ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਗੱਡੇ ਜਿੱਤ ਦੇ ਝੰਡੇ
Posted on:- 03-10-2014
ਇੰਚਾੱਨ : ਏਸ਼ੀਆਈ
ਖੇਡਾਂ ਦੇ ਕਬੱਡੀ ਮੁਕਾਬਲਿਆਂ ਵਿਚ ਭਾਰਤ ਦਾ ਦਬਦਬਾ ਅੱਜ ਵੀ ਕਾਇਮ ਰਿਹਾ। ਭਾਰਤੀ ਪੁਰਸ਼
ਅਤੇ ਮਹਿਲਾ ਕਬੱਡੀ ਟੀਮਾਂ ਨੇ ਫਾਈਨਲ ਵਿਚ ਇਰਾਨ ਦੀਆਂ ਟੀਮਾਂ ਨੂੰ ਹਰਾ ਕੇ ਦੋ ਸੋਨ
ਤਮਗ਼ੇ ਜਿੱਤੇ। ਭਾਰਤੀ ਪੁਰਸ਼ ਟੀਮ ਨੇ ਲਗਾਤਾਰ 7ਵੀਂ ਵਾਰ ਜਦਕਿ ਮਹਿਲਾ ਟੀਮ ਨੇ ਲਗਾਤਾਰ
ਦੂਜੀ ਵਾਰ ਸੋਨ ਤਮਗ਼ਾ ਜਿੱਤਿਆ। ਇਸ ਨਾਲ ਭਾਰਤ ਦੇ ਤਮਗ਼ਿਆਂ ਦੀ ਕੁੱਲ ਗਿਣਤੀ 57 ਹੋ ਗਈ,
ਜਿਨ੍ਹਾਂ ਵਿਚ 11 ਸੋਨ, 9 ਚਾਂਦੀ ਅਤੇ 37 ਕਾਂਸੀ ਦੇ ਤਮਗ਼ੇ ਸ਼ਾਮਲ ਹਨ।
ਭਾਰਤੀ ਪੁਰਸ਼
ਟੀਮ ਨੇ ਪਹਿਲੇ ਅੱਧੇ ਟਾਇਮ ਵਿਚ ਪਛੜਨ ਤੋਂ ਬਾਅਦ ਦੂਜੇ ਹਾਫ਼ ਵਿਚ ਜ਼ੋਰਦਾਰ ਵਾਪਸੀ
ਕਰਦਿਆਂ ਸੋਂਗ ਦੋ ਯੂਨੀਵਰਸਿਟੀ ਜਿੰਮਨੇਜੀਅਮ ਵਿਚ ਈਰਾਨ ਨੂੰ 27–25 ਦੇ ਫ਼ਰਕ ਨਾਲ ਹਰਾ
ਕੇ ਲਗਾਤਾਰ 7ਵਾਂ ਸੋਨ ਤਮਗ਼ਾ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਲਗਾਤਾਰ ਦੂਜੀ ਵਾਰ
ਏਸ਼ੀਆਈ ਖੇਡਾਂ ਵਿਚ ਕਬੱਡੀ ਮੁਕਾਬਲੇ ਵਿਚ ਸੋਨ ਤਮਗ਼ਾ ਹਾਸਲ ਕੀਤਾ। ਇਸ ਤੋਂ ਪਹਿਲਾਂ
ਭਾਰਤੀ ਮਹਿਲਾ ਟੀਮ ਨੇ ਵੀ ਬੜੀ ਅਸਾਨੀ ਨਾਲ ਈਰਾਨ ਨੂੰ 31–21 ਦੇ ਵੱਡੇ ਫ਼ਰਕ ਨਾਲ ਹਰਾ
ਕੇ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ। ਇਨ੍ਹਾਂ ਦੋ ਸੋਨ ਤਮਗ਼ਿਆਂ ਨਾਲ ਭਾਰਤ ਨੇ ਹੁਣ ਤੱਕ 11
ਸੋਨ ਤਮਗ਼ੇ ਜਿੱਤ ਲਏ ਹਨ। ਇਸ ਤੋਂ ਇਲਾਵਾ ਚਾਂਦੀ ਦੇ 9 ਅਤੇ ਕਾਂਸੀ ਦੇ 37 ਤਮਗੇ ਜਿੱਤਣ
ਨਾਲ ਭਾਰਤ ਅੱਠਵੇਂ ਸਥਾਨ 'ਤੇ ਬਰਕਰਾਰ ਹੈ। ਪਿਛਲੇ 6 ਵਾਰ ਦੀ ਜੇਤੂ ਭਾਰਤੀ ਪੁਰਸ਼ ਟੀਮ
ਦਾ ਰਾਹ ਹਾਲਾਂਕਿ ਅੱਜ ਅਸਾਨ ਨਹੀਂ ਰਿਹਾ। ਟੀਮ 40 ਮਿੰਟ ਦੇ ਮੁਕਾਬਲੇ ਵਿਚ ਅੱਧੇ ਸਮੇਂ
ਤੱਕ ਪਛੜੀ ਰਹੀ ਅਤੇ ਆਖਰੀ 7 ਮਿੰਟਾਂ ਵਿਚ ਬਰਾਬਰੀ ਹਾਸਲ ਕਰ ਸਕੀ। ਅੱਧੇ ਸਮੇਂ ਤੱਕ
ਭਾਰਤੀ ਪੁਰਸ਼ ਕਬੱਡੀ ਟੀਮ 13–21 ਦੇ ਵੱਡੇ ਫ਼ਰਕ ਨਾਲ ਪਛੜ ਰਹੀ ਸੀ ਅਤੇ ਅਜਿਹਾ ਲੱਗ ਰਿਹਾ
ਸੀ ਕਿ ਪਿਛਲੀ ਵਾਰ ਦੀ ਚੈਂਪੀਅਨ ਟੀਮ ਨੂੰ ਇਸ ਵਾਰ ਉਲਟ ਫੇਰ ਦਾ ਸਾਹਮਣਾ ਕਰਨਾ ਪਵੇਗਾ।
ਹਾਲਾਂਕਿ ਦੂਜੇ ਹਾਫ਼ ਵਿਚ ਟੀਮ ਨੇ ਜ਼ੋਰਦਾਰ ਵਾਪਸੀ ਕਰਦਿਆਂ 27–25 ਦੇ ਫਰਕ ਨਾਲ ਜਿੱਤ
ਪ੍ਰਾਪਤ ਕਰਕੇ ਸੋਨ ਤਮਗ਼ੇ 'ਤੇ ਕਬਜ਼ਾ ਕਰ ਲਿਆ। ਭਾਰਤੀ ਕਪਤਾਨ ਰਾਕੇਸ਼ ਕੁਮਾਰ ਨੇ ਮੈਚ ਤੋਂ
ਬਾਅਦ ਕਿਹਾ ਕਿ ਮੁਕਾਬਲਾ ਉਮੀਦ ਤੋਂ ਵੱਧ ਸਖ਼ਤ ਸੀ ਪਰ ਅਸੀਂ ਜਿੱਤ ਹਾਸਲ ਕੀਤੀ।
ਈਰਾਨ
ਦੀ ਤੇਜ਼ ਤਰਾਰ ਟੀਮ ਖਿਲਾਫ਼ ਭਾਰਤੀ ਪੁਰਸ਼ ਕਬੱਡੀ ਟੀਮ ਦੀ ਸ਼ੁਰੂ ਖਰਾਬ ਰਹੀ ਜਿਸ ਨਾਲ
ਵਿਰੋਧੀ ਟੀਮ ਨੇ ਜਲਦ ਹੀ 17–7 ਦੀ ਵੱਡੀ ਬੜਤ ਬਣਾ ਲਈ। ਭਾਰਤ ਨੇ ਇਸ ਦੌਰਾਨ ਆਪਣੇ ਸਾਰੇ
ਖ਼ਿਡਾਰੀਆਂ ਦੇ ਆਊਟ ਹੋਣ ਨਾਲ ਲੋਨ ਅੰਕ ਵੀ ਗੁਆਇਆ। ਪਹਿਲੇ ਹਾਫ਼ ਵਿਚ ਪਛੜਨ ਤੋਂ ਬਾਅਦ
ਦੂਜੇ ਹਾਫ਼ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਵਿਰੋਧੀ ਟੀਮ ਨੂੰ
ਆਊਟ ਕਰਕੇ ਲੋਨ ਅੰਕ ਹਾਸਲ ਕੀਤਾ। ਟੀਮ ਨੇ ਇਸ ਤੋਂ ਬਾਅਦ ਸਕੋਰ ਨੂੰ 21–21 ਨਾਲ ਬਰਾਬਰ
ਕਰ ਦਿੱਤਾ। ਭਾਰਤੀ ਟੀਮ ਇਸ ਤੋਂ ਬਾਅਦ ਇਕ ਵਾਰ ਫ਼ਿਰ 21–24 ਦੇ ਫ਼ਰਕ ਨਾਲ ਪਛੜੀ ਪਰ
ਜਦੋਂ ਮੈਚ ਵਿਚ ਸਿਰਫ਼ 7 ਮਿੰਟ ਸਨ ਤਾਂ 24–24 ਅੰਕਾਂ ਨਾਲ ਬਰਾਬਰੀ ਕਰਨ ਵਿਚ ਸਫ਼ਲ ਰਹੀ।
ਇਸ ਤੋਂ ਬਾਅਦ ਭਾਰਤ ਨੂੰ ਅਨੂਪ ਨੇ ਇਕ ਅੰਕ ਦੀ ਬੜਤ ਦੁਆ ਦਿੱਤੀ। ਭਾਰਤ ਨੇ ਇਰਾਨ ਦੇ
ਰੇਡਰ ਮੇਰਾਜ ਸ਼ੇਖ ਨੂੰ ਆਪਣੇ ਪਾਲੇ ਵਿਚ ਰੋਕ ਕੇ ਬੜਤ ਨੂੰ ਦੋ ਅੰਕ ਤੱਕ ਕੀਤਾ। ਇਸ ਤੋਂ
ਬਾਅਦ ਅਨੂਪ ਅਗਲੀ ਰੇਡ ਵਿਚ ਅੰਕ ਹਾਸਲ ਕਰਨ ਵਿਚ ਅਸਫ਼ਲ ਰਹੇ। ਭਾਰਤ ਨੇ ਹਾਲਾਂਕਿ ਆਖ਼ਰੀ
ਮਿੰਟ ਵਿਚ ਇਰਾਨ ਦੇ ਰੇਡਰ ਮੇਰਾਜ ਨੂੰ ਦਬੋਜ ਕੇ ਆਪਣੀ ਬੜਤ 2 ਅੰਕਾਂ ਦੀ ਬਣਾ ਲਈ ਜੋ
ਫੈਸਲਾਕੁੰਨ ਸਾਬਤ ਹੋਈ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਦੂਜੇ ਅੱਧ ਵਿਚ ਵਧੀਆ
ਪ੍ਰਦਰਸ਼ਨ ਦੀ ਬਦੌਲਤ ਇਰਾਨ ਨੂੰ 31–21 ਦੇ ਫ਼ਰਕ ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਟੀਮ
ਅੱਧੇ ਸਮੇਂ ਤੱਕ 15–11 ਨਾਲ ਅੱਗੇ ਰਹੀ।