ਬਾਦਲ ਵੱਲੋਂ ਸਰਹੱਦੀ ਲੋਕਾਂ ਦੇ ਮਸਲੇ ਕੇਂਦਰ ਸਰਕਾਰ ਕੋਲ ਉਠਾਉਣ ਦਾ ਐਲਾਨ
Posted on:- 05-10-2014
ਅੰਮ੍ਰਿਤਸਰ : ਪੰਜਾਬ
ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹ ਛੇਤੀ ਹੀ ਸਰਹੱਦੀ
ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਵਿਸ਼ੇਸ਼ ਤੌਰ 'ਤੇ ਸੰਗਤ ਦਰਸ਼ਨ ਪ੍ਰੋਗਰਾਮ ਕਰਨਗੇ ਤਾਂ ਕਿ
ਇਨ੍ਹਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਦੀ ਗਤੀ ਤੇਜ਼ ਕੀਤੀ ਜਾ ਸਕੇ।
ਅਟਾਰੀ ਵਿਧਾਨ
ਸਭਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੇ ਅਖੀਰਲੇ ਦਿਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ
ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦੇ ਬਹਾਦਰ ਲੋਕਾਂ ਨੂੰ ਦਰਪੇਸ਼
ਮੁਸ਼ਕਲਾਂ ਤੋਂ ਉਹ ਭਲੀ ਭਾਂਤ ਜਾਣੂੰ ਹਨ ਜਿਸ ਕਰਕੇ ਸੰਗਤ ਦਰਸ਼ਨ ਪ੍ਰੋਗਰਾਮਾਂ ਰਾਹੀਂ
ਉਨ੍ਹਾਂ ਦੇ ਚਿਰੋਕਣੇ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ
ਸਰਹੱਦੀ ਜ਼ਿਲ੍ਹਿਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਹੁ-ਪੱਖੀ ਨੀਤੀ ਘੜੀ
ਜਾਵੇਗੀ। ਬਾਦਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸਰਹੱਦੀ ਜ਼ਿਲ੍ਹਿਆਂ ਦੇ
ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਮੁੱਖ ਮੰਤਰੀ ਨੇ ਸਰਹੱਦ ਨੇੜੇ ਵਸਦੇ
ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮਸਲਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਐਲਾਨ ਕੀਤਾ।
ਬਾਦਲ ਨੇ ਕਿਹਾ ਕਿ ਉਹ ਕੇਂਦਰ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਕੋਲ ਇਹ ਮਸਲਾ ਉਠਾਉਂਦੇ
ਰਹੇ ਹਨ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ
ਤੋਂ ਪਹਿਲਾਂ ਪਿੰਡ ਭਿੱਟੀਵਿੰਡ, ਕੰਬੋ, ਹੇਰ ਅਤੇ ਨੰਗਲੀ ਵਿਖੇ ਆਪਣੇ ਸੰਬਧੋਨ ਵਿੱਚ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ਵਿੱਚ ਸਾਫ-ਸੁਥਰੇ ਵਾਤਾਵਰਣ ਲਈ ਸੂਬਾ
ਸਰਕਾਰ ਵੱਲੋਂ ਹਰੇਕ ਘਰ ਵਿੱਚ ਪਖਾਨੇ ਦੀ ਉਸਾਰੀ ਲਈ ਇਕ ਸਕੀਮ ਦੀ ਸ਼ੁਰੂਆਤ ਛੇਤੀ ਹੀ
ਕੀਤੀ ਜਾ ਰਹੀ ਹੈ। ਬਾਦਲ ਨੇ ਕਿਹਾ ਕਿ ਇਸ ਟੀਚੇ ਦੀ ਪੂਰਤੀ ਲਈ ਸਬੰਧਤ ਅਧਿਕਾਰੀਆਂ ਨੂੰ
ਲੋੜੀਂਦੀਆਂ ਰਸਮਾਂ ਛੇਤੀ ਪੂਰੀਆਂ ਕਰਨ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ
ਅਗਲੇ ਵਿੱਤੀ ਸਾਲ ਵਿੱਚ ਲਾਗੂ ਕਰ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਲੋਕਾਂ ਨੂੰ
ਸੱਦਾ ਦਿੱਤਾ ਕਿ ਉਹ ਆਪਣੀਆਂ ਲੋੜਾਂ ਮੁਤਾਬਕ ਪਿੰਡਾਂ ਦੇ ਵਿਕਾਸ ਕਾਰਜਾਂ ਦੀਆਂ ਤਰਜੀਹਾਂ
ਮਿੱਥਣ ਤਾਂ ਕਿ ਸੂਬਾ ਸਰਕਾਰ ਉਸ ਮੁਤਾਬਕ ਯੋਜਨਾਵਾਂ ਲਾਗੂ ਕਰੇ। ਉਨ੍ਹਾਂ ਕਿਹਾ ਕਿ
ਸੰਗਤ ਦਰਸ਼ਨ ਪ੍ਰੋਗਰਾਮ ਸੂਬਾ ਸਰਕਾਰ ਦੇ ਸ਼ਾਸਨ ਦਾ ਅਹਿਮ ਹਿੱਸਾ ਹੈ ਕਿਉਂਕਿ ਇਹ
ਪ੍ਰੋਗਰਾਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਹੱਲ ਹੱਲ ਦਾ ਮੌਕਾ ਮੁਹੱਈਆ ਕਰਵਾਉਂਦਾ
ਹੈ।
ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ
ਖੇਤਰ ਵਿੱਚ ਭਾਰੀ ਮੀਹਾਂ ਨਾਲ ਨੁਕਸਾਨੇ ਗਏ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧ ਵਿੱਚ ਸਰਵੇ ਕੀਤਾ ਜਾਵੇਗਾ ਜਿਸ ਤੋਂ
ਬਾਅਦ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲੇਗਾ। ਬਾਦਲ ਨੇ ਐਲਾਨ ਕੀਤਾ ਕਿ ਨਵੀਂ ਆਟਾ-ਦਾਲ
ਸਕੀਮ ਦੇ ਬਾਕੀ ਰਹਿੰਦੇ ਲਾਭਪਾਤਰੀਆਂ ਦੀ ਸ਼ਨਾਖ਼ਤ ਦਾ ਕੰਮ ਵੀ ਛੇਤੀ ਮੁਕੰਮਲ ਕਰ ਲਿਆ
ਜਾਵੇਗਾ।