ਜ਼ਮਾਨਤ ਲਈ ਜੈਲਲਿਤਾ ਪਹੁੰਚੀ ਸੁਪਰੀਮ ਕੋਰਟ
Posted on:- 09-10-2014
ਨਵੀਂ ਦਿੱਲੀ : ਆਮਦਨ ਦੇ ਸਰੋਤਾਂ ਤੋਂ
ਵਧ ਜਾÎਇਦਾਦ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਅਤੇ 4 ਸਾਲ ਦੀ ਸਜ਼ਾ ਹੋਣ ਤੋਂ ਬਾਅਦ
ਬੰਗਲੁਰੂ ਦੀ ਜੇਲ੍ਹ ਵਿੱਚ ਬੰਦ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੇ ਜ਼ਮਾਨਤ
ਲਈ ਅੱਜ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਕਰਨਾਟਕ ਹਾਈ
ਕੋਰਟ ਨੇ ਜੈਲਲਿਤਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਪਿਛਲੇ 12 ਦਿਨਾਂ ਤੋਂ ਜੇਲ੍ਹ
ਵਿੱਚ ਬੰਦ ਜੈਲਲਿਤਾ ਨੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਨੇ ਉਨ੍ਹਾਂ
ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜੈਲਲਿਤਾ ਨੇ ਅਰਜ਼ੀ ਵਿੱਚ ਤੁਰੰਤ ਰਾਹਤ ਦੀ
ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਚਾਰ ਸਾਲ ਦੀ ਕੈਦ ਸੁਣਾਈ ਗਈ
ਹੈ ਅਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਇਸ ਮਾਮਲੇ ਵਿੱਚ ਸਰਕਾਰੀ
ਵਕੀਲ ਨੇ ਕਿਹਾ ਸੀ ਕਿ ਜੈਲਲਿਤਾ ਨੂੰ ਸ਼ਰਤਾਂ ਸਮੇਤ ਜ਼ਮਾਨਤ ਦਿੱਤੇ ਜਾਣ 'ਤੇ ਉਨ੍ਹਾਂ
ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਦੇ ਬਾਵਜੂਦ 7 ਅਕਤੂਬਰ ਨੂੰ ਹਾਈ ਕੋਰਟ ਨੇ ਸਾਬਕਾ ਮੁੱਖ
ਮੰਤਰੀ ਜੈਲਲਿਤਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਵਿਸ਼ੇਸ਼ ਅਦਾਲਤ
ਦੁਆਰਾ ਸੁਣਾਈ ਗਈ ਸਜ਼ਾ ਨੂੰ ਚੁਣੌਤੀ ਦਿੰਦਿਆਂ ਜੈਲਲਿਤਾ ਨੇ ਕਿਹਾ ਕਿ 1991 ਤੋਂ 1996
ਦੇ ਦੌਰਾਨ ਉਨ੍ਹਾਂ ਦੇ ਬਤੌਰ ਮੁੱਖ ਮੰਤਰੀ ਪਹਿਲੇ ਕਾਰਜਕਾਲ ਵਿੱਚ ਜਾਇਦਾਦ ਇਕੱਠੀ ਕਰਨ
ਦੇ ਦੋਸ਼ ਝੂਠੇ ਹਨ ਅਤੇ ਉਨ੍ਹਾਂ ਨੇ ਇਹ ਜਾਇਦਾਦ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ ਸੀ।
ਜੈਲਲਿਤਾ ਨੇ ਇਹ ਵੀ ਤਰਕ ਦਿੱਤਾ ਕਿ ਹੇਠਲੀ ਅਦਾਲਤ ਨੇ ਕਈ ਫੈਸਲਿਆਂ ਨੂੰ ਨਜ਼ਰਅੰਦਾਜ਼
ਕੀਤਾ।