ਭਾਰਤ-ਅਮਰੀਕਾ ਸਿਖ਼ਰ ਵਾਰਤਾ 'ਚ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰਾਂ
Posted on:- 30-09-2014
ਦੋਵਾਂ ਮੁਲਕਾਂ ਵੱਲੋਂ ਮਿਲ ਕੇ ਚੱਲਣ ਦਾ ਅਹਿਦ
ਨਿਊਯਾਰਕ : ਭਾਰਤ
ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਹੋਈ
ਸਿਖ਼ਰ ਵਾਰਤਾ 'ਚ ਵੱਖ-ਵੱਖ ਮਹੱਤਵਪੂਰਨ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ 'ਤੇ
ਚਰਚਾ ਕੀਤੀ, ਜਿਨ੍ਹਾਂ ਵਿੱਚ ਰੱਖਿਆ, ਸੁਰੱਖਿਆ, ਵਪਾਰ, ਕਾਰੋਬਾਰ, ਰਵਾਇਤੀ ਊਰਜਾ ਸਰੋਤ,
ਮੱਧ ਏਸ਼ੀਆ ਦੇ ਮਾਮਲੇ, ਵਿਗਿਆਨ ਤੇ ਤਕਨਾਲੋਜੀ, ਸਿੱਖਿਆ, ਸਮੁੰਦਰੀ ਸਹਿਯੋਗ, ਦਹਿਸ਼ਤਵਾਦ
ਤੇ ਆਰਥਿਕ ਸਹਿਯੋਗ ਆਦਿ ਸ਼ਾਮਲ ਹਨ।
ਸਵੇਰ ਤੱਕ ਵੱਖ-ਵੱਖ ਅਹਿਮ ਸਮਝੌਤਿਆਂ 'ਤੇ
ਦੋਵੇਂ ਦੇਸ਼ਾਂ ਵੱਲੋਂ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ
ਇੱਕ ਵੱਡੇ ਅਖ਼ਬਾਰ ਵਾਸ਼ਿੰਗਟਨ ਪੋਸਟ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਂਝਾ ਲੇਖ ਛਪਿਆ ਹੈ। ਦੋਵਾਂ ਵੱਲੋਂ ਸਾਂਝਾ ਲੇਖ
ਲਿਖੇ ਜਾਣ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।
ਇਸ ਲੇਖ ਵਿੱਚ ਮੋਦੀ ਅਤੇ ਓਬਾਮਾ ਨੇ
ਮੰਨਿਆ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਾਂਝੇ ਹਿੱਤ ਅਤੇ ਕੀਮਤਾਂ ਹਨ। ਦੋਵਾਂ ਨੇ ਦਾਅਵਾ
ਕੀਤਾ ਹੈ ਕਿ ਭਾਰਤ ਅਤੇ ਅਮਰੀਕਾ ਦੀ ਭਾਈਵਾਲੀ ਦੁਨੀਆ ਨੂੰ ਸਾਲਾਂ ਤੱਕ ਸ਼ਾਂਤੀ ਦੇਵੇਗੀ।
ਇੱਥੇ ਹੀ ਬੱਸ ਨਹੀਂ ਦੋਵਾਂ ਵੱਲੋਂ ਕਿਹਾ ਗਿਆ ਕਿ ਭਾਰਤ ਨੂੰ ਹਰੀ ਕ੍ਰਾਂਤੀ ਵਿੱਚ
ਅਮਰੀਕੀ ਸਹਿਯੋਗ ਯਾਦ ਹੈ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਅੱਜ ਦੋਵਾਂ ਨੇ ਸਾਂਝਾ ਬਿਆਨ ਦੇਣ ਦੀ ਬਜਾਏ ਲੇਖ
ਜਾਰੀ ਕੀਤਾ। ਇਸ ਵਿੱਚ ਦੋਵੇਂ ਆਗੂਆਂ ਨੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਗੱਲ ਕਰਨ ਦੀ
ਗੱਲ ਕਹੀ ਹੈ। ਮੋਦੀ-ਓਬਾਮਾ ਨੇ 'ਚਲੋ ਨਾਲ-ਨਾਲ' ਦਾ ਨਾਅਰਾ ਦਿੱਤਾ ਹੈ। ਇਸ ਵਿੱਚ ਕਿਹਾ
ਗਿਆ ਹੈ ਕਿ ਭਾਈਵਾਲੀ ਦੁਨੀਆ ਨੂੰ ਸਾਲਾਂ ਤੱਕ ਸ਼ਾਂਤੀ ਦੇਵੇਗੀ। ਸਾਡੇ ਸਬੰਧਾਂ ਦੀ ਅਸਲੀ
ਤਾਕਤ ਹਾਲੇ ਦਿਖ਼ਣੀ ਬਾਕੀ ਹੈ। ਸਾਂਝਾ ਯਤਨ ਦੋਵੇਂ ਦੇਸ਼ਾਂ ਨੂੰ ਲਾਭ ਪਹੁੰਚਾਏਗਾ। ਸਾਂਝੀ
ਸੰਪਾਦਕੀ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦਾ ਵੀ ਜ਼ਿਕਰ ਹੈ।
ਇਸ ਵਿੱਚ ਕਿਹਾ ਗਿਆ ਹੈ 'ਅਸੀਂ ਦੋਵੇਂ ਦੇਸ਼ਾਂ ਦੇ ਸੈਟੇਲਾਇਟ ਮੰਗਲ ਗ੍ਰਹਿ ਵਿੱਚ ਹਾਂ,
ਅਸੀਂ ਚਰਚਾ ਕਰਾਂਗੇ ਕਿ ਅਮਰੀਕਾ ਦੇ ਵਿਗਿਆਨੀ, ਉਦਯੋਗਪਤੀ ਅਤੇ ਸਰਕਾਰ ਕਿਸ ਤਰ੍ਹਾਂ
ਭਾਰਤ ਵਿੱਚ ਗੁਣਵੱਤਾ, ਭਰੋਸੇਯੋਗਤਾ ਅਤੇ ਬੁਨਿਆਦੀ ਸੇਵਾ 'ਚ ਸੁਧਾਰ ਕਰ ਸਕਦੇ ਹਨ।''
ਅਸੀਂ
ਮੋਦੀ ਸਰਕਾਰ ਦੇ ਨਾਲ ਊਰਜਾ ਦੇ ਖੇਤਰ ਵਿੱਚ ਸਹਿਯੋਗ ਹੋਰ ਮਜ਼ਬੂਤ ਕਰ ਸਕਦੇ ਹਾਂ। ਇਹ
ਸਮਾਂ ਇੱਕ ਨਵਾਂ ਏਜੰਡਾ ਸੈਟ ਕਰਨ ਦਾ ਹੈ, ਜਿਸ ਨਾਲ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਲਾਭ
ਮਿਲੇ। ਸਾਡੀ ਸਹਿਜ ਸਾਂਝੇਦਾਰੀ ਕੌਮਾਂਤਰੀ ਸੁਰੱਖਿਆ ਅਤੇ ਸ਼ਾਂਤੀ ਨੂੰ ਮਜ਼ਬੂਤ ਕਰ ਸਕਦੀ
ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ
ਬਰਾਕ ਓਬਾਮਾ ਨੂੰ ਗੀਤਾ ਅਤੇ ਮਾਰਟਿਨ ਲੁਥਰ ਕਿੰਗ ਦੀ 1959 ਦੀ ਭਾਰਤ ਯਾਤਰਾ ਦੇ ਕਲਿਪਸ਼
ਭੇਟ ਕੀਤੇ।
ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਓਬਾਮਾ ਵਿਸ਼ਵ ਦੀਆਂ ਦੋ ਹਸਤੀਆਂ
ਦੇ ਬਹੁਤ ਵੱਡੇ ਪ੍ਰਸ਼ੰਸਕ ਹਨ, ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਉਨ੍ਹਾਂ ਲਈ ਵਿਅਕਤੀਗਤ
ਤੌਰ 'ਤੇ ਇਹ ਤੋਹਫ਼ੇ ਚੁਣੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ਵਿੱਚ ਅਮਰੀਕੀ
ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਤ ਦਾ ਖ਼ਾਣਾ ਦਿੱਤਾ, ਜਿੱਥੇ ਦੋਵੇਂ ਆਗੂਆਂ ਨੇ ਭਾਰਤ ਅਤੇ
ਅਮਰੀਕਾ ਦੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਓਬਾਮਾ ਨੇ ਵਾਇਟ ਹਾਊਸ ਦੇ ਦਰਵਾਜ਼ੇ 'ਤੇ
ਗੁਜਰਾਤੀ ਭਾਸ਼ਾ ਵਿੱਚ ''ਕੇਮ ਛੋ ਮਿਸਟਰ ਪ੍ਰਾਇਮ ਮਨਿਸਟਰ'' ਕਹਿ ਕੇ ਮੋਦੀ ਦਾ ਸਵਾਗਤ
ਕੀਤਾ। ਪ੍ਰਧਾਨ ਮੰਤਰੀ ਦੇ ਨਾਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਸ਼ਟਰੀ ਸਲਾਹਕਾਰ ਅਜੀਤ
ਢੋਬਾਲ, ਵਿਦੇਸ਼ ਸਕੱਤਰ ਸੁਜਾਤਾ ਸਿੰਘ ਅਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਐਸ ਜੈਸ਼ੰਕਰ
ਰਾਤ ਦੇ ਖ਼ਾਣੇ ਵਿੱਚ ਸ਼ਾਮਲ ਹੋਏ।
ਇਸ ਦੇ ਨਾਲ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੋ
ਬਿਡੇਨ, ਵਿਦੇਸ਼ ਮੰਤਰੀ ਜਾਨ ਕੈਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਸੇਨ ਰਾਇਸ ਅਤੇ
ਕੌਮਾਂਤਰੀ ਵਿਕਾਸ ਲਈ ਸੰਯੁਕਤ ਰਾਜ ਅਮਰੀਕੀ ਏਜੰਸੀ (ਯੂਐਸਏਆਈਡੀ) ਦੇ ਮੁਖੀ ਰਾਜੀਵ ਸ਼ਾਹ
ਸਮੇਤ ਅਮਰੀਕੀ ਆਗੂਆਂ ਦੀ ਟੀਮ ਰਾਤ ਦੇ ਖ਼ਾਣੇ ਵਿੱਚ ਮੌਜੂਦ ਸੀ। ਹਾਲਾਂਕਿ ਮਿਸ਼ੇਲ ਓਬਾਮਾ
ਇਸ ਖ਼ਾਣੇ ਵਿੱਚ ਸ਼ਾਮਲ ਨਹੀਂ ਸੀ।