15 ਜੁਲਾਈ, 212 ਦਿਨ ਐਤਵਾਰ ਦੁਪਹਿਰ 1:00 ਵਜੇ
ਪ੍ਰੋਗਰੈਸਿਵ ਕਲਚਰਲ ਸੈਂਟਰ
( #126- 7536, 130 ਸਟਰੀਟ)
ਸਰ੍ਹੀ ਬੀ. ਸੀ.
ਪਰਮਿੰਦਰ ਕੌਰ ਸਵੈਚ ਦੀ ਨਵੀਂ ਪੁਸਤਕ ‘ਬਲ਼ਦੇ ਬਿਰਖ' ਜੋ ਕਿ ਲਘੂ ਨਾਟਕਾਂ ਦਾ ਸੰਗ੍ਰਿਹ ਹੈ ਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।ਪਰਮਿੰਦਰ ਨਾਟਕਕਾਰ, ਕਵਿੱਤਰੀ ਤੇ ਇੱਕ ਵਧੀਆ ਕਲਾਕਾਰਾ ਹੈ।ਉਸ ਦੀ ਸਮੁੱਚੀ ਰਚਨਾ ਦੇ ਵਿਸ਼ੇ ਪ੍ਰਗਤੀਵਾਦੀ, ਲੋਕਪੱਖੀ ਤੇ ਮਨੁੱਖਵਾਦੀ ਹਨ।ਉਸ ਦੀ ਰਚਨਾ ਮਾਨਵਜਾਤੀ ਦੇ ਦੁੱਖਾਂ-ਦਰਦਾਂ ਤੇ ਮੁਸ਼ਕਲਾਂ ਦੀ ਤਰਜਮਾਨੀ ਕਰਦੀ ਹੈ। ਉਸ ਦੀ ਰਚਨਾ ਸਮਾਜ ਵਿੱਚ ਫੈਲੇ ਹਰ ਤਰ੍ਹਾਂ ਦੇ ਕੋਹੜ ਨੂੰ ਦੂਰ ਕਰਨ ਲਈ ਗਲ਼ੇ ਸੜੇ ਭ੍ਰਿਸ਼ਟ ਨਿਜ਼ਾਮ ਦੇ ਖਿਲਾਫ਼ ਕਲਮ ਰੂਪੀ ਤਲਵਾਰ ਦੀ ਲੜਾਈ ਲੜ ਰਹੀ ਹੈ। ਉਸਦੀ ਤਰਕਸ਼ੀਲ ਸੋਚ ਸਮਾਜ ਵਿੱਚ ਫੈਲੀਆਂ ਉਹ ਕੁਰੀਤੀਆਂ ਜੋ ਮਨੁੱਖ ਨੂੰ ਘੁਣ ਬਣ ਖਾ ਰਹੀਆਂ ਹਨ, ਉਹਨਾਂ ਵੱਲ ਸੇਧਤ ਹੋ ਕੇ ਲੋਕਾਂ ਨੂੰ ਸਟੇਜ ਤੋਂ ਸੁਨੇਹਾ ਦਿੰਦੀ ਹੋਈ ‘ਬਲ਼ਦੇ ਬਿਰਖ' ਵਿਚਲੇ ਨਾਟਕਾਂ ਜਿਹੜੇ ਕਿ ਆਰਥਿਕ, ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਸੱਭਿਆਚਾਰਕ ਬੁਰਾਈਆਂ ਜਿਨ੍ਹਾਂ ਨੇ ਉਹਨਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ, ਉਹਨਾਂ ਤੇ ਉਂਗਲ ਰੱਖਦੀ ਹੋਈ ਡੰਕੇ ਦੀ ਚੋਟ ਤੇ ਨਿਧੜਕ ਹੋ ਕੇ ਸੁੱਤੀ ਜਨਤਾ ਨੂੰ ਜਗਾਉਣ ਦੀ ਕੋਸ਼ਿਸ਼ ਵਿੱਚ ਨਜ਼ਰ ਆਉਂਦੀ ਹੈ। ਉਸਦੇ ਨਾਟਕਾਂ ਵਿੱਚ ਜਿਊਂਦੇ ਜਾਗਦੇ ਪਾਤਰ ਹਨ ਜੋ ਚੰਗੇ ਭਵਿੱਖ ਦੀ ਆਸ ਵਿੱਚ, ਸਿਆਸੀ ਭ੍ਰਿਸ਼ਟਾਚਾਰੀ ਸਿਸਟਮ ਦੀ ਰੇਖ ਦੇਖ ਵਿੱਚ, ਜਮਾਤੀ ਕਾਣੀਵੰਡ ਦਾ ਹਿੱਸਾ ਬਣੇ, ਅੰਧਵਿਸ਼ਵਾਸ ਦੀ ਚਾਦਰ ਵਿੱਚ ਲਿਪਟੇ, ਧਾਰਮਿਕ ਪਖੰਡ ਦੀ ਰਜ਼ਾ ਵਿੱਚ ਰਹਿੰਦੇ, ਨਸ਼ਿਆਂ ਵਿੱਚ ਜਵਾਨੀ ਰੋਲ਼ਦੇ, ਗਰੀਬੀ ਤੇ ਮੰਦਹਾਲੀ ਨਾਲ ਜੂਝਦੇ ਤੇ ਔਰਤਾਂ ਨੂੰ ਤ੍ਰਾਸਦੀ ਤੋਂ ਕੱਢਣ ਲਈ ਸਹੀ ਸੇਧ ਦੇਣ ਦੀ ਕੋਸ਼ਿਸ਼ ਵਿੱਚ ਹਨ।
ਇਸ ਮੌਕੇ ਤੇ ਡਾ. ਹਰਭਜਨ ਸਿੰਘ ਢਿੱਲੋਂ (ਕੈਲਗਰੀ) ਜਿਹੜੇ ਉ¥ਘੇ ਲੇਖਕ ਹਨ ਉਹ ਪੇਪਰ ਪੜ੍ਹਨਗੇ। ਉਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਦਵਾਨ, ਬੁੱਧੀਜੀਵੀ ਲੇਖਕ ਤੇ ਬੁਲਾਰੇ ਪਹੁੰਚ ਰਹੇ ਹਨ।
ਇਸ ਪ੍ਰੋਗਰਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਆਉਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ।
ਵੱਲੋਂ:- ਤਰਕਸ਼ੀਲ ਕਲਚਰਲ ਸੁਸਾਇਟੀ ਆਫ ਕੈਨੇਡਾ