ਕਰਨਾਟਕ ਹਾਈ ਕੋਰਟ ਵੱਲੋਂ ਜੈਲਲਿਤਾ ਦੀ ਜ਼ਮਾਨਤ ਅਰਜ਼ੀ ਰੱਦ
Posted on:- 08-10-2014
ਅਦਾਲਤ ਨੇ ਭ੍ਰਿਸ਼ਟਾਚਾਰ ਨੂੰ ਮਨੁੱਖੀ ਹੱਕਾਂ ਦਾ ਉਲੰਘਣ ਦੱਸਿਆ
ਬੰਗਲੁਰੂ : ਕਰਨਾਟਕ
ਹਾਈ ਕੋਰਟ ਨੇ ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ
ਜੈਲਲਿਤਾ ਨੂੰ ਅੱਜ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਜ਼ਮਾਨਤ 'ਤੇ
ਸੁਣਵਾਈ ਦੌਰਾਨ ਕਿਹਾ ਕਿ ਇਹ ਮਾਮਲਾ ਅਜਿਹਾ ਨਹੀਂ ਹੈ, ਜਿਸ ਵਿੱਚ ਸਜ਼ਾ ਨੂੰ ਮੁਅੱਤਲ
ਕੀਤਾ ਜਾ ਸਕੇ। ਅਦਾਲਤ ਨੇ ਮੰਗਲਵਾਰ ਨੂੰ ਦਿਨ ਭਰ ਚੱਲੀ ਸੁਣਵਾਈ ਤੋਂ ਬਾਅਦ ਇਹ ਫੈਸਲਾ
ਸੁਣਾਇਆ। ਜੈਲਲਿਤਾ ਦੇ ਵਕੀਲਾਂ ਨੇ ਕਿਹਾ ਕਿ ਹੁਕਮ ਦੀ ਕਾਪੀ ਮਿਲਦਿਆਂ ਹੀ ਉਹ ਜ਼ਮਾਨਤ ਲਈ
ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਇਸ ਤੋਂ ਪਹਿਲਾਂ ਸਰਕਾਰੀ ਧਿਰ ਦੇ ਵਕੀਲ ਨੇ
ਕਿਹਾ ਸੀ ਕਿ ਉਨ੍ਹਾਂ ਨੂੰ ਜੈਲਲਿਤਾ ਨੂੰ ਸ਼ਰਤਾਂ ਨਾਲ ਜ਼ਮਾਨਤ ਦਿੱਤੇ ਜਾਣ 'ਤੇ ਕੋਈ
ਇਤਰਾਜ਼ ਨਹੀਂ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਮੀਡੀਆ 'ਚ ਖ਼ਬਰਾਂ ਚੱਲਣ ਲੱਗ ਪਈਆਂ ਕਿ
ਜੈਲਲਿਤਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਪਰ ਜਦੋਂ ਅੰਤਿਮ ਫੈਸਲਾ ਸਾਹਮਣੇ ਆਇਆ ਤਾਂ ਪਤਾ
ਚੱਲਿਆ ਕਿ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਜੈਲਲਿਤਾ ਦੇ ਵਕੀਲ ਰਾਮ
ਜੇਠਮਲਾਨੀ ਨੇ ਚਾਰਾ ਘੁਟਾਲੇ ਦੇ ਮਾਮਲੇ ਵਿੱਚ ਲਾਲੂ ਪ੍ਰਸਾਦ ਨੂੰ ਮਿਲੀ ਜ਼ਮਾਨਤ ਦਾ ਜ਼ਿਕਰ
ਕਰਦਿਆਂ ਜੈਲਲਿਤਾ ਨੂੰ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ, ਪਰ ਅਦਾਲਤ ਨੇ ਇਸ ਆਧਾਰ ਨੂੰ
ਨਹੀਂ ਮੰਨਿਆ। ਜਸਟਿਸ ਏ ਬੀ ਚੰਦਰਸ਼ੇਖਰ ਦੀ ਅਦਾਲਤ ਦਾ ਕਹਿਣਾ ਸੀ ਕਿ ਦੋਵੇਂ ਮਾਮਲਿਆਂ
ਵਿੱਚ ਸਨਮਾਨਤਾ ਨਹੀਂ ਹੋ ਸਕਦੀ, ਕਿਉਂਕਿ ਜਦੋਂ ਸੁਪਰੀਮ ਕੋਰਟ ਨੇ ਲਾਲੂ ਪ੍ਰਸਾਦ ਯਾਦਵ
ਨੂੰ ਜ਼ਮਾਨਤ ਦਿੱਤੀ ਸੀ ਤਾਂ ਉਹ 10 ਮਹੀਨੇ ਤੋਂ ਜ਼ਮਾਨਤ 'ਤੇ ਹੀ ਸਨ। ਅਦਾਲਤ ਨੇ ਕਿਹਾ ਕਿ
ਇਸ ਮਾਮਲੇ 'ਚ ਜੋ ਸਜ਼ਾ ਸੁਣਾਈ ਗਈ ਹੈ, ਉਸ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ ਅਤੇ ਨਾ
ਹੀ ਅਜਿਹਾ ਕਰਨ ਲਈ ਲੋੜੀਂਦਾ ਆਧਾਰ ਹੈ। ਅਦਾਲਤ ਨੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ
ਹਵਾਲਾ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਮਨੁੱਖੀ ਹੱਕਾਂ ਦਾ ਉਲੰਘਣ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਦੇ 18 ਸਾਲ ਪੁਰਾਣੇ ਮਾਮਲੇ ਵਿੱਚ
ਜੈਲਲਿਤਾ ਨੂੰ ਚਾਰ ਸਾਲ ਕੈਦ ਦੀ ਸਜ਼ਾ ਅਤੇ 100 ਕਰੋੜ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ ਅਤੇ
ਉਹ 27 ਸਤੰਬਰ ਤੋਂ ਜੇਲ੍ਹ ਵਿੱਚ ਬੰਦ ਹਨ। ਦੱਸਣਾ ਬਣਦਾ ਹੈ ਕਿ ਹਾਈ ਕੋਰਟ ਦੇ ਛੁੱਟੀਆਂ
ਵਾਲੇ ਬੈਂਚ ਨੇ 1 ਅਕਤੂਬਰ ਨੂੰ ਜੈਲਲਿਤਾ ਅਤੇ ਉਨ੍ਹਾਂ ਦੀ ਨੇੜਲੀ ਸਹਿਯੋਗੀ ਸ਼ਸ਼ੀ ਕਲਾ
ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਅਰਜ਼ੀਆਂ 'ਤੇ ਸੁਣਵਾਈ 7 ਅਕਤੂਬਰ ਤੱਕ ਮੁਲਤਵੀ ਕਰ
ਦਿੱਤੀ ਸੀ।
ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਜੈਲਲਿਤਾ ਦੇ ਸਮਰਥਕਾਂ
ਨੇ ਤੋੜ-ਫੋੜ ਸ਼ੁਰੂ ਕਰ ਦਿੱਤੀ। ਚੇਨਈ ਦੇ ਇੱਕ ਰੈਸਟੋਰੈਂਟ ਵਿੱਚ ਤੋੜ ਫੋੜ ਕੀਤੀ ਗਈ।
ਇਸ ਤੋਂ ਪਹਿਲਾਂ ਅਫ਼ਵਾਹ ਫੈਲ ਗਈ ਸੀ ਕਿ ਜੈਲਲਿਤਾ ਨੂੰ ਜ਼ਮਾਨਤ ਮਿਲ ਗਈ ਹੈ। ਜਿਵੇਂ ਹੀ
ਜੈਲਲਿਤਾ ਦੀ ਜ਼ਮਾਨਤ ਹੋਣ ਸਬੰਧੀ ਅਫ਼ਵਾਹ ਫੈਲੀ ਤਾਂ ਭਾਰੀ ਗਿਣਤੀ ਵਿੱਚ ਉਸ ਦੇ ਸਮਰਥਕਾਂ
ਨੇ ਉਸ ਦੀ ਫੋਟੋ ਨੂੰ ਲੈ ਕੇ ਜਲੂਸ ਕੱਢਦੇ ਹੋਏ ਰਾਹਾਂ ਵਿੱਚ ਵੱਡੇ ਪੱਧਰ 'ਤੇ ਆਤਿਸ਼ਬਾਜ਼ੀ
ਚਲਾਉਣੀ ਸ਼ੁਰੂ ਕਰ ਦਿੱਤੀ। ਜੈਲਲਿਤਾ ਦੇ ਇਨ੍ਹਾਂ ਸਮਰਥਕਾਂ ਵਿੱਚ ਜਿੱਥੇ ਵੱਡੀ ਗਿਣਤੀ
ਵਿੱਚ ਪੁਰਸ਼ ਸ਼ਾਮਲ ਸਨ, ਉਥੇ ਮਹਿਲਾਵਾਂ ਵੀ ਵੱਡੀ ਤਾਦਾਦ 'ਚ ਆਪਣੀ ਖੁਸ਼ੀ ਦਾ ਇਜ਼ਹਾਰ ਕਰ
ਰਹੀਆਂ ਸਨ।