ਸਾਹਿਤ ਦਾ ਨੋਬਲ ਪੁਰਸਕਾਰ ਪੈਟਰਿਕ ਮੋਦਿਆਨੋ ਨੂੰ
Posted on:- 09-10-2014
ਸਟਾਕਹੋਮ : ਫਰਾਂਸ ਦੇ ਪ੍ਰਸਿੱਧ ਲੇਖਕ ਪੈਟਰਿਕ ਮੋਦਿਆਨੋ ਨੂੰ 2014 ਦਾ ਸਾਹਿਤ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਨੋਬਲ
ਪੁਰਸਕਾਰ ਦੇਣ ਵਾਲੀ ਕਮੇਟੀ ਅਨੁਸਾਰ ਮੋਦਿਆਨੋ ਨੂੰ ਨੋਬਲ ਪੁਰਸਕਾਰ 'ਸਿਮਰਤੀ ਦੀ ਕਲਾ
ਲਈ ਦਿੱਤਾ ਗਿਆ ਹੈ', ਜਿਸ ਨਾਲ 'ਉਸ ਨੇ ਸਮਝ ਦੀ ਪਕੜ 'ਚ ਲੈਣੀਆਂ ਸਭ ਤੋਂ ਔਖੀਆਂ
ਮਨੁੱਖੀ ਹੋਣੀਆਂ ਨੂੰ ਸਾਹਮਣੇ ਲਿਆਂਦਾ ਹੈ।'
ਮੋਦਿਆਨੋ ਦੀਆਂ ਰਚਨਾਵਾਂ ਫਰਾਂਸ ਉਪਰ
ਨਾਜ਼ੀਆਂ ਦੇ ਕਬਜ਼ੇ ਅਤੇ ਇਸ ਦੇ ਫਰਾਂਸ 'ਤੇ ਪਏ ਪ੍ਰਭਾਵ 'ਤੇ ਕੇਂਦਰਤ ਹਨ। ਮੋਦਿਆਨੋ
(69) ਦੇ ਨਾਵਲ 'ਮਿਸਿੰਗ ਪਰਸਨ' ਨੂੰ 1978 ਵਿੱਚ ਵੱਕਾਰੀ ਪ੍ਰੀ ਗੌਨਕੋਰਟ ਇਨਾਮ ਵੀ
ਦਿੱਤਾ ਗਿਆ ਸੀ। ਹੋਰਨਾਂ ਇਨਾਮਾਂ ਤੋਂ ਇਲਾਵਾ ਆਸਟਰੇਲੀਅਨ ਪ੍ਰਾਇਜ਼ ਫਾਰ ਯੂਰਪੀਅਨ
ਲਿਟਰੇਚਰ ਵੀ ਉਨ੍ਹਾਂ ਨੂੰ 2012 'ਚ ਦਿੱਤਾ ਗਿਆ ਸੀ। ਮੋਦਿਆਨੋ ਦੇ ਨਾਵਲਾਂ ਵਿੱਚ ਅਕਸਰ
ਯਹੂਦੀਪਣ, ਨਾਜ਼ੀ ਕਬਜ਼ਾ ਅਤੇ ਪਛਾਣ ਦੀ ਗੈਰ ਹਾਜ਼ਰੀ ਜਿਹੇ ਵਿਸ਼ੇ ਲਏ ਜਾਂਦੇ ਸਨ।
ਮੋਦਿਆਨੋ
ਮੂਲ ਰੂਪ ਵਿੱਚ ਫਰਾਸਿਸੀ ਵਿੱਚ ਲਿਖਦੇ ਹਨ ਅਤੇ ਉਨ੍ਹਾਂ ਦੀਆਂ ਪੁਸਤਕਾਂ ਦਾ ਅਨੁਵਾਦ
ਸਵੀਡਿਸ ਭਾਸ਼ਾ 'ਚ ਵੀ ਹੋਇਆ ਹੈ। ਉਨ੍ਹਾਂ ਦੇ ਕੁਝ ਨਾਵਲਾਂ ਦਾ ਅਨੁਵਾਦ ਅੰਗਰੇਜ਼ੀ 'ਚ ਵੀ
ਹੋਇਆ ਹੈ। ਨੋਬਲ ਕਮੇਟੀ ਨੇ ਦੱਸਿਆ ਕਿ ਪੈਟਰਿਕ ਮੋਦਿਆਨੋ ਛੋਟੇ ਨਾਵਲ ਲਿਖਦੇ ਹਨ। ਸੌ
ਸਵਾ ਸੌ ਸਫ਼ਿਆਂ ਦੇ ਇਹ ਨਾਵਲ ਯਾਦਾਂ, ਬੀਤੀਆਂ ਘਟਨਾਵਾਂ ਅਤੇ ਲੰਘੇ ਸਮੇਂ ਨਾਲ ਜੁੜੇ
ਹੁੰਦੇ ਹਨ। ਇਸ ਤੋਂ ਪਹਿਲਾਂ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਬੀਤੇ ਕੱਲ੍ਹ ਦੋ
ਅਮਰੀਕੀ ਵਿਗਿਆਨੀਆਂ ਐਰਿਕ ਬੇਟਜਿਗ ਤੇ ਵਿਲੀਅਮ ਮੋਰਨਰ ਅਤੇ ਜਰਮਨ ਵਿਗਿਆਨੀ ਸਟੀਫ਼ਨ
ਡਬਲਯੂ ਹੈਲ ਨੇ ਜਿੱÎਤਿਆ ਹੈ। ਇਨ੍ਹਾਂ ਤਿੰਨਾਂ ਵਿਗਿਆਨੀਆਂ ਨੂੰ ਪ੍ਰਤੀਦੀਪਤ ਖੁਰਦਬੀਨ
ਰਾਹੀਂ ਵਧੇਰੇ ਸਾਫ਼ ਤਸਵੀਰ ਪੈਦਾ ਕਰਨ ਦੀਆਂ ਨਵੀਆਂ ਵਿਧੀਆਂ ਵਿਕਸਤ ਕਰਨ ਲਈ ਇਹ ਪੁਰਸਕਾਰ
ਦਿੱਤਾ ਗਿਆ ਹੈ।