ਏਸ਼ੀਆਈ ਖੇਡਾਂ : ਮੈਰੀਕਾਮ ਨੇ ਜਿੱਤਿਆ ਸੋਨੇ ਦਾ ਤਮਗਾ ,ਮਹਿਲਾ ਹਾਕੀ ਨੂੰ ਕਾਂਸੀ
Posted on:- 01-10-2014
ਇੰਚਾੱਨ : 17ਵੀਆਂ
ਏਸ਼ੀਆਈ ਖੇਡਾਂ ਦੇ 12ਵੇਂ ਦਿਨ ਮੁੱਕੇਬਾਜ਼ੀ 'ਚ ਮੈਰੀਕਾਮ ਨੇ ਸੋਨ ਤਮਗਾ ਹਾਸਲ ਕੀਤਾ ਹੈ।
ਉਨ੍ਹਾਂ ਨੇ ਮਹਿਲਾ ਫਲਾਈਵੇਟ ਵਰਗ ਦੇ ਫਾਇਨਲ 'ਚ ਕਜਾਕਿਸਤਾਨ ਦੀ ਝੈਨਾ ਸ਼ੇਕੇਰਬੇਕੋਵਾ
ਨੂੰ 2-0 ਨਾਲ ਹਰਾਇਆ। ਮੈਰੀਕਾਮ ਦੀ ਜਿੱਤ ਨੇ ਜਿੱਥੇ ਇੰਚਾੱਨ ਵਿੱਚ ਭਾਰਤੀਆਂ ਦਾ ਸਿਰ
ਉੱਚਾ ਕੀਤਾ, ਉਥੇ ਹੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਗਏ
ਬੁਰੇ ਵਿਵਹਾਰ ਨੇ ਸਰਿਤਾ ਦੇਵੀ ਨੂੰ ਰੋਣ ਲਈ ਮਜਬੂਰ ਕਰ ਦਿੱਤਾ। ਉਹ ਮੈਡਲ ਠੁਕਰਾ ਕੇ
ਇਨਾਮੀ ਮੰਚ ਤੋਂ ਰੋਂਦੀ ਹੋਈ ਪਰਤੀ। ਇਸੇ ਦੌਰਾਨ ਅੱਜ ਭਾਰਤ ਦੀ ਟੀਂਟੂ ਲੁਕਾ ਨੇ ਸ਼ਾਨਦਾਰ
ਪ੍ਰਦਰਸ਼ਨ ਕਰਦਿਆਂ ਏਸ਼ੀਆਈ ਖੇਡਾਂ ਵਿੱਚ ਮਹਿਲਾਵਾਂ ਦੀ 800 ਮੀਟਰ ਦੌੜ ਵਿੱਚ ਦੂਜੇ ਸਥਾਨ
'ਤੇ ਰਹਿੰਦਿਆਂ ਚਾਂਦੀ ਦਾ ਤਮਗਾ ਜਿੱਤਿਆ ਹੈ। ਲੁਕਾ ਨੇ ਇੱਕ ਮਿੰਟ 59.10 ਸੈਕਿੰਡ ਦਾ
ਸਮਾਂ ਕੱਢਿਆ। ਮੈਰੀਕਾਮ ਨੇ ਚਾਰ 'ਚੋਂ 2 ਰਾਊਂਡਾਂ ਵਿੱਚੋਂ 30 ਦਾ ਸਕੋਰ ਹਾਸਲ ਕੀਤਾ।
ਪਹਿਲੇ ਰਾਊਂਡ ਵਿੱਚ ਕਜਾਕਿਸਤਾਨ ਦੀ ਝੈਨਾ ਭਾਰੂ ਰਹੀ, ਉਨ੍ਹਾਂ ਨੇ ਪਰਫੈਕਟ 30 ਦਾ ਸਕੋਰ
ਹਾਸਲ ਕੀਤਾ, ਪਰ ਉਸ ਤੋਂ ਬਾਅਦ ਮੈਰੀਕਾਮ ਆਪਣੀ ਲੈਅ ਵਿੱਚ ਪਰਤ ਆਈ ਅਤੇ ਉਸ ਨੇ
ਮੁੱਕਿਆਂ ਦੀ ਬਰਸਾਤ ਕਰਦਿਆਂ ਦੂਜੇ ਰਾਊਂਡ ਵਿੱਚ 29-28 ਦੇ ਸਕੋਰ ਨਾਲ ਬੜਤ ਬਣਾਈ। ਤੀਜੇ
ਅਤੇ ਚੌਥੇ ਰਾÀੂਂਡ ਵਿੱਚ ਤਜ਼ਰਬੇਕਾਰ ਮੈਰੀਕਾਮ ਨੇ ਝੈਨਾ ਨੂੰ ਢੇਰ ਕਰ ਦਿੱਤਾ। ਤਿੰਨ
ਜੱਜਾਂ ਨੇ ਉਨ੍ਹਾਂ ਨੂੰ ਪਰਫੈਕਟ 10 ਦਾ ਸਕੋਰ ਦੇ ਕੇ ਮੈਰੀਕਾਮ ਨੂੰ ਚੈਂਪੀਅਨ ਬਣਾ
ਦਿੱਤਾ।
ਇੱਕ ਪਾਸੇ ਜਿੱਥੇ ਮੈਰੀਕਾਮ ਨੇ ਸੋਨ ਤਮਗਾ ਜਿੱਤਿਆ, ਉਥੇ ਮੈਡਲ ਸੈਰੇਮਨੀ
ਦੌਰਾਨ ਸੁਰਿਤਾ ਦੇਵੀ ਨੇ ਕਾਂਸ਼ੀ ਦਾ ਤਮਗਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਇਨਾਮਾਂ
ਦੀ ਵੰਡ ਦੌਰਾਨ ਲਗਾਤਾਰ ਰੋਂਦੀ ਰਹੀ। ਸਰਿਤਾ ਨੇ ਪੱਤਰਕਾਰਾਂ ਅਤੇ ਸਾਥੀਆਂ ਖਿਡਾਰੀਆਂ
ਦੀ ਮਦਦ ਨਾਲ ਲੋੜੀਂਦੇ 500 ਡਾਲਰ ਦੀ ਰਾਸ਼ੀ ਜਮ੍ਹਾਂ ਕੀਤੀ, ਪਰ ਉਨ੍ਹਾਂ ਦੀ ਅਪੀਲ ਨੂੰ
ਅਯੋਜਕਾਂ ਨੂੰ ਠੁਕਰਾ ਦਿੱਤਾ, ਜਿਸ ਤੋਂ ਬਾਅਦ ਸਰਿਤਾ ਇਨਾਮ ਦਿੱਤੇ ਜਾਣ ਵਾਲੀ ਥਾਂ 'ਤੇ
ਮੈਡਲ ਛੱਡ ਕੇ ਰੋਂਦਿਆਂ ਬਾਹਰ ਆ ਗਈੇ।
ਇਸੇ ਦੌਰਾਨ ਅੱਜ ਭਾਰਤ ਮਹਿਲਾ ਹਾਕੀ ਟੀਮ ਨੇ
ਜਾਪਾਨ ਨੂੰ 2-1 ਦੇ ਫਰਕ ਨਾਲ ਹਰਾ ਕੇ ਤੀਜੇ ਸਥਾਨ 'ਤੇ ਰਹਿੰਦਿਆਂ ਕਾਂਸ਼ੀ ਦਾ ਤਮਗਾ
ਹਾਸਲ ਕੀਤਾ। ਭਾਰਤ ਲਈ ਜਸਪ੍ਰੀਤ ਕੌਰ ਨੇ 23ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ
ਗੋਲ ਵਿੱਚ ਬਦਲ ਦਿੱਤਾ। ਤੀਜੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ 41ਵੇਂ ਮਿੰਟ 'ਚ ਜਾਪਾਨ
ਦੀ ਸ਼ਿਬਾਤੇ ਅਕਾਵਾ ਨੇ ਫੀਲਡ ਗੋਲ ਕਰਕੇ ਮੈਚ ਬਰਾਬਰੀ 'ਤੇ ਲਿਆ ਦਿੱਤਾ, ਪਰ ਅਗਲੇ ਹੀ
ਮਿੰਟ 'ਚ ਵੰਦਨਾ ਕਟਾਰਿਆ ਨੇ ਦੂਜੇ ਗੋਲ ਕਰਕੇ ਭਾਰਤ ਨੂੰ ਬੜਤ ਦਿਵਾ ਦਿੱਤੀ। ਕੌਮਾਂਤਰੀ
ਬਾਕਸਿੰਗ ਸੰਘ ਭਾਵ ਆਇਵਾ ਨੇ ਭਾਰਤੀ ਮੁੱਕੇਬਾਜ਼ ਸਰਿਤਾ ਦੇਵੀ ਖਿਲਾਫ਼ ਇਨਾਮੀ ਮੰਚ 'ਤੇ
ਮੈਡਲ ਸਵੀਕਾਰ ਨਾ ਕਰਨ 'ਤੇ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੰਘ ਦੇ ਟੈਕਨੀਕਲ
ਡੈਲੀਗੇਟ ਡੇਵਿਡ ਫਰਾਂਸਿਸ ਨੇ ਕਿਹਾ ਕਿ ਸਾਰੀ ਘਟਨਾ ਸਰਿਤਾ ਅਤੇ ਉਸ ਦੀ ਟੀਮ ਦੀ ਸੋਚੀ
ਸਮਝੀ ਯੋਜਨਾ ਲੱਗਦੀ ਹੈ। ਸਰਿਤਾ ਦੇਵੀ ਨੇ ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਇੱਕ
ਨਿੱਜੀ ਭਾਰਤੀ ਟੀਵੀ ਚੈਨੀ ਨੂੰ ਦੱਸਿਆ ਕਿ ਕੋਈ ਗੱਲ ਨਹੀਂ, ਮੈਂ ਜੋ ਕੀਤਾ ਉਸ ਤੋਂ ਮੈਂ
ਖ਼ੁਸ਼ ਹਾਂ। ਮੈਂ ਜੋ ਕੀਤਾ, ਉਹ ਦੇਸ਼ ਲਈ ਕੀਤਾ ਹੈ।
ਪੁਰਸ਼ਾਂ ਦੇ ਫਾਇਨਲ ਹਾਕੀ ਮੁਕਾਬਲੇ
ਵਿੱਚ ਵੀਰਵਾਰ ਨੂੰ ਭਾਰਤ ਦੀ ਪਾਕਿਸਤਾਨ ਨਾਲ ਟੱਕਰ ਹੋਵੇਗੀ। ਇਸ ਮੈਚ ਵਿੱਚ ਜੇਤੂ ਟੀਮ
ਸੋਨ ਤਮਗਾ ਹਾਸਲ ਕਰੇਗੀ। ਏਸ਼ੀਆਈ ਖੇਡਾਂ ਵਿੱਚ ਭਾਰਤ 7 ਸੋਨੇ ਦੇ, 9 ਚਾਂਦੀ ਅਤੇ 34
ਕਾਂਸ਼ੀ ਦੇ ਤਮਗੇ ਹਾਸਲ (ਕੁੱਲ 50 ਤਮਗੇ) ਕਰਕੇ 11ਵੇਂ ਸਥਾਨ 'ਤੇ ਹੈ।