ਜਨਤਾ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਨਾਲ ਹਰਿਆਣਾ ਤੇ ਮਹਾਰਾਸ਼ਟਰ 'ਚ ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ
Posted on:- 13-10-2014
ਆਖ਼ਰੀ ਦਿਨ ਸਿਆਸੀ ਪਾਰਟੀਆਂ ਵੱਲੋਂ ਇਕ ਦੂਜੇ 'ਤੇ ਤੋਹਮਤਬਾਜ਼ੀ
ਚੰਡੀਗੜ੍ਹ, ਨਵੀਂ ਦਿੱਲੀ, : ਹਰਿਆਣਾ
ਅਤੇ ਮਹਾਰਾਸ਼ਟਰ ਵਿਚ 15 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ
ਨੂੰ ਚੋਣ ਪ੍ਰਚਾਰ ਬੰਦ ਹੋ ਗਿਆ। ਹੁਣ ਤੱਕ ਵੱਖ–ਵੱਖ ਸਿਆਸੀ ਪਾਰਟੀਆਂ ਦੇ ਆਗੂ ਰੈਲੀਆਂ
ਰਾਹੀਂ ਵੋਟਰਾਂ ਨੂੰ ਆਪਣੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਲਈ ਭਰਮਾਉਂਦੇ ਆ ਰਹੇ ਸਨ
ਤੇ ਅੱਜ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਪਾਰਟੀ ਕਾਰਕੁੰਨਾਂ ਨੂੰ
ਘਰੋ–ਘਰੀ ਜਾ ਕੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਨ ਦੀ ਜ਼ਿੰਮੇਵਾਰੀ
ਸੌਂਪੀ ਗਈ ਹੈ।
ਤਕਰੀਬਨ ਪੰਜ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਵਿਚ ਮਿਲੀ ਸ਼ਾਨਦਾਰ
ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਧੂੰਆ–ਧਾਰ ਪ੍ਰਚਾਰ
ਕਰਦੇ ਹੋਏ ਹਰਿਆਣਾ ਤੇ ਮਹਾਰਸ਼ਟਰ ਵਿਚ 30 ਤੋਂ ਜ਼ਿਆਦਾ ਰੈਲੀਆਂ ਕੀਤੀਆਂ। ਇਸ ਦੌਰਾਨ
ਸ੍ਰੀ ਮੋਦੀ ਨੇ ਪਰਿਵਾਰਵਾਦ ਦੀ ਰਾਜਨੀਤੀ ਤੇ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾਇਆ।
ਹਰਿਆਣਾ
ਵਿਚ ਵਿਧਾਨ ਸਭਾ ਦੀਆਂ 90 ਤੇ ਮਹਾਰਾਸ਼ਟਰ ਵਿਚ 288 ਸੀਟਾਂ ਉਤੇ ਬੁੱਧਵਾਰ 15 ਅਕਤੂਬਰ
ਨੂੰ ਵੋਟਾਂ ਪੈਣਗੀਆਂ। ਹਰਿਆਣਾ ਵਿਚ ਕਾਂਗਰਸ, ਇਨੈਲੋ–ਅਕਾਲੀ ਦਲ ਗਠਜੋੜ ਤੇ ਭਾਜਪਾ
ਵਿਚਾਲੇ ਮੁੱਖ ਮੁਕਾਬਲਾ ਹੈ। ਇਸ ਤੋਂ ਇਲਾਵਾ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਪਾਰਟੀ
ਹਜਕਾਂ ਬਣਾ ਕੇ ਚੋਣ ਲੜ ਰਹੇ ਕੁਲਦੀਪ ਬਿਸਨੋਈ ਵੀ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ
ਪੂਰਾ ਜ਼ੋਰ ਲਾ ਰਹੇ ਹਨ। ਉਨ੍ਹਾਂ ਦਾ ਸਾਥ ਕਾਂਗਰਸ ਤੋਂ ਹੀ ਵੱਖ ਹੋਏ ਵਿਨੋਦ ਸ਼ਰਮਾ ਆਪਣੀ
ਨਵੀਂ ਬਣਾਈ ਪਾਰਟੀ ਹਰਿਆਣਾ ਜਨ ਚੇਤਨਾ ਪਾਰਟੀ ਦੇ ਰਾਹੀਂ ਦੇ ਰਹੇ ਹਨ। ਸੂਬੇ ਵਿਚ ਜੋ
ਹੋਰ ਪਾਰਟੀਆਂ ਚੋਣਾਂ ਲੜ ਰਹੀਆਂ ਹਨ ਉਨ੍ਹਾਂ ਵਿਚ ਆਜ਼ਾਦ ਵਿਧਾਇਕ ਗੋਪਾਲ ਕਾਂਡਾ ਦੀ
ਹਰਿਆਣਾ ਲੋਕ ਹਿੱਤ ਪਾਰਟੀ, ਬਸਪਾ, ਖੱਬੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਸ਼ਾਮਲ ਹਨ।
ਹਰਿਆਣਾ ਵਿਚ ਭਾਵੇਂ ਮੁੱਖ ਮੁਕਾਬਲਾ ਕਾਂਗਰਸ, ਭਾਜਪਾ ਤੇ ਇਨੈਲੋ–ਅਕਾਲੀ ਦਲ ਗਠਜੋੜ ਵਿਚ
ਹੈ ਪਰ ਕਈ ਸੀਟਾਂ 'ਤੇ ਹੋਰ ਉਮੀਦਵਾਰ ਵੀ ਸਖ਼ਤ ਟੱਕਰ ਦੇ ਰਹੇ ਹਨ।
ਇਸ ਦੌਰਾਨ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਦੱਸਿਆ ਕਿ ਹਰਿਆਣਾ ਵਿਚ ਹੋਣ
ਵਾਲੀਆਂ ਵਿਧਾਨ ਸਭਾ ਚੋਣ ਲਈ ਅੱਜ ਸ਼ਾਮ 6:00 ਵਜੇ ਚੋਣ ਪ੍ਰਚਾਰ ਰੁੱਕ ਗਿਆ ਹੈ। ਉਨ੍ਹਾਂ
ਕਿਹਾ ਕਿ ਚੋਣ ਪ੍ਰਚਾਰ ਦੇ ਰੁੱਕਣ ਤੋਂ ਬਾਅਦ ਇਲੈਕਟ੍ਰੋਨਿਕਸ ਮੀਡੀਆ 'ਤੇ ਕੋਈ ਵੀ ਪਾਰਟੀ
ਜਾਂ ਉਮੀਦਵਾਰ ਪ੍ਰਚਾਰ ਜਾਂ ਇਸ਼ਤਿਹਾਰ ਨਹੀਂ ਦੇ ਸਕਦਾ। ਇਸ ਦੇ ਨਾਲ ਹੀ ਚੋਣ ਨਾਲ
ਜੁੜੀਆਂ ਸਭ ਤਰ੍ਹਾਂ ਦੀਆਂ ਰੈਲੀਆਂ ਤੇ ਜਨ ਸਭਾਵਾਂ 'ਤੇ ਵੀ ਰੋਕ ਲੱਗ ਗਈ ਹੈ।
ਉਨ੍ਹਾਂ
ਦੱਸਿਆ ਕਿ ਹਰਿਆਣਾ ਦੀ ਹੱਦ ਨਾਲ ਲਗਦੇ ਇਲਾਕਿਆਂ ਵਿਚ ਹਰੇਕ ਆਉਣ-ਜਾਣ ਵਾਲੇ ਵਿਅਕਤੀਆਂ
ਤੇ ਵਾਹਨਾਂ 'ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਹਰਿਆਣਾ ਦੀਆਂ ਹੱਦਾਂ ਤੋਂ 3
ਕਿਲੋਮੀਟਰ ਦੇ ਘੇਰੇ ਵਿਚ ਆਉਣ ਵਾਲੇ ਦੂਜੇ ਰਾਜਾਂ ਦੇ ਸ਼ਰਾਬ ਦੇ ਠੇਕੇ ਵੀ ਵੋਟਾਂ ਪੈਣ ਦਾ
ਅਮਲ ਖਤਮ ਹੋਣ ਤੱਕ ਬੰਦ ਰਹਿਣਗੇ। ਫਲਾਇੰਗ ਸਕੂਆਰਡ ਦੀਆਂ ਟੀਮਾਂ ਰਾਜ ਵਿਚ ਮੁਸਤੈਦੀ
ਨਾਲ ਗਸ਼ਤ ਕਰ ਰਹੀਆਂ ਹਨ ਤਾਂ ਜੋ ਵੋਟ ਪ੍ਰਕ੍ਰਿਆ ਸ਼ਾਂਤੀ ਨਾਲ ਖਤਮ ਹੋ ਸਕੇ। ਉਨ੍ਹਾਂ ਨੇ
ਦੱਸਿਆ ਕਿ 14 ਅਕਤੂਬਰ ਨੂੰ ਸਾਰੀਆਂ ਪੋਲਿੰਗ ਪਾਰਟੀਆਂ ਚੋਣ ਸਮੱਰਗੀ ਲੈ ਕੇ ਆਪੋ-ਆਪਣੇ
ਚੋਣ ਬੂਥਾਂ ਵੱਲ ਰਵਾਨਾ ਹੋ ਜਾਣਗੀਆਂ। 15 ਅਕਤੂਬਰ ਨੂੰ ਸਵੇਰੇ 6:00 ਵਜੇ ਤੋਂ 7:00
ਵਜੇ ਦੇ ਵਿਚਕਾਰ ਉਮੀਦਵਾਰਾਂ ਦੇ ਏਜੰਟਾਂ ਦੇ ਸਾਹਮਣੇ ਮਾਕ ਪੋਲ ਹੋਵੇਗੀ, ਇਸ ਤੋਂ ਬਾਅਦ
ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਵੋਟਾਂ ਪੈਣ ਦਾ ਸਮਾਂ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਤੱਕ ਵੋਟ ਕੇਂਦਰ ਵਿਚ ਦਾਖਲ ਹੋਏ ਵੋਟਰ ਨੂੰ ਆਪਣਾ ਵੋਟ
ਪਾਉਣ ਦਾ ਅਧਿਕਾਰ ਹੋਵੇਗਾ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਵਿਚ ਕੁੱਲ
2700 ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕੀਤੀ ਗਈ ਹੈ। ਰਾਜ ਦੇ ਸਾਰੇ ਪੋਲਿੰਗ ਬੂਥਾਂ 'ਤੇ
ਵੋਟ ਪ੍ਰਕ੍ਰਿਆ ਦੀ ਨਿਗਰਾਨੀ ਲਈ ਵੀਡਿਓ ਕੈਮਰੇ, ਸੀ.ਸੀ.ਟੀ.ਵੀ. ਕੈਮਰੇ, ਵੈਬ ਕਾਸਟਿੰਗ
ਤੇ ਮਾਇਕਰੋ ਆਬਜਰਵਰ ਲਗਾਏ ਜਾਣਗੇ। ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ
ਹਰਿਆਣਾ ਦੇ ਲਗਭਗ ਹਰੇਕ ਹਲਕੇ 'ਤੇ ਇਕ ਅਬਜਰਵਰ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ
ਇਲਾਵਾ, ਸ਼ਾਂਤੀ ਨਾਲ ਵੋਟ ਅਮਲ ਨੇਪਰੇ ਚੜਾਉਣ ਲਈ ਹਰਿਆਣਾ ਵਿਚ ਸੂਬਾ ਪੁਲਿਸ ਦੇ
ਨਾਲ-ਨਾਲ ਨੀਮ ਫੌਜੀ ਬਲਾਂ ਤੇ ਹੋਮ ਗਾਰਡ ਦੀ ਤੈਨਾਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ
ਕਿ ਰਾਜ ਵਿਚ ਕੁੱਲ 24,000 ਬੈਲਟ ਯੂਨਿਟ ਤੇ 18,320 ਕੰਟ੍ਰੋਲ ਯੂਨਿਟ ਵਰਤੋਂ ਵਿਚ
ਲਿਆਂਦੇ ਜਾਣਗੇ। ਕੁੱਲ 90 ਵਿਧਾਨ ਸਭਾ ਹਲਕਿਆਂ ਵਿਚੋਂ 30 ਹਲਕੇ ਅਜਿਹੇ ਹਨ, ਜਿੱਥੇ 15
ਤੋਂ ਵੱਧ ਉਮੀਦਵਾਰ ਹਨ, ਅਜਿਹੇ ਹਲਕਿਆਂ ਵਿਚ 2-2 ਈਵੀਐਮ ਮਸ਼ੀਨਾਂ ਲਗਾਈਆਂ ਜਾਣਗੀਆਂ।
ਬਾਕੀ 60 ਹਲਕਿਆਂ ਵਿਚ ਵੋਟਾਂ ਪਾਉਣ ਲਈ 1-1 ਈਵੀਐਮ ਦੀ ਵਰਤੋਂ ਹੋਵੇਗੀ। ਚੋਣ ਦੌਰਾਨ
ਕੋਈ ਵੀ ਪਾਰਟੀ ਜਾਂ ਉਮੀਦਵਾਰ ਪੋਲਿੰਗ ਬੂਥ ਦੇ ਨੇੜੇ ਟੈਂਟ ਲਗਾ ਕੇ ਵੋਟਰਾਂ ਨੂੰ ਕਿਸੇ
ਉਮੀਦਵਾਰ ਜਾਂ ਪਾਰਟੀ ਦੇ ਪੱਖ ਵਿਚ ਵੋਟ ਕਰਨ ਦੀ ਅਪੀਲ ਨਹੀਂ ਕਰ ਸਕੇਗਾ।