ਚੱਕਰਵਾਤੀ ਤੂਫ਼ਾਨ 'ਹੁਦਹੁਦ' : ਉੜੀਸਾ ਤੇ ਆਂਧਰਾ 'ਚ ਹਾਈ ਅਲਰਟ ਜਾਰੀ
Posted on:- 09-10-2014
ਭੁਵਨੇਸ਼ਵਰ, ਹੈਦਰਾਬਾਦ : ਚੱਕਰਵਾਤੀ
ਤੂਫ਼ਾਨ 'ਹੁਦਹੁਦ' ਦੇ ਖ਼ਤਰੇ ਦੇ ਮੱਦੇਨਜ਼ਰ ਉੜੀਸਾ ਅਤੇ ਆਂਧਰਾਪ੍ਰਦੇਸ਼ 'ਚ ਹਾਈ ਅਲਰਟ
ਜਾਰੀ ਕਰ ਦਿੱਤਾ ਗਿਆ ਹੈ। 12 ਅਕਤੂਬਰ ਨੂੰ ਹੁਦਹੁਦ ਦੇ ਬੰਗਾਲ ਦੀ ਖਾੜੀ ਨੂੰ ਪਾਰ ਕਰਕੇ
ਆਂਧਰਾਪ੍ਰਦੇਸ਼ ਵਿੱਚ ਵਿਸਾਖ਼ਾਪਟਨਮ ਤੇ ਉੜੀਸਾ ਦੇ ਗੋਪਾਲਪੁਰ ਤੱਕ ਆਉਣ ਦੀ ਉਮੀਦ ਹੈ।
ਆਂਧਰਾਪ੍ਰਦੇਸ਼ ਦੇ ਮੁੱਖ ਸਕੱਤਰ ਆਈਵਾਈਆਰ ਕ੍ਰਿਸ਼ਨਾ ਰਾਓ ਨੇ ਤੱਟੀ ਜ਼ਿਲ੍ਹਿਆਂ ਦੇ
ਕਲੈਕਟਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਤੂਫ਼ਾਨ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ
ਸਮੀਖਿਆ ਕੀਤੀ।
ਉਨ੍ਹਾਂ ਨੇ ਕਲੈਕਟਰਾਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਇਸ ਸਮੇਂ ਹਰ
ਤਰ੍ਹਾਂ ਦੇ ਨੁਕਸਾਨ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸ ਲਈ ਖੁੱਲ੍ਹੇ ਰਾਹਤ
ਕੈਂਪਾਂ ਦਾ ਨਿਰਮਾਣ ਕੀਤਾ ਜਾਵੇ, ਜਿਸ ਨਾਲ ਵਧ ਤੋਂ ਵਧ ਲੋੜਵੰਦ ਲੋਕਾਂ ਨੂੰ ਤਬਦੀਲ
ਕਰਕੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ
ਲੋੜੀਂਦੀਆਂ ਜ਼ਰੂਰੀ ਵਸਤੂਆਂ ਦੀ ਵਿਵਸਥਾ ਕੀਤੀ ਜਾਵੇ। ਕ੍ਰਿਸ਼ਨਾ ਰਾਓ ਨੇ ਸਾਰੇ ਜ਼ਿਲ੍ਹਾ
ਕਲੈਕਟਰਾਂ ਨੂੰ ਇਸ ਤੂਫ਼ਾਨ ਨਾਲ ਸਬੰਧਤ ਤਾਜ਼ਾ ਰਿਪੋਰਟ ਨਿਯਮਤ ਤੌਰ 'ਤੇ ਦੇਣ ਦੇ ਵੀ ਹੁਕਮ
ਦਿੱਤੇ। ਐਨਡੀਆਰਐਫ਼ ਨੇ ਚੱਕਰਵਾਤੀ ਤੂਫ਼ਾਨ ਨਾਲ ਨਜਿੱਠਣ ਲਈ 51 ਟੀਮਾਂ ਬਣਾਈਆਂ ਹਨ,
ਜਿਨ੍ਹਾਂ ਨੂੰ 5 ਸੂਬਿਆਂ ਤਾਮਿਲਨਾਡੂ, ਉੜੀਸਾ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਭੇਜਿਆ
ਗਿਆ ਹੈ। ਆਂਧਰਾਪ੍ਰਦੇਸ਼ ਵਿੱਚ ਬਚਾਅ ਅਤੇ ਰਾਹਤ ਦਲਾਂ ਦੀਆਂ 6 ਟੀਮਾਂ ਤਾਇਨਾਤ ਕੀਤੀਆਂ
ਗਈਆਂ ਹਨ। ਉੜੀਸਾ ਲਈ ਐਨਡੀਆਰਐਫ਼ ਦੀਆਂ 9 ਟੀਮਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।
ਵਿਸ਼ਾਖਾਪਟਨਮ ਅਤੇ ਭੁਵਨੇਸ਼ਵਰ ਵਿੱਚ ਦੋ ਅਜਿਹੀਆਂ ਟੀਮਾਂ ਨੂੰ ਵੀ ਨਿਯੁਕਤ ਕੀਤਾ ਗਿਆ ਹੈ
ਜੋ ਐਨਡੀਆਰਐਫ਼ ਦੇ ਕਾਰਜਾਂ ਅਤੇ ਸੰਚਾਲਨ 'ਤੇ ਨਿਗਰਾਨੀ ਰੱਖਣਗੀਆਂ। ਚੱਕਰਵਾਤੀ ਤੂਫ਼ਾਨ
ਹੁਦਹੁਦ ਨਾਲ ਨਜਿੱਠਣ ਲਈ ਕੁਲ 162 ਕਿਸ਼ਤੀਆਂ ਅਤੇ ਹੋਰ ਹੜ੍ਹ ਬਚਾਅ ਨਾਲ ਸਬੰਧਤ ਸਾਜੋ
ਸਾਮਾਨ ਦੀ ਵਿਵਸਥਾ ਕੀਤੀ ਗਈ ਹੈ। ਇਸੇ ਦਰਮਿਆਨ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਨੇ
ਇਸ ਮਾਮਲੇ ਦੀ ਨਿਜ਼ਾਕਤ ਨੂੰ ਸਮਝਦਿਆਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ
ਦਿੱਤੀਆਂ ਹਨ ਅਤੇ ਸਰਹੱਦੀ ਇਲਾਕਿਆਂ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।