ਹਰਿਆਣਾ 'ਚ 75 ਤੇ ਮਹਾਰਾਸ਼ਟਰ 'ਚ 64 ਫੀਸਦੀ ਵੋਟਾਂ ਪਈਆਂ
Posted on:- 15-10-2014
ਇੱਕਾ-ਦੁਕਾ ਘਟਨਾਵਾਂ ਨੂੰ ਛੱਡ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ
ਚੰਡੀਗੜ੍ਹ, ਨਵੀਂ ਦਿੱਲੀ : ਹਰਿਆਣਾ
ਅਤੇ ਮਹਾਰਾਸ਼ਟਰ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਕੰਮ ਇੱਕਾ-ਦੁਕਾ ਘਟਨਾਵਾਂ
ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਹਰਿਆਣਾ ਵਿੱਚ 90 ਵਿਧਾਨ ਸਭਾ
ਸੀਟਾਂ ਲਈ ਰਿਕਾਰਡਤੋੜ 75.9 ਫੀਸਦੀ ਤੋਂ ਵਧ ਅਤੇ ਮਹਾਰਾਸ਼ਟਰ ਵਿੱਚ 288 ਸੀਟਾਂ ਲਈ 64
ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਅੱਜ ਦੋਵੇਂ ਸੂਬਿਆਂ 'ਚ
ਪਈਆਂ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ ਤੇ ਨਤੀਜੇ ਵੀ ਉਸੇ ਦਿਨ ਐਲਾਨ ਦਿੱਤੇ
ਜਾਣਗੇ। ਇਨ੍ਹਾਂ ਸੂਬਿਆਂ ਵਿੱਚ ਕੁਝ ਥਾਈਂ ਹਿੰਸਾ ਦੀਆਂ ਘਟਨਾਵਾਂ ਵੀ ਹੋਈਆਂ ਹਨ।
ਮਹਾਰਾਸ਼ਟਰ
ਦੇ ਗੜਚਿਰੌਲੀ 'ਚ ਨਕਸਲੀਆਂ ਨੇ ਪੋਲਿੰਗ ਪਾਰਟੀ 'ਤੇ ਹਮਲਾ ਕੀਤਾ। ਪੋਲਿੰਗ ਪਾਰਟੀ ਨਾਲ
ਜਾ ਰਹੇ ਸੁਰੱਖਿਆ ਕਰਮਚਾਰੀਆਂ ਅਤੇ ਨਕਸਲੀਆਂ ਦਰਮਿਆਨ ਮੁਕਾਬਲੇ ਵਿੱਚ ਸੀਆਰਪੀਐਫ਼ ਦਾ ਇੱਕ
ਜਵਾਨ ਜ਼ਖ਼ਮੀ ਹੋ ਗਿਆ। ਵੋਟਾਂ ਪੈਣ ਦੌਰਾਨ ਮਹਾਰਾਸ਼ਟਰ ਵਿੱਚ ਇੱਕ ਪੋਲਿੰਗ ਬੂਥ 'ਤੇ
ਬਿਜਲੀ ਡਿੱਗਣ ਤੋਂ ਬਾਅਦ ਇਸ ਬੂਥ 'ਤੇ ਤਾਇਨਾਤ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ
ਅਤੇ 8 ਹੋਰ ਜ਼ਖ਼ਮੀ ਹੋ ਗਏ।
ਉਧਰ ਹਰਿਆਣਾ 'ਚ ਵੀ ਵੋਟਾਂ ਪੈਣ ਦੌਰਾਨ ਕੁਝ ਥਾਈਂ ਹਿੰਸਕ
ਘਟਨਾਵਾਂ ਦੀ ਸੂਚਨਾ ਪ੍ਰਾਪਤ ਹੋਈ ਹੈ। ਸਿਰਸਾ ਦੇ ਪਿੰਡ ਮੋਦੀਆਖੇੜਾ ਵਿੱਚ ਭਾਜਪਾ ਅਤੇ
ਇਨੈਲੋ ਦੇ ਸਮਰਥਕਾਂ ਦਰਮਿਆਨ ਹੋਈ ਝੜਪ ਵਿੱਚ ਗੋਲੀ ਚੱਲੀ, ਜਿਸ ਵਿੱਚ ਦੋ ਲੋਕ ਜ਼ਖ਼ਮੀ ਹੋ
ਗਏ ਦੱਸੇ ਜਾਂਦੇ ਹਨ। ਪੁਲਿਸ ਨੇ ਮੌਕੇ 'ਤੇ ਸਥਿਤੀ ਨੂੰ ਕੰਟਰੋਲ ਕੀਤਾ। ਸਿਰਸਾ 'ਚ ਹੀ
ਗੋਪਾਲ ਕਾਂਡਾ ਦੀ ਗੱਡੀ ਦੀ ਭੰਨ ਤੋੜ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ। ਇਹ ਘਟਨਾ ਸਿਰਸਾ
ਦੇ ਗਊਸ਼ਾਲਾ ਰੋਡ 'ਤੇ ਵਾਪਰੀ ਦੱਸੀ ਜਾ ਰਹੀ ਹੈ। ਜੀਂਦ 'ਚ ਵੀ ਦੋ ਪਾਰਟੀਆਂ ਦੇ
ਕਾਰਕੁਨਾਂ ਵਿਚਾਲੇ ਝੜਪ ਦੀ ਖ਼ਬਰ ਹੈ। ਇਸ ਤੋਂ ਇਲਾਵਾ ਹਿਸਾਰ 'ਚ ਵੀ ਝੜਪ ਹੋਈ ਹੈ।
ਵੱਖ-ਵੱਖ ਥਾਈਂ ਝੜਪਾਂ ਦੇ ਚੱਲਦਿਆਂ ਸੂਬੇ ਵਿੱਚ 10 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ।
ਅੱਜ
ਹਰਿਆਣਾ 'ਚ ਪਈਆਂ ਵਿਧਾਨ ਸਭਾ ਦੀਆਂ ਵੋਟਾਂ ਨੇ ਮਤਦਾਨ ਦਾ ਪਿਛਲਾ ਰਿਕਾਰਡ ਤੋੜਦੇ ਹੋਏ
ਨਵਾਂ ਰਿਕਾਰਡ ਬਣਾਇਆ ਹੈ। ਪ੍ਰਾਪਤ ਸੂਚਨਾ ਦੇ ਮੁਤਾਬਕ ਇਸ ਬਾਰ ਲਗਭਗ 75.9 ਫੀਸਦੀ ਤੋਂ
ਜ਼ਿਆਦਾ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਸਭ ਤੋਂ
ਜ਼ਿਆਦਾ ਮਤਦਾਨ ਦਾ ਰਿਕਾਰਡ ਸੰਨ 1967 ਵਿਚ ਬਣਿਆ ਸੀ, ਉਸ ਸਮੇਂ 72.65 ਫੀਸਦੀ ਮਤਦਾਨ
ਹੋਇਆ ਸੀ। ਹਰਿਆਣਾ ਵਿਚ ਇਸ ਵਾਰ ਇਕ ਕਰੋੜ 63 ਲੱਖ ਤੋਂ ਜ਼ਿਆਦਾ ਵੋਟਰ ਸਨ। ਹਰਿਆਣਾ ਦੇ
ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ
ਵਿਚ ਛਿਟਪੁਟ ਘਟਨਾਵਾਂ ਨੂੰ ਛੱਡਕੇ ਵਿਆਪਕ ਤੌਰ 'ਤੇ ਮਤਦਾਨ ਸ਼ਾਂਤੀਪੂਰਣ ਢੰਗ ਨਾਲ ਨੇਪਰੇ
ਚੜਿਆ।
ਉਨ੍ਹਾਂ ਦੱਸਿਆ ਕਿ ਮੇਵਾਤ ਵਿਚ ਹੋਈ ਇਕ ਬੱਚੇ ਦੀ ਮੌਤ ਦੇ ਮਾਮਲੇ ਦੀ ਜਾਂਚ
ਚਲ ਰਹੀ ਹੈ। ਸ਼ੁਰੂਆਤੀ ਤੌਰ 'ਤੇ ਇਹ ਪਾਇਆ ਗਿਆ ਹੈ ਕਿ ਬੱਚੇ ਦੀ ਮੌਤ ਚੋਣ ਨਾਲ ਨਹੀਂ
ਜੁੜੀ ਹੋਈ। ਉਨ੍ਹਾਂ ਦੱਸਿਆ ਕਿ ਕੁਝ ਥਾਨਾਂ 'ਤੇ ਲੋਕਾਂ ਵੱਲੋਂ ਜਬਰਦਸਤੀ ਪੋਲਿੰਗ ਬੂਥ
ਵਿਚ ਵੜ੍ਹਨ ਦੇ ਦੋਸ਼ ਸਾਹਮਣੇ ਆਏ ਸਨ, ਪ੍ਰੰਤੂ ਮਤਦਾਨ ਦੇ ਦੌਰਾਨ ਕਿਸੇ ਤਰ੍ਹਾਂ ਦੇ ਵਿਘਨ
ਦੀ ਸੂਚਨਾ ਨਹੀਂ ਹੈ। ਸ਼੍ਰੀ ਵਾਲਗਦ ਨੇ ਕਿਹਾ ਕਿ ਸਿਰਸਾ ਜ਼ਿਲ੍ਹੇ ਦੇ ਇਕ ਪਿੰਡ ਵਿਚ
ਫਾਇਰਿੰਗ ਦੀ ਘਟਨਾ ਹੋਈ ਹੈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਹਾਲਾਂਕਿ ਇਥੇ ਵੀ
ਬਿਨਾਂ ਕਿਸੇ ਰੁਕਾਵਟ ਦੇ ਵੋਟਾਂ ਪੈਣ ਦਾ ਕੰਮ ਸਮਾਪਤ ਹੋਇਆ।
ਇਸੇ ਤਰ੍ਹਾਂ, ਹਿਸਾਰ
ਦੇ ਬਰਵਾਲਾ ਹਲਕੇ ਵਿਚ ਵੀ ਪੱਥਰਬਾਜੀ ਅਤੇ ਮੋਟਰਸਾਈਕਲ ਸਾੜਣ ਦੀਆਂ ਘਟਨਾਵਾਂ ਸਾਹਮਣੇ
ਆਈਆਂ ਸਨ, ਜਿਸਦੇ ਬਾਅਦ ਹਿਸਾਰ ਰੇਂਜ ਦੇ ਆਈਜੀ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਘਟਨਾ
ਸਥਾਨਾਂ ਦਾ ਦੌਰਾ ਕੀਤਾ। ਇਥੇ ਵੀ ਮਤਦਾਨ ਵਿਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਿਆ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਮਾਕ ਪੋਲ ਅਤੇ ਮਤਦਾਨ ਦੇ ਸਮੇਂ ਕੁਝ ਈਵੀਐਮ ਮਸ਼ੀਨਾਂ
ਵਿਚ ਖਰਾਬੀ ਆਈ ਸੀ, ਜਿਸ ਦੇ ਤੁਰੰਤ ਬਾਅਦ ਇਨ੍ਹਾਂ ਨੂੰ ਬਦਲ ਦਿੱਤਾ ਗਿਆ। ਸ਼੍ਰੀ ਵਾਲਗਦ
ਨੇ ਦੱਸਿਆ ਕਿ ਹਰਿਆਣਾ ਵਿਚ ਸਾਲ 2009 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ 72.29
ਫੀਸਦੀ, 2005 ਵਿਚ 7 1.96 ਫੀਸਦੀ, 2000 ਵਿਚ 69.01 ਫੀਸਦੀ, 1996 ਵਿਚ 70.54
ਫੀਸਦੀ, 1991 ਵਿਚ 65.86 ਫੀਸਦੀ, 1987 ਵਿਚ 71.24 ਫੀਸਦੀ, 1982 ਵਿਚ 69.87 ਫੀਸਦੀ,
1977 ਵਿਚ 64.46 ਫੀਸਦੀ, 1972 ਵਿਚ 70.46 ਫੀਸਦੀ, 1968 ਵਿਚ 57.26 ਫੀਸਦੀ, 1967
ਵਿਚ 72.65 ਫੀਸਦੀ ਮਤਦਾਨ ਰਿਕਾਰਡ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਹਰਿਆਣਾ ਦੇ
ਸਾਰੇ 16357 ਮਤਦਾਨ ਕੇਂਦਰਾਂ 'ਤੇ ਅੱਜ ਸਵੇਰੇ 7 ਵਜੇ ਤੋਂ ਮਤਦਾਨ ਸ਼ੁਰੂ ਹੋ ਗਿਆ ਸੀ,
ਜੋ ਹੌਲੀ-ਹੌਲੀ ਤੇਜ ਹੁੰਦੇ ਗਿਆ। ਉਨ੍ਹਾਂ ਕਿਹਾ ਕਿ ਵੋਟਰ ਕਾਫੀ ਉਤਸ਼ਾਹਤ ਸਨ। ਇਸ ਵਾਰ
ਦੀਆਂ ਆਮ ਚੋਣਾਂ ਵਿਚ 8737116 ਪੁਰਸ਼ ਵੋਟਰ ਅਤੇ 7479439 ਮਹਿਲਾ ਵੋਟਰ ਸਨ। ਇਸ ਵਿਚੋਂ
88662 ਸਰਵਿਸ ਵੋਟਰ ਸਨ, ਜਿਨ੍ਹਾਂ ਵਿਚੋਂ 12 ਐਨਆਰਆਈ ਵੋਟਰ ਸ਼ਾਮਲ ਹਨ। ਕੁਲ ਉਮੀਦਵਾਰਾਂ
ਵਿਚੋਂ 116 ਮਹਿਲਾ ਉਮੀਦਵਾਰ ਮੈਦਾਨ ਵਿਚ ਹਨ।
ਸ਼੍ਰੀ ਵਾਲਗਦ ਨੇ ਦੱਸਿਆ ਕਿ ਕਾਂਗਰਸ
ਅਤੇ ਭਾਜਪਾ ਸਾਰੇ 90 ਹਲਕਿਆਂ 'ਤੇ, ਇਨੈਲੋ 88, ਬਸਪਾ 87, ਹਜਕਾ, ਸੀਪੀਐਮ 17, ਸੀਪੀਆਈ
14, ਹੋਰ ਰਜਿਸਟਰਡ ਪਾਰਟੀਆਂ ਦੇ 297 ਅਤੇ 603 ਅਜਾਦ ਉਮੀਦਵਾਰ ਮੈਦਾਨ ਵਿਚ ਸਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਈਵੀਐਮ ਨੂੰ ਆਬਜਰਵਰ, ਉਮੀਦਵਾਰ ਤੇ ਉਨ੍ਹਾਂ ਦੇ ਏਜੰਟਾਂ ਦੀ
ਹਾਜ਼ਰੀ ਵਿਚ ਸਟੋਰ ਰੂਮ ਵਿਚ ਰੱਖਿਆ ਜਾਵੇਗਾ, ਜਿੱਥੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ
ਇਨ੍ਹਾਂ ਦੀ ਸੁਰੱਖਿਆ ਕਰਨਗੇ।
ਮਹਾਰਾਸ਼ਟਰ ਵਿੱਚ 288 ਮੈਂਬਰੀ ਵਿਧਾਨ ਸਭਾ ਲਈ
ਪੰਜਕੋਣੀ ਮੁਕਾਬਲਾ ਹੈ। ਅੱਜ ਪਈਆਂ ਵੋਟਾਂ ਨਾਲ 4119 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
ਈਵੀਐਮ 'ਚ ਬੰਦ ਹੋ ਗਿਆ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਸਭ
ਤੋਂ ਵਧ 287 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ, ਜਦਕਿ ਭਾਜਪਾ ਨੇ 257, ਸ਼ਿਵ ਸੈਨਾ
ਨੇ 282, ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 278 ਅਤੇ ਮਨਸ਼ੇ ਨੇ 219 ਉਮੀਦਵਾਰਾਂ ਨੂੰ ਚੋਣ
ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚੋਣਾਂ ਵਿੱਚ ਸੂਬੇ ਵਿੱਚ ਲੰਬੇ ਸਮੇਂ ਤੋਂ ਜਾਰੀ
ਗੱਠਜੋੜ ਵੀ ਟੁੱਟ ਗਏ। ਕਾਂਗਰਸ-ਰਾਸ਼ਟਰਵਾਦੀ ਕਾਂਗਰਸ ਪਾਰਟੀ ਗੱਠਜੋੜ ਅਤੇ ਭਾਜਪਾ-ਸ਼ਿਵ
ਸੈਨਾ ਗੱਠਜੋੜ ਟੁੱਟਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਇਹ ਚਾਰੇ ਪਾਰਟੀਆਂ ਆਪੋ ਆਪਣੇ ਤੌਰ
'ਤੇ ਚੋਣ ਲੜ ਰਹੀਆਂ ਹਨ। ਜਦਕਿ ਰਾਜ ਠਾਕਰੇ ਦੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਚੋਣ
ਮੁਕਾਬਲੇ ਨੂੰ ਪੰਜਕੋਣੀ ਬਣਾ ਰਹੀ ਹੈ। ਕਾਂਗਰਸ-ਰਾਸ਼ਟਰਵਾਦੀ ਕਾਂਗਰਸ ਪਾਰਟੀ ਗੱਠਜੋੜ ਨੇ
ਮਹਾਰਾਸ਼ਟਰ ਵਿੱਚ 15 ਸਾਲਾਂ ਤੱਕ ਰਾਜ ਕੀਤਾ।