ਅੰਬਾਲਾ ਦੀ ਮੰਦੀ ਹਾਲਤ ਲਈ ਵਿਨੋਦ ਸ਼ਰਮਾ ਜ਼ਿੰਮੇਵਾਰ : ਸੁਖਬੀਰ
Posted on:- 10-10-2014
ਚੰਡੀਗੜ੍ਹ : ਪੰਜਾਬ
ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ
ਕਿਹਾ ਕਿ ਹਰਿਆਣਾ ਜਨ ਚੇਤਨਾ ਪਾਰਟੀ ਦੇ ਮੁਖੀ ਵਿਨੋਦ ਸ਼ਰਮਾ ਹੀ ਅੰਬਾਲਾ ਹਲਕੇ ਦੀ
ਮੌਜੂਦਾ ਦੁਰਦਸ਼ਾ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਸ. ਬਾਦਲ ਨੇ ਕਿਹਾ ਕਿ ਲੰਬੇ ਸਮੇਂ
ਤੱਕ ਪਰਦੇ ਪਿੱਛੇ ਹਰਿਆਣਾ ਦੇ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਵਿਨੋਦ ਸ਼ਰਮਾ ਬਤੌਰ
ਸਾਂਸਦ ਬਤੌਰ ਵਿਧਾਇਕ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ।
ਉਨ੍ਹਾਂ
ਅੱਜ ਅੰਬਾਲਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਇਲਾਇਕਆਂ ਕਾਠਗੜ੍ਹ, ਰਸੂਲਪੁਰ, ਨਾਲੇਓਲਾ,
ਭਾਨੋਖੇੜੀ, ਜਾਂਡਲੀ, ਲਾਇਲਪੁਤ ਬਸਤੀ, ਜਗਾਧਰੀ ਗੇਟ ਅਤੇ ਬਲਦੇਵ ਨਗਰ ਵਿਖੇ ਸ਼੍ਰੋਮਣੀ
ਅਕਾਲੀ ਦਲ-ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਬਲਵਿੰਦਰ ਸਿੰਘ ਪੂਨੀਆ ਦੇ ਹੱਕ 'ਚ
ਚੋਣ ਪ੍ਰਚਾਰ ਦੌਰਾਨ ਅੰਬਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਨੋਦ ਸ਼ਰਮਾ ਵੱਲੋਂ
ਲੋਕਾਂ ਨੂੰ ਬੇਵਕੂਫ ਬਨਾਉਣ ਦੀ ਕੀਤੀ ਗਈ ਇਸ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਨਾਕਾਰ ਦੇਣ।
ਉਨ੍ਹਾਂ ਕਿਹਾ , ''ਹੁੱਡਾ ਸਾਹਿਬ ਅਤੇ ਵਿਨੋਦ ਸ਼ਰਮਾ ਪਹਿਲਾਂ ਵੀ ਇੱਕ ਸਨ ਅਤੇ ਅੰਦਰਖਾਤੇ
ਲਗਾਤਾਰ ਇਕੱਠੇ ਹਨ। ਹਰਿਆਣਾ ਜਨ ਚੇਤਨਾ ਪਾਰਟੀ ਦਾ ਗਠਨ ਸੋਚੀ ਸਮਝੀ ਨੀਤੀ ਤਹਿਤ ਲੋਕਾਂ
ਨੂੰ ਭਰਮਾਉਣ ਲਈ ਕੀਤਾ ਗਿਆ ਹੈ।'' ਇਸੇ ਦੌਰਾਨ ਸ. ਬਾਦਲ ਨੇ ਅੰਬਾਲਾ ਦੇ ਲੋਕਾਂ ਨੂੰ
ਯਕੀਨ ਦਵਾਇਆ ਕਿ ਸ਼੍ਰੀ ਪੂਨੀਆ ਦੇ ਜਿੱਤਣ 'ਤੇ ਅੰਬਾਲਾ ਦੇ ਮੁਕੰਮਲ ਵਿਕਾਸ ਦੀ ਜ਼ਿੰਮੇਵਾਰ
ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਜਿਵੇਂ ਸ. ਬਾਦਲ ਕਦੇ ਵੀ
ਚੌਟਾਲਾ ਪਰਿਵਾਰ ਨੂੰ ਨਾਂਹ ਨਹੀਂ ਕਹਿੰਦੇ ਉਸੇ ਤਰ੍ਹਾਂ ਸ੍ਰੀ ਚੌਟਾਲਾ ਵੀ ਕਦੇ ਸਾਡਾ
ਕਹਿਣਾ ਨਹੀਂ ਮੋੜਦੇ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਪੂਨੀਆ ਦੇ ਵਿਧਾਇਕ ਬਨਣ 'ਤੇ ਉਹ
ਸ੍ਰੀ ਚੌਟਾਲਾ ਨੂੰ ਕਹਿਣਗੇ ਕਿ ਉਹ ਆਪਣੀ ਪਹਿਲੀ ਜਨਤਕ ਮੀਟਿੰਗ ਅੰਬਾਲਾ 'ਚ ਕਰਕੇ ਇਥੋਂ
ਦੇ ਲੋਕਾਂ ਦੀਆਂ ਅਤੇ ਸ਼ਹਿਰ ਦੀਆਂ ਸਮੁੱਚੀਆਂ ਸਮੱਸਿਆਵਾਂ ਨੂੰ ਮੌਕੇ 'ਤੇ ਹੱਲ ਕਰਨ।
ਹਰਿਆਣਾ
ਦੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ
ਕਿਹਾ ਕਿ ਸ਼੍ਰੀ ਹੁੱਡਾ ਨੇ ਬੀਤੇ 10 ਸਾਲ ਦਾ ਸਮਾਂ ਚੰਡੀਗੜ੍ਹ ਤੋਂ ਦਿੱਲੀ ਦੇ ਗੇੜੇ
ਮਾਰਨ ਅਤੇ ਗਾਂਧੀ ਪਰਿਵਾਰ ਦੇ ਹਿਤ ਪੂਰਨ 'ਤੇ ਹੀ ਬਿਤਾਇਆ। ਉਨ੍ਹਾਂ ਕਿਹਾ ਕਿ ਸ੍ਰੀ
ਹੁੱਡਾ ਦੇ ਰਾਜ ਦੌਰਾਨ ਸੂਬੇ 'ਤੇ ਕਰਜ਼ਾ 20 ਹਜਾਰ ਕਰੋੜ ਰੁਪਏ ਤੋਂ ਵੱਧ ਕੇ 80 ਹਜ਼ਾਰ
ਕਰੋੜ ਰੁਪਏ ਹੋ ਗਿਆ। ਉਨ੍ਹਾਂ ਕਿਹਾ ਕਿ ਹੁੱਡਾ ਸਰਕਾਰ ਨੇ 200 ਕਰੋੜ ਰੁਪਏ ਦੇ
ਇਸ਼ਤਿਹਾਰਾਂ ਸਦਕੇ ਇਹ ਵਹਿਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਹਰਿਆਣਾ ਪਹਿਲੇ ਸਥਾਨ 'ਤੇ
ਹੈ ਜਦੋਂ ਕਿ ਸ਼੍ਰੀ ਹੁੱਡਾ ਦੀ ਬਦੌਲਤ ਹੁਣ ਹਰਿਆਣਾ ਉਪਰੋਂ ਨਹੀਂ ਬਲਕਿ ਹੇਠੋਂ ਪਹਿਲੇ
ਨੰਬਰ 'ਤੇ ਹੈ। ਉਨ੍ਹਾਂ ਨੇ ਆਪਣੇ ਭਾਸ਼ਣਾਂ 'ਚ ਦੇਵੀ ਲਾਲ ਪਰਿਵਾਰ ਵੱਲੋਂ ਹਰਿਆਣਾ ਦੇ
ਵਿਕਾਸ 'ਚ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸ਼ਹਿਰਾਂ ਅਤੇ
ਖਾਸਕਰ ਪਿੰਡਾਂ ਨੇ ਸਿਰਫ ਚੌਧਰੀ ਦੇਵੀ ਲਾਲ ਤੇ ਸ਼੍ਰੀ ਚੌਟਾਲਾ ਦੀਆਂ ਸਰਕਾਰਾਂ ਦੌਰਾਨ
ਹੀ ਤਰੱਕੀ ਕੀਤੀ ਹੈ। ਇਨ੍ਹਾਂ ਰੈਲੀਆਂ 'ਚ ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ
ਚੰਦੂਮਾਜਰਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਸ਼ਿਰਕਤ ਕੀਤੀ। ਇਸੇ ਦੌਰਾਨ ਹਾਲ ਹੀ 'ਚ
ਪੈਦਾ ਹੋਈ ਸਥਿਤੀ ਬਾਰੇ ਸ. ਬਾਦਲ ਨੇ ਨਾਹਰਾ ਦਿੱਤਾ ਕਿ ''ਜੇਲ੍ਹ 'ਚ ਰੱਖ ਸਕਦੇ ਨੇ,
ਦਿਲ 'ਚੋਂ ਨਹੀਂ ਕੱਢ ਸਕਦੇ''।