ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਹਾਕੀ ਟੀਮ 12 ਸਾਲ ਬਾਅਦ ਫਾਇਨਲ 'ਚ ਪੁੱਜੀ
Posted on:- 30-09-2014
ਇੰਚਾਨ : ਭਾਰਤੀ
ਪੁਰਸ਼ ਹਾਕੀ ਟੀਮ ਨੇ ਅੱਜ ਇੰਚਾੱਨ ਵਿੱਚ ਮੇਜ਼ਮਾਨ ਕੋਰੀਆ ਨੂੰ 1-0 ਨਾਲ ਹਰਾ ਕੇ 12 ਸਾਲ
ਬਾਅਦ ਪਹਿਲੀ ਵਾਰ ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦੇ ਫਾਇਨਲ ਵਿੱਚ ਥਾਂ ਬਣਾਈ
ਹੈ। ਹੁਣ ਫਾਇਨਲ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ। ਅੱਜ ਹੋਏ ਪਹਿਲੇ
ਸੈਮੀਫਾਇਨਲ ਮੁਕਾਬਲੇ ਵਿੱਚ ਭਾਰਤ ਨੇ ਮੇਜ਼ਮਾਨ ਦੱਖਣੀ ਕੋਰੀਆ ਨੂੰ 1-0 ਨਾਲ ਹਰਾਇਆ।
ਦੂਜੇ ਸੈਮੀਫਾਇਨਲ ਵਿੱਚ ਪਾਕਿਸਤਾਨ ਅਤੇ ਮਲੇਸ਼ੀਆ ਦੇ ਦਰਮਿਆਨ ਮੁਕਾਬਲਾ ਨਿਰਧਾਰਤ ਸਮੇਂ
ਤੱਕ ਬਿਨਾਂ ਗੋਲ ਤੋਂ ਬਰਾਬਰੀ 'ਤੇ ਰਿਹਾ। ਇਸ ਤੋਂ ਬਾਅਦ ਮੈਚ ਪੈਨਲਟੀ ਸ਼ੂਟ ਆਊਟ 'ਚ
ਪਹੁੰਚਿਆ, ਜਿੱਥੇ ਪਾਕਿਸਤਾਨ ਨੇ ਮਲੇਸ਼ੀਆ ਨੂੰ 6-5 ਨਾਲ ਹਰਾ ਕੇ ਫਾਇਨਲ ਵਿੱਚ ਥਾਂ ਪੱਕੀ
ਕਰ ਲਈ ਹੈ।
ਪਹਿਲੇ ਸੈਮੀਫਾਇਨਲ 'ਚ ਅੱਜ ਪਹਿਲੇ ਦੋ ਕੁਆਰਟਰਾਂ 'ਚ ਕੋਈ ਗੋਲ ਨਾ ਹੋਣ
ਤੋਂ ਬਾਅਦ ਭਾਰਤੀ ਖਿਡਾਰੀ ਅਕਾਸ਼ਦੀਪ ਨੇ 44ਵੇਂ ਮਿੰਟ 'ਚ ਗੋਲ ਕਰਕੇ ਭਾਰਤ ਨੂੰ 1-0 ਦੀ
ਬੜਤ ਦਿਵਾ ਦਿੱਤੀ ਜੋ ਫੈਸਲਾਕੁਨ ਸਾਬਤ ਹੋਈ।
ਭਾਰਤੀ ਟੀਮ ਨੇ ਅੱਜ ਸ਼ੁਰੂਆਤ ਵਿੱਚ ਹੀ
ਮੈਚ ਵਿੱਚ ਦਬ ਦਬਾਅ ਬਣਾਈ ਰੱਖਿਆ ਅਤੇ ਨਿਯੰਤਰਣ 'ਚ ਦਿਖੀ, ਜਦਕਿ ਕੋਰੀਆ ਦੀ ਟੀਮ
ਭਾਰਤੀ ਰੱਖਿਆ ਪੰਕਤੀ ਨੂੰ ਪਿੱਛੇ ਧੱਕਣ 'ਚ ਨਾਕਾਮ ਰਹੀ।
ਭਾਰਤੀ ਟੀਮ ਨੇ ਲਗਾਤਾਰ
ਕੋਰੀਆ ਦੀ ਟੀਮ 'ਤੇ ਹਮਲੇ ਕੀਤੇ, ਜਦਕਿ ਵਿਰੋਧੀ ਟੀਮ ਅਜਿਹਾ ਕਰਨ ਵਿੱਚ ਨਾਕਾਮ ਰਹੀ।
ਭਾਰਤ ਨੂੰ ਗੋਲ ਕਰਨ ਦਾ ਪਹਿਲਾ ਮੌਕਾ 5ਵੇਂ ਮਿੰਟ 'ਚ ਮਿਲਿਆ, ਪਰ ਐਸਬੀ ਸੁਨੀਲ ਦੇ ਪਾਸ
ਨੂੰ ਧਰਮਵੀਰ ਸਿੰਘ ਆਪਣੇ ਕਬਜ਼ੇ ਵਿੱਚ ਲੈਣ 'ਚ ਨਾਕਾਮ ਰਹੇ ਅਤੇ ਗੋਲ ਵਿੱਚ ਨਾ ਬਦਲ ਸਕੇ।
ਦੂਜੇ ਕੁਆਰਟਰ ਦੇ ਤੀਜੇ ਮਿੰਟ 'ਚ ਭਾਰਤ ਨੂੰ ਲਗਾਤਾਰ 2 ਪੈਨਲਟੀ ਕਾਰਨਰ ਮਿਲੇ, ਪਰ
ਵਿਰੋਧੀ ਟੀਮ ਦੇ ਗੋਲਕੀਪਰ ਲੀ ਨੇ ਵੀ ਰਘੁਨਾਥ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ।
ਰਮਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਚਾਂਡੀ ਨੇ ਇੱਕ ਵਾਰ ਫ਼ਿਰ ਨਿਰਾਸ਼ ਕੀਤਾ, ਪਰ
ਬੀਰੇਂਦਰ ਲਾਕੜਾ, ਰਘੁਨਾਥ, ਮਨਪ੍ਰੀਤ ਸਿੰਘ ਅਤੇ ਰੁਪਿੰਦਰ ਪਾਲ ਸਿੰਘ ਦੀ ਰੱਖਿਆ ਪੰਕਤੀ
ਨੇ ਵਧਿਆ ਖੇਡ ਦਿਖ਼ਾਈ।
ਗੁਰਬਾਜ ਸਿੰਘ ਨੇ ਇੱਕ ਵਾਰ ਫ਼ਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ,
ਜਦਕਿ ਸੁਨੀਲ ਨੇ ਉਨ੍ਹਾਂ ਦਾ ਚੰਗਾ ਸਾਥ ਨਿਭਾਇਆ। ਭਾਰਤ ਨੂੰ ਲਗਾਤਾਰ ਯਤਨਾਂ ਤੋਂ ਬਾਅਦ
44ਵੇਂ ਮਿੰਟ ਵਿੱਚ ਉਦੋਂ ਸਫਲਤਾ ਮਿਲੀ, ਜਦੋਂ ਅਕਾਸ਼ਦੀਪ ਨੇ ਕਾਫ਼ੀ ਮੁਸ਼ਕਲ ਕੋਨ ਤੋਂ ਗੋਲ
ਕਰਦਿਆਂ ਟੀਮ ਨੂੰ 1-0 ਦੀ ਬੜਤ ਦਿਵਾ ਦਿੱਤੀ। ਇੱਕ ਗੋਲ ਨਾਲ ਪਛੜਨ ਤੋਂ ਬਾਅਦ ਕੋਰੀਆ ਦੀ
ਟੀਮ ਨੇ ਆਖ਼ਰੀ ਕੁਆਰਟਰ ਵਿੱਚ ਹਮਲੇ ਵਧਾ ਦਿੱਤੇ, ਪਰ ਭਾਰਤੀ ਰੱਖਿਆ ਪੰਕਤੀ ਨੂੰ ਮਾਤ
ਦੇਣ ਵਿੱਚ ਨਾਕਾਮ ਰਹੇ। ਕੋਰੀਆ ਨੂੰ ਮੈਚ ਖ਼ਤਮ ਹੋਣ ਤੋਂ ਸਿਰਫ਼ 2 ਮਿੰਟ ਪਹਿਲਾਂ ਪਹਿਲਾ
ਅਤੇ ਇੱਕ ਮਾਤਰ ਪੈਨਲਟੀ ਕਾਰਨਰ ਵੀ ਮਿਲਿਆ, ਪਰ ਭਾਰਤੀ ਰੱਖਿਆ ਪੰਕਤੀ ਨੇ ਇੱਕ ਵਾਰ ਫ਼ਿਰ
ਵਿਰੋਧੀ ਟੀਮ ਨੂੰ ਗੋਲ ਕਰਨ ਤੋਂ ਰੋਕ ਦਿੱਤਾ।