ਸਵੱਛ ਭਾਰਤ ਮੁਹਿੰਮ ਤਹਿਤ ਮੁੱਖ ਮੰਤਰੀ ਨੇ ਚੁਕਾਈ ਅਧਿਕਾਰੀਆਂ ਤੇ ਸਰਪੰਚਾਂ ਨੂੰ ਸਹੁੰ
Posted on:- 02-10-2014
ਤਲਵੰਡੀ ਸਾਬੋ : ਕੇਂਦਰ
ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੇ 'ਸਵੱਛ ਭਾਰਤ' ਅਭਿਆਨ
ਤਹਿਤ ਸਮੁੱਚੇ ਦੇਸ਼ ਵਿੱਚ ਸਾਫ ਸਫਾਈ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਸ਼ੁਰੂ
ਕੀਤੀ। ਇਸ ਮੁਹਿੰਮ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਮੱਰਥਨ ਦਿੰਦਿਆਂ ਲਾਗੂ ਕਰਨ ਤਹਿਤ
ਅੱਜ ਸੂਬਾ ਪੱਧਰੀ ਸਮਾਗਮ ਤਲਵੰਡੀ ਸਾਬੋ ਦੇ ਨਾਲ ਲੱਗਦੇ ਪਿੰਡ ਸ਼ੇਖਪੁਰਾ ਵਿਖੇ ਆਯੋਜਿਤ
ਕੀਤਾ ਗਿਆ।
ਉਕਤ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ
'ਸਵੱਛ ਭਾਰਤ' ਅਭਿਆਨ ਦੀ ਅਗਵਾਈ ਕਰਦਿਆਂ ਇਸ ਮੁਹਿੰਮ ਦਾ ਆਗਾਜ ਕੀਤਾ। ਇਸ ਸਮਾਗਮ ਵਿੱਚ
ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ, ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ
ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ-ਪੰਚਾਂ ਨੂੰ ਸਹੁੰ ਚੁਕਾਉਂਦਿਆਂ ਹਰ ਸਾਲ 100 ਘੰਟੇ
ਭਾਵ ਹਰ ਹਫਤੇ 2 ਘੰਟੇ ਸਫਾਈ ਕਰਨ, ਆਪਣੇ ਘਰ, ਮੁਹੱਲੇ ਪਿੰਡ ਜਾਂ ਸ਼ਹਿਰ ਤੋਂ ਅਤੇ ਆਪਣੇ
ਕਾਰਜ ਸਥਾਨ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਕੇ ਸਾਫ ਸਫਾਈ ਰੱਖਣ, ਗਲੀ-ਗਲੀ ਪਿੰਡ-ਪਿੰਡ
ਸਾਫ ਸੁਥਰੇ ਭਾਰਤ ਮਿਸ਼ਨ ਦਾ ਪ੍ਰਚਾਰ ਕਰਨ, ਹੋਰ 100 ਵਿਅਕਤੀਆਂ ਨੂੰ ਇਸ ਮੁਹਿੰਮ ਤਹਿਤ
ਪ੍ਰੇਰਿਤ ਕਰਕੇ ਉਸ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰਨ ਆਦਿ ਸਬੰਧੀ ਪ੍ਰਣ ਕਰਵਾਇਆ। ਮੁੱਖ
ਮੰਤਰੀ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਮੁਹਿੰਮ ਤਾਂ ਹੀ ਕਾਰਗਰ
ਸਾਬਤ ਹੋਵੇਗੀ ਜੇ ਲੋਕ ਦਿਲੋਂ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਉਨ੍ਹਾਂ ਨੂੰ
ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਆਪਣੇ ਆਲੇ-ਦੁਆਲੇ ਸਾਫ ਸਫਾਈ ਰੱਖਣ ਦੇ ਕੀ ਫਾਇਦੇ
ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਕਰਨ ਲਈ ਹਰ ਘਰ ਵਿੱਚ ਇੱਕ ਦਰੱਖਤ
ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਦਰੱਖਤ ਅਤੇ ਦਰੱਖਤਾਂ ਦੇ ਗਾਰਡ ਪੰਜਾਬ ਸਰਕਾਰ ਵੱਲੋਂ
ਮੁਹੱਈਆ ਕਰਵਾਏ ਜਾਣਗੇ ਪਰ ਲੋਕ ਤਹੱਈਆ ਕਰ ਲੈਣ ਕਿ ਲਾਏ ਗਏ ਦਰੱਖਤ ਨੂੰ ਪਾਲਣਾ ਉਨ੍ਹਾਂ
ਦੀ ਜ਼ਿੰਮੇਵਾਰੀ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਫਾਈ ਮੁਹਿੰਮ ਦੇ ਨਾਲ ਨਾਲ
ਅਫਸਰਾਂ ਤੇ ਮੁਲਾਜ਼ਮਾਂ ਦੇ ਨਾਲ-ਨਾਲ ਆਮ ਲੋਕਾਂ ਵੱਲੋਂ ਇਹ ਵੀ ਪ੍ਰਣ ਲਿਆ ਜਾਣਾ ਚਾਹੀਦਾ
ਹੈ ਕਿ ਉਹ ਆਪਣੇ ਕੰਮ ਕਾਜ ਕਰਵਾਉਣ ਲਈ ਨਾਂ ਤਾ ਰਿਸ਼ਵਤ ਦੇਣਗੇ ਨਾਂ ਲੈਣਗੇ। ਉਨ੍ਹਾਂ
ਕਿਹਾ ਕਿ ਦੇਸ਼ ਅਤੇ ਸੂਬੇ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਬਾਹਰਲੇ ਮੁਲਕਾਂ ਤੋਂ
ਸੇਧ ਲੈਣੀ ਚਾਹੀਦੀ ਹੈ, ਜਿੱਥੋਂ ਦੇ ਲੋਕ ਅਨੁਸ਼ਾਸਨ ਵਿੱਚ ਰਹਿ ਕੇ ਦੇਸ਼ ਦੀ ਸਾਫ ਸਫਾਈ
ਵਿੱਚ ਆਪਣਾ ਬਣਦਾ ਯੋਗਦਾਨ ਪਾਂਉਦੇ ਹਨ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ
ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਮੁਹਿੰਮ ਉੱਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ
ਤੱਕ ਲੋਕ ਅੱਗੇ ਵਧ ਕੇ ਉਸ ਮੁਹਿੰਮ ਨੂੰ ਆਪਣਾ ਦਿਲੋਂ ਸਹਿਯੋਗ ਨਹੀ ਦਿੰਦੇ। ਪੰਜਾਬ ਦੇ
ਸਾਫ ਸੁਥਰਾ ਬਣਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਕਿਸੇ ਸੂਬੇ ਜਾਂ ਦੇਸ਼ ਨੂੰ ਸਾਫ ਸੁਥਰਾ
ਰੱਖਣਾ ਕੇਵਲ ਸਰਕਾਰਾਂ ਦੀ ਜ਼ਿੰਮੇਵਾਰੀ ਨਹੀ ਹੁੰਦੀ, ਸਗੋਂ ਲੋਕਾਂ ਨੂੰ ਵੀ ਇਸ ਪ੍ਰਤੀ
ਆਪਣੀ ਜ਼ਿੰਮੇਵਾਰੀ ਸਮਝਣੀ ਚਾਹਿਦੀ ਹੈ। ਉਨ੍ਹਾਂ ਕਿਹਾ ਕਿ ਜੇ ਸੂਬੇ ਦੇ ਸਾਰੇ ਵਸਨੀਕ
ਸਫਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਸੂਬਾ ਇੱਕ ਦਿਨ ਵਿੱਚ ਕੇਵਲ ਸਾਫ ਹੀ ਨਹੀ
ਹੋਵੇਗਾ ਸਗੋਂ ਸਾਰੀਆਂ ਬੁਰਾਈਆਂ ਤੋਂ ਖਹਿੜਾ ਛੁਡਵਾ ਸਕਦਾ ਹੈ।