ਹੁਦਹੁਦ ਨੇ ਲਈਆਂ ਆਂਧਰਾ ਤੇ ਉਡੀਸਾ 'ਚ 21 ਜਾਨਾਂ
Posted on:- 13-10-2014
ਵਿਸ਼ਾਖਾਪਟਨਮ 'ਚ ਹਰ ਪਾਸੇ ਤਬਾਹੀ ਦੇ ਨਿਸ਼ਾਨ
ਨਵੀਂ ਦਿੱਲੀ : ਬੰਗਾਲ
ਦੀ ਖਾੜੀ ਤੋਂ ਉਠੇ ਸਮੁੰਦਰੀ ਚੱਕਰਵਰਤੀ ਤੁਫ਼ਾਨ 'ਹੁਦਹੁਦ' ਨੇ ਆਂਧਰਾ ਪ੍ਰਦੇਸ਼ ਅਤੇ
ਉਡੀਸਾ ਵਿਚ ਬੁਰੀ ਤਰ੍ਹਾਂ ਤਬਾਹੀ ਮਚਾ ਦਿੱਤੀ। ਦੋਵਾਂ ਸੂਬਿਆਂ ਵਿਚ ਕੁੱਲ 17 ਲੋਕ ਮਾਰੇ
ਗਏ ਹਨ। ਇਨ੍ਹਾਂ ਵਿਚ ਆਂਧਰਾ ਪ੍ਰਦੇਸ਼ ਵਿਚ 17 ਅਤੇ ਉਡੀਸਾ ਵਿਚ ਹੋਈਆਂ 4 ਮੌਤਾਂ ਸ਼ਾਮਲ
ਹਨ। ਦੋਵੇਂ ਸੂਬਿਆਂ ਵਿਚ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਹੈ। ਆਂਧਰਾ ਵਿਚ ਸਭ ਤੋਂ ਵੱਧ
ਨੁਕਸਾਨ ਵਿਸ਼ਾਖਾਪਟਨਮ ਵਿਚ ਹੋਇਆ। ਹੁਦਹੁਦ ਨੇ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਕੀਤਾ
ਹੈ। 190 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਦੀਆਂ ਵਜ੍ਹਾ
ਨਾਲ ਸ਼ਹਿਰ ਵਿਚ ਸੈਂਕੜੇ ਦਰਖਤ ਜੜ੍ਹੋਂ ਪੁੱਟੇ ਗਏ, ਕੱਚੇ ਮਕਾਨਾਂ ਦੀਆਂ ਛੱਤਾਂ ਉਡ ਗਈਆਂ
ਅਤੇ ਭਾਰੀ ਬਾਰਿਸ਼ ਨਾਲ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ।
ਵਿਸ਼ਾਖਾਪਟਨਮ ਹਵਾਈ ਅੱਡੇ
ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁਕਸਾਨ ਦਾ ਜਾਇਜ਼ਾ ਲੈਣ
ਲਈ ਮੰਗਲਬਾਰ ਨੂੰ ਵਿਸ਼ਾਖਾਪਟਨਮ ਦਾ ਦੌਰਾ ਕਰਨਗੇ। ਹੁਦਹੁਦ ਦੀ ਰਫ਼ਤਾਰ ਮੱਠੀ ਪੈਣ ਤੋਂ
ਬਾਅਦ ਹੁਣ ਅਗਲੇ ਦੋ–ਤਿੰਨ ਦਿਨਾਂ ਤੱਕ ਆਂਧਰਾ ਅਤੇ ਉਡੀਸਾ ਤੋਂ ਇਲਾਵਾ ਦੂਜੇ ਕਈ ਸੂਬਿਆਂ
ਵਿਚ ਭਾਰੀ ਬਾਰਿਸ਼ ਹੋਣ ਦਾ ਖਤਰਾ ਹੈ। ਵਿਸ਼ਾਖਾਪਟਨਮ ਵਿਚ ਹੁਦਹੁਦ ਨੇ ਦੋ ਲੋਕਾਂ ਦੀ ਜਾਨ
ਲਈ ਤੇਜ਼ ਹਵਾਵਾਂ ਕਾਰਨ ਦਰੱਖ਼ਤ ਡਿੱਗਣ ਨਾਲ ਇਨ੍ਹਾਂ ਲੋਕਾਂ ਦੀ ਮੌਤ ਹੋਈ। ਸੜਕਾਂ 'ਤੇ
ਸੈਂਕੜੇ ਦਰਖ਼ਤ ਅਤੇ ਟਾਹਿਣੀਆਂ ਟੁੱਟ ਕੇ ਡਿੱਗ ਪਈਆਂ। ਮਕਾਨਾਂ ਅਤੇ ਦੁਕਾਨਾਂ ਦੀਆਂ
ਛੱਤਾਂ ਉਡ ਗਈਆਂ। ਇਸ ਤੋਂ ਇਲਾਵਾ ਬਿਜਲੀ ਦੇ ਖੰਭੇ ਅਤੇ ਮੋਬਾਇਲ ਟਾਵਰ ਵੀ ਉਖਣ ਗਏ।
ਦੂਰਸੰਚਾਰ ਨੈਟਵਰਕ ਬੰਦ ਹੋਣ ਨਾਲ ਸ਼ਹਿਰ ਵਿਚ ਸਥਿਤ ਕੰਟਰੋਲ ਰੂਮ ਦਾ ਕੰਮ ਠੱਪ ਹੋ ਗਿਆ।
ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੂਲਮ ਜ਼ਿਲ੍ਹੇ ਵਿਚ ਮਕਾਨ ਦੀ ਚਾਰਦੀਵਾਰੀ ਡਿੱਗਣ ਨਾਲ ਇਕ
ਵਿਅਕਤੀ ਦੀ ਮੌਤ ਹੋ ਗਈ। ਸੂਬੇ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਕਿਹਾ ਕਿ ਤੂਫ਼ਾਨ
ਨਾਲ ਕਾਫੀ ਤਬਾਹੀ ਹੋਈ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਇਸ ਨੂੰ ਕੌਮੀ ਆਫ਼ਤ ਐਲਾਨਣ
ਦੇ ਨਾਲ–ਨਾਲ 2 ਹਜ਼ਾਰ ਕਰੋੜ ਰੁਪਏ ਰਾਹਤ ਪੈਕਜ਼ ਦੀ ਵੀ ਮੰਗ ਕੀਤੀ ਹੈ। ਤੂਫ਼ਾਨ ਕਾਰਨ
ਸੋਮਵਾਰ ਸਵੇਰੇ ਬਿਜਲੀ ਅਤੇ ਟੈਲੀਫ਼ੋਨ ਸੇਵਾਵਾਂ ਠੱਪ ਰਹੀਆਂ।
ਆਂਧਰਾ ਪ੍ਰਦੇਸ਼ ਵਿਚ
ਤੁਫ਼ਾਨ ਹੁਦਹੁਦ ਆਪਣੇ ਪਿਛੇ ਤਬਾਹੀ ਦਾ ਮੰਜ਼ਰ ਛੱਡ ਗਿਆ। ਜ਼ਰੂਰੀ ਵਸਤੂਆਂ ਦੀ ਕਮੀ ਦਾ
ਸਾਹਮਣਾ ਕਰ ਰਹੇ ਪ੍ਰਭਾਵਤ ਤਿੰਨ ਜ਼ਿਲ੍ਹਿਆਂ ਵਿਚ ਮਕਾਨ ਤਬਾਹ ਹੋ ਜਾਣ ਕਾਰਨ ਲੋਕ ਬੇਘਰ
ਹੋ ਗਏ ਹਨ। ਵਿਸ਼ਾਖਾਪਟਨਮ, ਸ੍ਰੀਕਾਕੂਲਮ ਅਤੇ ਵਿਜੈਯਾਨਗਰਮ ਜ਼ਿਲ੍ਹਿਆਂ ਅਤੇ ਉਡੀਸਾ ਦੇ
ਕੁਝ ਹਿੱਸਿਆਂ ਵਿਚ ਭਾਰੀ ਬਾਰਸ਼ ਦਾ ਹਾਈ ਐਲਰਟ ਜਾਰੀ ਕੀਤਾ ਗਿਆ ਹੈ। ਛਤੀਸ਼ਗੜ੍ਹ ਵੱਲ
ਵੱਧਣ ਤੋਂ ਪਹਿਲਾਂ ਇਸ ਤੁਫ਼ਾਨ ਨਾਲ 8 ਲੋਕਾਂ ਦੀ ਮੌਤ ਗਈ। ਆਂਧਰਾ ਪ੍ਰਦੇਸ਼ ਵਿਚ ਹੁਦਹੁਦ
ਨਾਲ 44 ਤਹਿਸੀਲਾਂ ਦੇ 320 ਪਿੰਡਾਂ ਵਿਚ 2.48 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ। ਖ਼ਤਰੇ
ਵਾਲੇ ਇਲਾਕਿਆਂ ਤੋਂ 1,35,262 ਲੋਕਾਂ ਨੂੰ ਸੁਰੱਖਿਅਤ ਕੱਢ ਕੇ ਰਾਹਤ ਕੈਂਪਾਂ ਵਿਚ
ਪਹੁੰਚਾਇਆ ਗਿਆ।