‘ਸਲੂਣੀ ਸਿੱਲ੍ਹ’ ਕਹਾਣੀ ਸੰਗ੍ਰਹਿ ਲੋਕ ਅਰਪਨ
Posted on:- 10-10-2014
ਸਰ੍ਹੀ: ਅੱਜ ਪੋਰਗੈ੍ਰਸਿੱਵ ਕਲਚਰਲ ਸੈਂਟਰ ਸਰ੍ਹੀ ਵਿਖੇ ਨਛੱਤਰ ਸਿੰਘ ਗਿੱਲ ਚੂਹੜਚੱਕ ਵੱਲੋਂ ਅਨੁਵਾਦ ‘ਤੇ ਸੰਪਾਦਿਤ ਕੀਤਾ ਕਹਾਣੀ ਸੰਗ੍ਰਹਿ ‘ਸਲੂਣੀ ਸਿੱਲ੍ਹ’ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੱਲੋਂ ਭਰਵੇਂ ਇਕੱਠ ਵਿੱਚ ਲੋਕ ਅਰਪਿਤ ਕੀਤਾ ਗਿਆ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਕੱਤਰ ਗੁਰਮੇਲ ਗਿੱਲ ਨੇ ਦੱਸਿਆ ਕਿ ਕਹਾਣੀ ਸੰਗ੍ਰਹਿ ਨਛੱਤਰ ਸਿੰਘ ਗਿੱਲ ਦੀ ਸਖਤ ਘਾਲਣਾ ਦਾ ਸਿੱਟਾ ਹੈ।ਨਛੱਤਰ ਸਿੰਘ ਗਿੱਲ ਨੂੰ ਕਾਲਜ ਪੜ੍ਹਦੇ ਸਮੇਂ ਹੀ ਲਿਖਣ ਦੀ ਚੇਟਕ ਲੱਗ ਗਈ ਸੀ।
ਉਹ ਸ਼ੁਰੂ ਤੋ ਹੀ ਅਧਿਆਪਕਾਂ ਦੀ ਜਨਤਕ ਜਥੇਬੰਦੀ ਬੇ-ਰੁਜ਼ਗਾਰ ਅਧਿਆਪਕ ਯੂਨੀਅਨ ਦੇ ਘੋਲ ਨਾਲ ਜੁੜ ਗਏ ਅਤੇ ਉਸਤੋਂ ਬਾਅਦ ਉਹ ਸਰਕਾਰੀ ਅਧਿਆਪਕ ਯੂਨੀਅਨ ਦਾ ਸਰਗਰਮ ਅੰਗ ਰਹੇ। ਕੈਨੇਡਾ ਵਿੱਚ ਆਕੇ ਉਨ੍ਹਾਂ ਤਰਕਸ਼ੀਲ ਸੁਸਾਇਟੀ ਦੀ ਮੈਂਬਰਸ਼ਿੱਪ ਹਾਸਲ ਕੀਤੀ ਅਤੇ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗੇ ਪਰ ਆਪਣੇ ਸਾਹਿਤਕਾਰ ਸੁਭਾ ਅਨੁਸਾਰ ਵੱਧ ਤੋਂ ਵੱਧ ਸਮਾਂ ਸਾਹਿਤ ਰਚਣ ਵਿੱਚ ਲਾਇਆ।ਅੱਜ ਤੱਕ ਉਨ੍ਹਾਂ ਵੱਲੋਂ 5 ਨਾਵਲ, 4 ਕਹਾਣੀ ਸੰਗ੍ਰਹਿ, 2 ਮਿੰਨੀ ਕਹਾਣੀ ਸੰਗ੍ਰਹਿ, 2 ਕਾਵਿ ਸੰਗ੍ਰਹਿ, ਜਿਗਰ-ਪਾਰਾ ਤੋਂ ਇਲਾਵਾ ਗ਼ਦਰੀ ਬਾਬਾ ਪਾਖਰ ਸਿੰਘ ਚੂਹੜਚੱਕ ਦੀ ਜੀਵਨੀ ਦਾ ਅਨੁਵਾਦਿ ਅਮਰਜੀਤ ਸਿੰਘ ਸੂਫੀ ਨਾਲ ਮਿਲਕੇ ਕੀਤਾ ਅਤੇ ਅੱਜ ਵੀ ਉਨ੍ਹਾਂ ਦਾ ਇੱਕ ਨਾਵਲ ਅਣਖ ਦਾ ਸੇਕ ਛਪਣ ਲਈ ਤਿਆਰ ਹੈ ਅਤੇ ਦੂਸਰਾ ਨਾਵਲ ਕੋਲਾ ਤੇ ਪਿੰਜਰਾ ਦਾ ਅਨੁਵਾਦ ਕੀਤਾ ਜਾ ਰਿਹਾ ਹੈ।
ਨਛੱਤਰ ਸਿੰਘ ਗਿੱਲ ਹਰ ਸਾਲ ਪੰਜਾਬ ਜਾਂਦੇ ਹਨ ਅਤੇ ਉਥੋਂ ਸਾਹਿਤਿਕ ਰਸਾਲਾ ਲੋਹਮਣੀ ਵੀ ਪ੍ਰਕਾਸ਼ਤ ਕਰਦੇ ਹਨ।‘ਸਲੂਣੀ ਸਿੱਲ੍ਹ’ ਕਹਾਣੀ ਸੰਗ੍ਰਹਿ ਵਿੱਚ ਉਨ੍ਹਾਂ ਵੱਖ ਵੱਖ ਦੇਸ਼ਾਂ ਦੇ 14 ਲਿਖਾਰੀਆਂ ਦੀਆਂ ਉੱਚ ਪਾਏ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ ਹੈ ਅਤੇ 15 ਵੀਂ ਕਹਾਣੀ ‘ਮਹਿਕ ਕਿਰਤ ਦੀ’ ਉਨ੍ਹਾਂ ਦੀ ਆਪਣੀ ਕਹਾਣੀ ਹੈ।ਕਾਵਿ ਸੰਗ੍ਰਹਿ ਵਿੱਚ ਦਰਜ਼ ਕਹਾਣੀਆਂ ਰੈੱਡ ਇੰਡੀਅਨ ਲੇਖਕ ਥਾਮਸ ਕਿੰਗ, ਚੀਨੀ ਲੇਖਕ ਚੈਨ ਗੋ ਕਾਈ, ਫਲਸਤੀਨੀ ਲੇਖਕ ਘਾਸਾਂਗ ਕਾਨਾ ਫਾਨੀ, ਇਰਾਕੀ ਲੇਖਕ ਧੂਲ ਨੂਨ ਆਯੂਬ, ਅਮਰੀਕੀ ਲੇਖਕ ਪਰਲ ਐੱਸ ਬੁੱਕ, ਮੰਗੋਲੀਅਨ ਲੇਖਕ ਹਾਕ ਯੰਗ ਚਾ, ਕਾਂਗੋ ਅਫਰੀਕਨ ਲੇਖਕ ਹੈਨਰੀ ਲਾਪੂਸ, ਅਮਰੀਕਨ ਲੇਖਕ ਥੌਨ ਜੋਨਜ਼, ਅਮਰੀਕਨ ਲੇਖਕ ਓ ਹੈਨਰੀ, ਮਾਰਕ ਟਵੈਨ ਇੰਗਲੈਂਡ, ਕੈਨੇਡੀਅਨ ਔਰਤ ਲਿਖਾਰੀ ਕਾਰੋਲ ਸ਼ੀਲਜ਼, ਅਮਰੀਕਨ ਰੈੱਡ ਇੰਡੀਅਨ ਲੇਖਕ ਮਾਇਆ ਅਨਗੇਲੂ, ਸ਼੍ਰੀ ਲੰਕਾ ਦੇ ਲੇਖਕ ਡੀ ਜੀਵਾ ਸ਼ਾਮਲ ਹਨ।ਕਾਵਿ ਸੰਗ੍ਰਹਿ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਸੰਗ੍ਰਹਿ ਉੱਪਰ ਭਖਵੀਂ ਚਰਚਾ ਕੀਤੀ ਗਈ। ਇਸ ਚਰਚਾ ਵਿੱਚ ਹਰਜੀਤ ਦੌਧਰੀਆ, ਮੀਨਾਕਸ਼ੀ ਸਿੱਧੂ, ਅਮਰਜੀਤ ਸਿੰਘ ਸੂਫੀ, ਮੋਹਣ ਗਿੱਲ, ਇੰਦਰਜੀਤ ਕੌਰ ਸਿੱਧੂ, ਜਰਨੈਲ ਸਿੰਘ ਸੇਖਾ, ਨਿਰਮਲ ਕਿੰਗਰਾ, ਬਿੱਕਰ ਸਿੰਘ ਬਾਸੀ ਅਤੇ ਗੁਰਚਰਨ ਟੱਲੇਵਾਲੀਆ ਨੇ ਹਿੱਸਾ ਲਿਆ।
ਨਛੱਤਰ ਸਿੰਘ ਗਿੱਲ ਨੂੰ ਉਨ੍ਹਾਂ ਦੇ ਇਸ ਯਤਨ ਤੇ ਵਧਾਈ ਦਿੰਦਿਆਂ ਸਾਰੇ ਹੀ ਬੁਲਾਰਿਆਂ ਨੇ ਇਸ ਕਠਨ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਕਹਾਣੀ ਸੰਗ੍ਰਹਿ ਸਭਨੂੰ ਪੜ੍ਹਨਾ ਚਾਹੀਦਾ ਹੈ।ਸਮਾਗਮ ਦੇ ਅਖੀਰ ਵਿੱਚ ਨਛੱਤਰ ਸਿੰਘ ਗਿੱਲ ਅਤੇ ਸੁਸਾਇਟੀ ਦੇ ਪ੍ਰਧਾਨ ਬਾਈ ਅਵਤਾਰ ਨੇ ਆਪਣੇ ਵਿਚਾਰ ਦਿੱਤੇ ਅਤੇ ਸਾਰਿਆਂ ਦਾ ਧੰਨਵਾਦਿ ਕੀਤਾ।
- ਗੁਰਮੇਲ ਗਿੱਲ