ਰੇਲਵੇ ਵੱਲੋਂ ਤਤਕਾਲ ਟਿਕਟਾਂ ਮਹਿੰਗੀਆਂ ਕਰਨ ਦਾ ਫੈਸਲਾ
Posted on:- 03-10-2014
ਨਵੀਂ ਦਿੱਲੀ : ਰੇਲਵੇ
ਨੇ ਤਤਕਾਲ ਸਕੀਮ ਨੂੰ ਮਹਿੰਗਾ ਕਰਕੇ ਤਿਓਹਾਰਾਂ ਦਾ ਸਵਾਦ ਕਿਰਕਰਾ ਕਰ ਦਿੱਤਾ ਹੈ। ਉਹ
ਵੀ ਅਜਿਹੇ ਸਮੇਂ ਜਦੋਂ ਡੀਜ਼ਲ ਦੀਆਂ ਕੀਮਤਾਂ ਘਟਾਏ ਜਾਣ ਦੀ ਸੰਭਾਵਨਾ ਹੈ ਅਤੇ ਰੇਲ
ਕਿਰਾਏ–ਭਾੜੇ ਵਿਚ ਪਹਿਲਾਂ ਹੀ ਲੋੜੀਂਦਾ ਵਾਧਾ ਹੋ ਚੁੱਕਾ ਹੈ। ਰੇਲਵੇ ਨੇ ਤਤਕਾਲ ਕੋਟੇ
ਦੀਆਂ ਅੱਧੀਆਂ ਟਿਕਟਾਂ ਨੂੰ ਮੰਗ ਅਨੁਸਾਰ ਵੱਧ ਕਿਰਾਏ ਉਤੇ ਵੇਚਣ ਦਾ ਫੈਸਲਾ ਕੀਤਾ ਹੈ।
ਇਸ ਦੇ ਤਹਿਤ ਹਰੇਕ ਰੇਲ ਗੱਡੀ ਵਿਚ ਤਤਕਾਲ ਕੋਟੇ ਦੇ ਸ਼ੁਰੂਆਤੀ 50 ਫ਼ੀਸਦੀ ਟਿਕਟਾਂ ਨੂੰ
ਮੌਜੂਦਾ ਦਰਾਂ 'ਤੇ ਹੀ ਜਾਰੀ ਕੀਤਾ ਜਾਵੇਗਾ। ਬਾਅਦ ਵਾਲੀਆਂ 50 ਫ਼ੀਸਦੀ ਟਿਕਟਾਂ 'ਤੇ ਮੰਗ
ਅਨੁਸਾਰ ਲੜੀਵਾਰ ਵੱਧ ਤੋਂ ਵੱਧ ਕਿਰਾਇਆ ਵਸੂਲਿਆ ਜਾਵੇਗਾ। ਭਾਵ ਇਨ੍ਹਾਂ ਟਿਕਟਾਂ ਦੀ
ਵਿਕਰੀ ਪ੍ਰੀਮੀਅਮ ਰੇਲ ਗੱਡੀਆਂ ਦੀਆਂ ਟਿਕਟਾਂ ਦੀ ਤਰਜ਼ 'ਤੇ ਜਾਵੇਗੀ ਅਤੇ ਹਰੇਕ 10
ਫ਼ੀਸਦੀ ਟਿਕਟ ਵਿਕਰੀ ਤੋਂ ਬਾਅਦ ਦੇ ਕਿਰਾਏ ਵਿਚ 20 ਫ਼ੀਸਦੀ ਵਾਧਾ ਹੋਵੇਗਾ।
ਉਦਾਹਰਣ ਵਜੋਂ
ਜੇਕਰ ਕਿਸੇ ਰੇਲ ਦੇ ਥਰਡ ਏ.ਸੀ ਵਿਚ 60 ਤਤਕਾਲ ਟਿਕਟਾਂ ਉਪਲਬਧ ਹਨ ਤਾਂ 30 ਸੀਟਾਂ ਆਮ
ਦਰ 'ਤੇ ਵੇਚੀਆਂ ਜਾਣਗੀਆਂ ਜਦਕਿ ਬਾਕੀ 30 ਸੀਟਾਂ ਵਿਚੋਂ 3 ਟਿਕਟਾਂ ਲਈ 20 ਫੀਸਦੀ ਵੱਧ
ਕਿਰਾਇਆ ਦੇਣਾ ਹੋਵੇਗਾ। ਬਾਕੀ ਬਚੀਆਂ 27 ਟਿਕਟਾਂ ਵਿਚੋਂ 10 ਫ਼ੀਸਦੀ ਟਿਕਟਾਂ 'ਤੇ ਮੁੜ
ਇਹੀ ਨਿਯਮ ਲਾਗੂ ਹੋਵੇਗਾ ਅਤੇ ਉਨ੍ਹਾਂ ਉਤੇ ਹੋਰ 20 ਫੀਸਦੀ ਵੱਧ ਕਿਰਾਇਆ ਲਿਆ ਜਾਵੇਗਾ।
ਇਹ ਲੜੀ ਟਿਕਟਾਂ ਖਤਮ ਹੋਣ ਤੱਕ ਜਾਰੀ ਰਹੇਗੀ। ਪ੍ਰੀਮੀਅਮ ਤਤਕਾਲ ਟਿਕਟ ਨਾਮੀ ਇਸ ਸਕੀਮ
ਨੂੰ ਗਾਂਧੀ ਜੈਯਤੀ ਤੋਂ ਇਕ ਦਿਨ ਪਹਿਲਾਂ ਫਿਲਹਾਲ 80 ਰੇਲਾਂ ਵਿਚ ਲਾਗੂ ਕਰ ਦਿੱਤਾ ਗਿਆ
ਹੈ। ਅੱਗੇ ਚੱਲ ਕੇ ਇਨ੍ਹਾਂ ਵਿਚ ਹੋਰ ਰੇਲ ਗੱਡੀਆਂ ਜੋੜੀਆਂ ਜਾਣਗੀਆਂ। ਤਤਕਾਲ ਕੋਟੇ ਦੇ
ਇਹ ਟਿਕਟ ਆਨ ਲਾਈਨ ਉਪਲਬਧ ਹੋਣਗੇ। ਰੇਲਵੇ ਦੇ ਇਕ ਅਧਿਕਾਰੀ ਮੁਤਾਬਕ ਇਹ ਸਕੀਮ ਕਾਮਯਾਬ
ਕਰਨ ਲਈ ਸਾਰੇ ਜ਼ੋਨਾਂ ਨੂੰ ਪੰਜ ਟਰੇਨਾਂ ਦੀ ਚੋਣ ਕਰਨ ਲਈ ਕਿਹਾ ਗਿਆ ਹੈ।