਧਿਆਪਕ
ਅਤੇ ਕੁਝ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਸਨ। ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਫੜਨ
ਸਮੇਂ ਖਿੱਚਧੂਹ ਕਰਕੇ ਜਬਰੀ ਗੱਡੀਆਂ ਵਿੱਚ ਬਿਠਾਇਆ ਗਿਆ। ਇੱਥੋਂ ਤੱਕ ਕਿ ਮਹਿਲਾ
ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਉਨ੍ਹਾਂ ਨੂੰ ਵੀ ਖਿੱਚ ਕੇ ਗੱਡੀਆਂ ਵਿੱਚ
ਬਿਠਾਇਆ ਗਿਆ ਅਤੇ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ।
ਇਸ ਦੌਰਾਨ ਗ੍ਰਿਫਤਾਰ ਹੋਏ
ਬੇਰੁਜ਼ਗਾਰ ਅਧਿਆਪਕਾਂ ਨੇ ਗੱਜਵੀ ਅਵਾਜ਼ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ
ਕੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਸ਼ਹੀਦ ਊਧਮ ਸਿੰਘ ਚੌਕ ਦੇ ਨਜ਼ਦੀਕ ਭੀੜ ਭਾੜ ਵਾਲੇ ਬਜ਼ਾਰ
ਵਿੱਚ ਬੇਰੁਜ਼ਗਾਰ ਅਧਿਆਪਕਾਂ ਨਾਲ ਪੁਲਿਸ ਦੇ ਹੋਏ ਤਸ਼ੱਦਦ ਦੀ ਆਮ ਲੋਕਾਂ ਨੇ ਵੀ ਇਸ
ਵਰਤਾਰੇ ਦੀ ਨਿਖੇਧੀ ਕੀਤੀ ਗਈ।
ਇੱਥੇ ਦੱਸਣਯੋਗ ਹੈ ਕਿ ਬੇਰੁਜ਼ਗਾਰ ਟੈਟ ਪਾਸ ਈਟੀਟੀ
ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੁਆਰਾ 4901 ਪੋਸਟਾਂ ਦੀ ਭਰਤੀ ਨੂੰ ਰੱਦ ਕਰਨ ਦੇ ਲਏ
ਗਏ ਫੈਸਲੇ ਦੇ ਵਿਰੋਧ ਵਿੱਚ ਅੱਜ ਇਥੇ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਪੰਜਾਬ ਪੱਧਰ 'ਤੇ
ਰੋਸ ਮੁਜਾਹਰਾ ਕੀਤਾ ਜਾਣਾ ਸੀ ਪਰੰਤੂ ਦੂਸਰੇ ਪਾਸੇ ਇਸ ਧਰਨੇ ਨੂੰ ਰੋਕਣ ਲਈ ਪੰਜਾਬ
ਸਰਕਾਰ ਦੇ ਆਦੇਸ਼ਾਂ ਮੁਤਾਬਿਕ ਪੰਜਾਬ ਪੁਲਸ ਵਲੋਂ ਅੱਜ ਸਵੇਰ ਤੋਂ ਹੀ ਜਲਾਲਾਬਾਦ ਸ਼ਹਿਰ
ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।
ਪੁਲਿਸ ਵਲੋਂ ਜਲਾਲਾਬਾਦ ਸ਼ਹਿਰ ਨੂੰ
ਪੁਲਿਸ ਛਾਉਣੀ ਬਣਾਉਣ ਦੇ ਬਾਵਜੂਦ ਵੀ ਪੰਜਾਬ ਭਰ ਦੇ ਬੇਰੁਜਗਾਰ ਈਟੀਟੀ ਟੈਟ ਪਾਸ
ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ
ਦੇ ਹਲਕਾ ਜਲਾਲਾਬਾਦ ਵਿੱਚ ਪੰਜਾਬ ਪੱਧਰ ਦਾ ਧਰਨਾ ਅਤੇ ਫਿਰੇਜ਼ਪੁਰ-ਫਾਜ਼ਿਲਕਾ ਮੁੱਖ ਮਾਰਗ
'ਤੇ ਚੱਕਾ ਜਾਮ ਲਗਾਉਣ ਲਈ ਆਉਣੇ ਸ਼ੁਰੂ ਹੋ ਗਏ ਅਤੇ ਸਥਾਨਕ ਬਾਜਾਰਾਂ ਵਿਚੋਂ ਰੋਸ ਮਾਰਚ
ਕਰਦੇ ਹੋਏ ਸ਼ਹੀਦ ਊਧਮ ਸਿੰਘ ਚੌਕ ਵੱਲ ਕੂਚ ਕਰਦੇ ਜਾ ਰਹੇ ਸਨ ਤਾਂ ਚੌਕ ਦੇ ਨੇੜਿਓ ਪੁਲਿਸ
ਨੇ ਰੋਕ ਲਿਆ ਅਤੇ ਇਸ ਦੌਰਾਨ ਪੁਲਸ ਵੱਲੋਂ ਬੇਰੁਜਗਾਰ ਮੁੰਡੇ-ਕੁੜੀਆਂ ਨੂੰ ਗ੍ਰਿਫਤਾਰ
ਕਰਨ ਲਈ ਖਿੱਚ-ਧੂਹ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੇਰੁਜਗਾਰ ਲੜਕੀਆਂ ਅਤੇ
ਲੜਕਿਆਂ ਨੂੰ ਪੁਲਸ ਨੇ ਧੱਕੇ ਨਾਲ ਗੱਡੀਆ ਵਿੱਚ ਬਿਠਾਇਆ ਗਿਆ। ਜਿਸ ਦੇ ਵਿਰੋਧ ਵਿੱਚ
ਬੇਰੁਜਗਾਰ ਅਧਿਆਪਕਾਂ ਵੱਲੋਂ ਪੁਲਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ
ਨਾਅਰੇਬਾਜੀ ਕੀਤੀ ਗਈ ਪਰੰਤੂ ਪੁਲਸ ਨੇ 30 ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਨੂੰ
ਗ੍ਰਿਫਤਾਰ ਕਰ ਲਿਆ ਲੇਕਿਨ ਸੈਂਕੜੇ ਬੇਰੁਜ਼ਗਾਰ ਅਧਿਆਪਕ ਬਾਜਾਰਾਂ ਵਿੱਚ ਭੱਜ ਗਏ। ਪੁਲਸ
ਨੇ ਬੇਰੁਜਗਾਰ ਅਧਿਆਪਕਾਂ ਦਾ ਸ਼ਹੀਦ ਊਧਮ ਸਿੰਘ ਚੌਂਕ ਦੇ ਨਜਦੀਕ ਫਿਰੋਜ਼ਪੁਰ-ਫਾਜਿਲਕਾ
ਮੁੱਖ ਮਾਰਗ 'ਤੇ ਜਾਮ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਨੂੰ ਅਸਫਲ ਬਣਾ ਦਿੱਤਾ। ਦੂਸਰੇ ਪਾਸੇ
ਅੱਜ ਇਥੇ ਜਿਲਾ ਫਾਜਿਲਕਾ ਦੇ ਐਸ.ਐਸ.ਪੀ. ਸ੍ਰੀ ਸਵਪਨ ਸ਼ਰਮਾ, ਡੀਐਸਪੀ ਅਜਮੇਰ ਸਿੰਘ ਬਾਠ
ਸਮੇਤ ਭਾਰੀ ਗਿਣਤੀ ਪੁਲਸ ਪਾਰਟੀ ਮੌਜੂਦ ਰਹੀ।
ਇਸ ਦੌਰਾਨ ਈ.ਟੀ.ਟੀ ਟੈਟ ਪਾਸ
ਬੇਰੁਜਗਾਰ ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ, ਉਪਪ੍ਰਧਾਨ ਜੋਗਿੰਦਰ
ਸਿੰਘ, ਜਿਲਾ ਪ੍ਰਧਾਨ ਰਵਿੰਦਰ ਕੰਬੋਜ, ਜਲਾਲਾਬਾਦ ਬਲਾਕ ਪ੍ਰਧਾਨ ਪ੍ਰਦੀਪ ਕੁਮਾਰ ਨੇ
ਮੀਡੀਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 4901 ਈ.ਟੀ.ਟੀ. ਟੈਟ
ਪਾਸ ਅਧਿਆਪਕਾਂ ਦੀ ਭਰਤੀ ਕਰਨ ਦਾ ਇਸ਼ਤਿਹਾਰ 22 ਫਰਵਰੀ 2014 ਨੂੰ ਜਾਰੀ ਕੀਤਾ ਗਿਆ ਸੀ
ਅਤੇ 16 ਜੂਨ 2014 ਨੂੰ ਅਰਜੀਆਂ ਅਪਲਾਈ ਕਰਨ ਵਾਲੇ ਯੋਗ ਉਮੀਦਵਾਰਾਂ ਦੀ ਮੈਰਿਟ ਲਿਸਟ ਵੀ
ਤਿਆਰ ਕਰ ਦਿੱਤੀ ਗਈ ਪਰ ਸਰਕਾਰ ਨੇ ਅਚਾਨਕ ਨਵਾਂ ਫੁਰਮਾਨ ਜਾਰੀ ਕਰਦੇ ਹੋਏ ਹੁਣ 4901
ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਵਲੋਂ
ਉਨ੍ਹਾਂ ਨਾਲ ਪੈਨਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਸੀ, ਲੇਕਿਨ ਇਹ ਮੀਟਿੰਗ ਵੀ ਨਹੀਂ
ਹੋ ਸਕੀ ਹੈ, ਇਸੇ ਰੋਸ ਵਜੋਂ ਸਮੂਹ ਈ.ਟੀ.ਟੀ. ਟੈਟ ਪਾਸ ਬੇਰੁਜਗਾਰ ਅਧਿਆਪਕਾਂ ਵਿੱਚ
ਗੁੱਸੇ ਦੀ ਲਹਿਰ ਦੌੜ ਉਠੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਹ
ਫੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਹੋਰ ਤਿੱਖਾ ਸੰਘਰਸ਼ ਕਰਨਗੇ।
ਜਾਣਕਾਰੀ ਅਨੁਸਾਰ
ਸਥਾਨਕ ਥਾਨਾ ਸਦਰ ਵਿੱਚ 16 ਬੇਰੁਜ਼ਗਾਰ ਅਧਿਆਪਕ ਅਤੇ ਥਾਨਾ ਸਿਟੀ ਵਿੱਚ 14 ਦੇ ਕਰੀਬ
ਬੇਰੁਜ਼ਗਾਰ ਅਧਿਆਪਕ ਬੰਦ ਹਨ, ਜਿਨ੍ਹਾਂ ਵਿੱਚ 12 ਮਹਿਲਾ ਅਧਿਆਪਕ ਸ਼ਾਮਿਲ ਹਨ। ਇਹ
ਬੇਰੁਜ਼ਗਾਰ ਅਧਿਆਪਕ ਦੇਰ ਸ਼ਾਮ ਤੱਕ ਥਾਣਿਆ ਵਿੱਚ ਬੰਦ ਸਨ। ਉਧਰ, ਦੂਸਰੇ ਪਾਸੇ ਇਹ ਵੀ ਪਤਾ
ਚੱਲਿਆ ਹੈ ਕਿ ਪੁਲਸ ਵਲੋਂ ਪੰਜਾਬ ਭਰ ਤੋਂ ਆ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ
ਫਿਰੋਜਪੁਰ, ਫਾਜਿਲਕਾ, ਸ੍ਰੀ ਮੁਕਤਸਰ ਰੋਡ 'ਤੇ ਸਥਿਤ ਲੱਧੂਵਾਲਾ ਨਹਿਰਾਂ ਦੇ ਪੁਲਾਂ ਕੋਲ
ਰੋਕ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁਲਿਸ ਨੇ ਐਕਸ਼ਨ ਨੂੰ ਰੋਕਣ ਲਈ ਹਰ
ਕੋਸ਼ਿਸ਼ ਕੀਤੀ ਗਈ।