ਆਈਐਸਆਈਐਸ ਖਿਲਾਫ਼ ਲੜਾਈ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ
Posted on:- 01-10-2014
ਵਾਸ਼ਿੰਗਟਨ : ਪੱਛਮੀ
ਏਸ਼ੀਆ ਵਿੱਚ ਆਈਐਸਆਈਐਸ ਸੰਗਠਨ ਖਿਲਾਫ਼ ਜਾਰੀ ਲੜਾਈ ਵਿੱਚ ਭਾਰਤ ਕਿਸੇ ਵੀ ਗੱਠਜੋੜ ਵਿੱਚ
ਸ਼ਾਮਲ ਨਹੀਂ ਹੋਵੇਗਾ, ਪਰ ਉਸ ਨੇ ਉਸ ਖੇਤਰ ਵਿੱਚ ਦਹਿਸ਼ਤੀ ਹਮਲਿਆਂ ਲਈ ਜਾਣੇ ਜਾਣ ਵਾਲੇ
ਲੋਕਾਂ ਨਾਲ ਜੁੜੇ ਅਹਿਮ ਵਿਸ਼ਿਆਂ ਨਾਲ ਨਜਿੱਠਣ ਵਿੱਚ ਅਮਰੀਕਾ ਨਾਲ ਮਿਲ ਕੇ ਕੰਮ ਕਰਨ 'ਤੇ
ਸਹਿਮਤੀ ਜਤਾਈ ਹੈ।
ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਰਾਕ ਅਤੇ ਸੀਰੀਆ ਵਿੱਚ
ਇਸਲਾਮਿਕ ਸਟੇਟ ਦੇ ਖਿਲਾਫ਼ ਦਹਿਸ਼ਤਵਾਦ ਨਾਲ ਸਬੰਧਤ ਲੜਾਈ ਵਿੱਚ ਅਮਰੀਕੀ ਗੱਠਜੋੜ ਦੇ ਤਹਿਤ
ਹਵਾਈ ਹਮਲਿਆਂ ਵਿੱਚ ਭਾਈਵਾਲ ਬਣਨ ਸਬੰਧ ਭਾਰਤ ਦੇ ਰੁਖ ਦਾ ਜ਼ਿਕਰ ਕੀਤਾ। ਉਧਰ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਸਿਖਰ ਵਾਰਤਾ ਵਿੱਚ ਪੱਛਮੀ ਏਸ਼ੀਆ
ਵਿੱਚ ਉਭਰਦੀਆਂ ਚੁਣੌਤੀਆਂ ਬਾਰੇ ਵੀ ਡੂੰਘੀ ਚਿੰਤਾ ਪ੍ਰਗਟਾਈ। ਸਿਖਰ ਵਾਰਤਾ ਦੇ ਸਬੰਧ
ਵਿੱਚ ਬੀਤੇ ਕੱਲ੍ਹ ਵਿਦੇਸ਼ ਮੰਤਰਾਲਾ ਦੇ ਸੰਯੁਕਤ ਸਕੱਤਰ (ਅਮਰੀਕਾ) ਬਿਕਰਮ ਦੁਰਇਸਵਾਮੀ
ਨੇ ਕਿਹਾ ਕਿ ਭਾਰਤ ਦਹਿਸ਼ਤਵਾਦ ਦੇ ਖਿਲਾਫ਼ ਕਿਸੇ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਵੇਗਾ, ਪਰ
ਦੋਵੇਂ ਧਿਰਾਂ ਅਜਿਹੇ ਸਹਿਯੋਗ 'ਤੇ ਸਹਿਮਤ ਹੋਈਆਂ ਹਨ, ਜਿਸ ਦੇ ਤਹਿਤ ਦਹਿਸ਼ਤਵਾਦ ਫੈਲਾਉਣ
ਵਾਲੇ ਉਨ੍ਹਾਂ ਅਨਸਰਾਂ ਨਾਲ ਨਜਿੱਠਿਆ ਜਾਵੇਗਾ, ਜੋ ਦੁਨੀਆ ਭਰ ਵਿੱਚ ਘੁੰਮ ਕੇ ਲੋਕਾਂ
ਨੂੰ ਕੱਟੜਵਾਦੀ ਬਣਾ ਕੇ ਉਨ੍ਹਾਂ ਨੂੰ ਪੱਛਮੀ ਏਸ਼ੀਆ ਵਿੱਚ ਦਹਿਸ਼ਤਗਰਦੀ ਵਾਲੀਆਂ ਸਰਗਰਮੀਆਂ
ਵਿੱਚ ਹਿੱਸਾ ਲੈਣ ਦੇ ਮਕਸਦ ਨਾਲ ਭੇਜਦੇ ਹਨ। ਉਸ ਖੇਤਰ ਵਿੱਚ ਭਾਰਤ ਦੇ ਕੁਝ ਨੌਜਵਾਨਾਂ
ਦੇ ਵੀ ਜਾਣ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਵੱਡਾ
ਮੁੱਦਾ ਹੈ।