ਪੀਆਈਓ ਵੀਜ਼ਾ ਖੋਲ੍ਹੇਗਾ ਵਿਕਾਸ ਦੇ ਨਵੇਂ ਦਰ : ਮੋਦੀ
Posted on:- 08-10-2014
ਨਵੀਂ ਦਿੱਲੀ : ਸਰਕਾਰ
ਦੇ ਭਾਰਤੀ ਮੂਲ ਦੇ ਲੋਕਾਂ (ਪੀਆਈਓ) ਲੋਕਾਂ ਨੂੰ ਜੀਵਨ ਭਰ ਲਈ ਵੀਜ਼ਾ ਦੇਣ ਦੇ ਫੈਸਲੇ
ਨੂੰ ਨੋਟੀਫਾਈ ਕਰਨ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ
ਦੇ ਵਾਅਦੇ 'ਤੇ ਤੁਰੰਤ ਕਦਮ ਚੁੱਕਿਆ ਗਿਆ ਹੈ ਤੇ ਇਸ ਨਾਲ ਭਾਰਤ ਦੇ ਵਿਕਾਸ ਦੀ ਯਾਤਰਾ
ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪੀਆਈਓ ਵੀਜ਼ਾ ਵਿਕਾਸ ਦੇ ਨਵੇਂ ਰਾਹ
ਖੋਲ੍ਹੇਗਾ।
ਮੋਦੀ ਨੇ ਹਾਲ ਹੀ 'ਚ ਆਪਣੀ ਅਮਰੀਕਾ ਦੀ ਫੇਰੀ ਦੌਰਾਨ ਭਾਰਤੀ ਮੂਲ ਦੇ
ਲੋਕਾਂ ਨੂੰ ਜੀਵਨ ਭਰ ਵੀਜ਼ਾ ਦੇਣ ਦਾ ਐਲਾਨ ਕੀਤਾ ਸੀ। ਸਰਕਾਰ ਦੇ ਇਸ ਫੈਸਲੇ ਨੂੰ
ਨੋਟੀਫਾਈ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਨਵੇਂ
ਪ੍ਰੋਗਰਾਮ 'ਤੇ ਕੰਮ ਕਰ ਰਿਹਾ ਹੈ। ਇਸ ਦੇ ਤਹਿਤ ਪੀਆਈਓ ਤੇ ਭਾਰਤ ਦੀ ਵਿਦੇਸ਼ੀ ਨਾਗਰਿਕਤਾ
ਯੋਜਨਾ ਦਾ ਰਲੇਵਾਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਦੇਸ਼ਾਂ 'ਚ ਭਾਰਤੀ ਦੂਤਾਵਾਸਾਂ ਤੇ
ਵਪਾਰਕ ਦੂਤਾਵਾਸਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਅਮਰੀਕੀ ਨਾਗਰਿਕਾਂ ਨੂੰ 10
ਸਾਲ ਦਾ ਵੀਜ਼ਾ ਦਿੱਤਾ ਜਾਵੇ। ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਣ
ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ ਸਰਕਾਰ ਨੇ ਦੂਤਾਵਾਸ ਤੇ ਵੀਜ਼ਾ ਸਬੰਧੀ
ਮੁੱਦਿਆਂ 'ਤੇ ਹਾਲ ਹੀ ਵਿੱਚ ਅਮਰੀਕਨ ਯਾਤਰਾ ਦੇ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਐਲਾਨ
'ਤੇ ਤੇਜ਼ੀ ਨਾਲ ਕਾਰਵਾਈ ਕੀਤੀ। ਉਨ੍ਹਾਂ ਨੋਟ ਕੀਤਾ ਕਿ ਉਨ੍ਹਾਂ ਦੇ ਐਲਾਨ ਦੇ ਦੋ ਦਿਨਾਂ
ਬਾਅਦ ਹੀ 30 ਸਤੰਬਰ ਨੂੰ ਹੀ ਗਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ। ਇਸ 'ਚ ਕਿਹਾ ਗਿਆ
ਹੈ ਕਿ ਸਾਰੇ ਪੀਆਈਓ ਕਾਰਡ ਹੁਣ ਜੀਵਨ ਭਰ ਲਈ ਵੈਧ ਹੋਣਗੇ। ਪਹਿਲੇ ਇਹ 15 ਸਾਲਾਂ ਲਈ ਵੈਧ
ਹੁੰਦੇ ਸਨ।