ਇਮਰਾਨ ਖ਼ਾਨ ਦੀ ਰੈਲੀ ਵਿਚ ਭਗਦੜ ਮੱਚੀ, 8 ਮਰੇ
Posted on:- 11-10-2014
ਲਾਹੌਰ : ਮੱਧ
ਪਾਕਿਸਤਾਨ ਵਿਚ ਅੱਜ ਵਿਰੋਧੀ ਧਿਰ ਦੇ ਨੇਤਾ ਇਮਰਾਨ ਖ਼ਾਨ ਦੀ ਰੈਲੀ ਵਿਚ ਭਗਦੜ ਮੱਚਣ ਕਾਰਨ
ਇਕ ਬੱਚੇ ਸਮੇਤ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦਕਿ 40 ਹੋਰ ਜ਼ਖ਼ਮੀ ਹੋ ਗਏ।
ਪਾਕਿਸਤਾਨ ਵਿਚ ਪਿਛਲੇ ਸਾਲ ਹੋਈਆਂ ਚੋਣਾਂ ਵਿਚ ਕਥਿਤ ਧਾਂਦਲੀਆਂ ਨੂੰ ਲੈ ਕੇ ਪਾਕਿਸਤਾਨ
ਤਹਿਰੀਕ-ਏ-ਇਨਸਾਫ਼ ਦੇ ਪ੍ਰਧਾਨ ਮਰਾਨ ਖ਼ਾਨ ਦੁਆਰਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ
ਅਸਤੀਫ਼ੇ ਦਾ ਦਬਾਅ ਬਣਾਉਣ ਨੂੰ ਲੈ ਕੇ ਭੀੜ ਨੂੰ ਸੰਬੋਧਨ ਕਰਨ ਤੋਂ ਬਾਅਦ ਇਹ ਘਟਨਾ
ਵਾਪਰੀ।
ਇਹ ਘਟਨਾ ਲਾਹੌਰ ਤੋਂ 350 ਕਿਲੋਮੀਟਰ ਦੂਰ ਮੁਲਤਾਨ ਸ਼ਹਿਰ ਵਿਚ ਹੋਈ। ਜਦੋਂ
ਇਮਰਾਨ ਨੇ ਆਪਣਾ ਭਾਸ਼ਣ ਸਮਾਪਤ ਕੀਤਾ ਤਾਂ ਪੰਜ ਦਰਵਾਜ਼ਿਆਂ 'ਤੇ ਸੈਂਕੜੇ-ਹਜ਼ਾਰਾਂ ਦੀ
ਸੰਖਿਆ ਵਿਚ ਲੋਕ ਜਮ੍ਹਾਂ ਹੋ ਗਏ। ਇਕ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਕ ਦਰਵਾਜ਼ਾ ਅੱਧਾ
ਖੁੱਲ੍ਹਾ ਰਹਿਣ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਭਗਦੜ ਵਿਚ ਇਕ ਬੱਚੇ ਸਮੇਤ 8
ਲੋਕਾਂ ਦੀ ਮੌਤ ਹੋ ਗਈ। ਪਾਰਟੀ ਦੇ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਦਰਦਨਾਕ
ਘਟਨਾ ਦੇ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਦੱਸਿਆ ਕਿ ਇਮਰਾਨ ਦੇ
ਭਾਸ਼ਣ ਖ਼ਤਮ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਈਟਾਂ ਬੁਝਾ ਦਿੱਤੀਆਂ। ਪ੍ਰਸ਼ਾਸਨ ਨੇ
ਆਯੋਜਿਤ ਥਾਂ ਦੇ ਤਿੰਨ ਦਰਵਾਜ਼ੇ ਬੰਦ ਵੀ ਕਰ ਦਿੱਤੇ, ਜਿਸ ਕਾਰਨ ਲੋਕਾਂ ਨੂੰ ਸਿਰਫ਼ 2
ਦਰਵਾਜ਼ਿਆਂ ਦਾ ਇਸਤੇਮਾਲ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਇਸ ਕਾਰਨ ਭਗਦੜ ਮੱਚ ਗਈ।
ਐਂਮਰਜੈਂਸੀ ਸੇਵਾਵਾਂ ਦੇ ਡਾਇਰੈਕਟਰ ਡਾ. ਪ੍ਰਵੇਜ਼ ਨੇ ਦੱਸਿਆ ਕਿ 40 ਜ਼ਖ਼ਮੀਆਂ ਵਿਚ 5 ਦੀ
ਹਾਲਤ ਨਾਜ਼ੁਕ ਹੈ। ਸਾਰੀਆਂ ਮੌਤਾਂ ਸਾਹ ਘੁੱਟਣ ਨਾਲ ਹੋਈਆਂ ਹਨ। ਖ਼ਾਨ ਨੇ ਘਟਨਾ ਦੇ ਲਈ
ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਤੈਅ ਕਰਨ
ਦੇ ਲਈ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਰੈਲੀ ਦੀ ਵਿਵਸਥਾ ਨੂੰ ਲੈ ਕੇ ਜੇਕਰ
ਪ੍ਰਸ਼ਾਸਨ ਸਹਿਯੋਗ ਨਹੀਂ ਕਰਦਾ ਤਾਂ ਉਸ ਦੀ ਝਾੜਝੰਬ ਹੋਣੀ ਚਾਹੀਦੀ ਹੈ।