ਬਾਦਲ ਪਿੰਡ 'ਚ ਲੋਕਾਂ ਦੀ ਨਰਾਜ਼ਗੀ ਸਿਰਫ ਇਕ ਨਮੂਨਾ : ਬਾਜਵਾ
Posted on:- 30-09-2014
ਚੰਡੀਗੜ੍ਹ : ਸੂਬਾ
ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ
ਦੋਸ਼ਪੂਰਨ ਵਿਕਾਸ ਮਾਡਲ ਖਿਲਾਫ ਪਿੰਡ ਬਾਦਲ 'ਚ ਲੋਕਾਂ ਦੀ ਨਰਾਜ਼ਗੀ ਨੂੰ ਸੂਬੇ ਭਰ 'ਚ
ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਖਿਲਾਫ ਫੈਲੇ ਗੁੱਸੇ ਦਾ ਇਕ ਨਮੂਨਾ ਦੱਸਿਆ ਹੈ।
ਇੱਥੇ
ਜਾਰੀ ਬਿਆਨ 'ਚ ਸ. ਬਾਜਵਾ ਨੇ ਉਸ ਘਟਨਾ 'ਤੇ ਪ੍ਰਤੀਕਿਰਿਆ ਜਾਹਿਰ ਕੀਤੀ ਹੈ, ਜਦੋਂ ਉਪ
ਮੁੱਖ ਮੰਤਰੀ ਸਥਾਨਕ ਨਿਵਾਸੀਆਂ ਦੇ ਵਿਰੋਧ ਕਾਰਨ ਕਈ ਤਿਆਰੀਆਂ ਹੋਣ ਅਤੇ ਪਾਰਕ 'ਚ ਨੀਂਹ
ਪੱਥਰ ਲੱਗਣ ਦੇ ਬਾਵਜੂਦ ਉਨ੍ਹਾਂ ਦੇ ਜੱਦੀ ਪਿੰਡ ਬਾਦਲ 'ਚ ਵਿਕਾਸ ਕਾਰਜਾਂ ਦਾ ਨੀਂਹ
ਪੱਥਰ ਨਾ ਲਗਾ ਸਕੇ। ਉਨ੍ਹਾਂ ਕਿਹਾ ਕਿ ਪਾਰਕ ਬਣਾਉਣ ਦੇ ਇਸ ਪ੍ਰੋਜੈਕਟ ਅਧੀਨ ਪਿੰਡ ਦੇ
ਛੱਪੜ ਨੂੰ ਭਰਿਆ ਜਾਵੇਗਾ, ਜਿਸ ਨਾਲ ਨੇੜਲੇ ਘਰਾਂ 'ਚ ਪਾਣੀ ਭਰ ਜਾਵੇਗਾ।
ਉਨ੍ਹਾਂ
ਕਿਹਾ ਕਿ ਜੇ ਉਪ ਮੁੱਖ ਮੰਤਰੀ ਦੇ ਜੱਦੀ ਪਿੰਡ ਦਾ ਇਹ ਹਾਲ ਹੈ, ਜਿੱਥੇ ਉਹ ਲੋਕਾਂ 'ਤੇ
ਉਲਟਾ ਪ੍ਰਭਾਵ ਪਾਉਂਦੇ ਆਪਣੇ ਕਥਿਤ ਵਿਕਾਸ ਕਾਰਜਾਂ ਖਿਲਾਫ ਲੋਕਾਂ ਦੇ ਗੁੱਸੇ ਨੂੰ ਸਮਝਣ
'ਚ ਨਾਕਾਮ ਰਹੇ, ਅਜਿਹੇ 'ਚ ਕੋਈ ਵੀ ਸਮਝ ਸਕਦਾ ਹੈ ਕਿ ਕਿਵੇਂ ਸ਼ਾਸਕਾਂ ਨੇ ਖੁਦ ਨੂੰ
ਜਨਤਾ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡੇ ਪੱਧਰ ਦੇ ਇਸ ਵਿਕਾਸ ਮਾਡਲ
ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਬਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ
ਪ੍ਰੋਜੈਕਟਾਂ ਬਾਰੇ ਨੈਗੇਟਿਵ ਸੋਚ ਬਾਰੇ ਵੀ ਸਮਝਣਾ ਚਾਹੀਦਾ ਹੈ।
ਸ. ਬਾਜਵਾ ਨੇ
ਕਿਹਾ ਕਿ ਬਾਦਲ ਪਿੰਡ ਸਿੱਧੇ ਤੌਰ 'ਤੇ ਵੰਡਿਆ ਹੋਇਆ ਹੈ, ਜਿੱਥੇ ਬਾਦਲ ਪਰਿਵਾਰ ਦਾ ਕਰੀਬ
ਤਿੰਨ ਦਹਾਕਿਆਂ ਤੋਂ ਆਪਣਾ ਸਰਪੰਚ ਵੀ ਨਹੀਂ ਹੈ, ਕਿਉਂਕਿ ਪਿੰਡ ਦੇ ਲੋਕ ਇਸ ਪਰਿਵਾਰ ਦੇ
ਅਸਲੀ ਚਿਹਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਥੋਂ ਤੱਕ ਕਿ ਅਕਾਲੀ ਦਲ ਦੀ ਸਾਂਝੇਦਾਰ
ਭਾਜਪਾ ਉਪ ਮੁੱਖ ਮੰਤਰੀ ਦੇ ਕੰਮ ਕਰਨ ਦੇ ਢੰਗ ਅਤੇ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ
ਦਾ ਸਰ੍ਹੇਆਮ ਵਿਰੋਧ ਕਰ ਰਹੀ ਹੈ। ਇਸੇ ਕਾਰਨ ਨਰਿੰਦਰ ਮੋਦੀ ਸਰਕਾਰ ਉਸਦੇ ਬਚਾਅ 'ਚ ਅੱਗੇ
ਆਉਣ 'ਚ ਨਾਕਾਮ ਰਹੀ ਹੈ ਅਤੇ ਬਾਦਲਾਂ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ
ਵੇਚੇ ਸਾਰੇ ਸੁਫਨੇ ਟੁੱਟ ਚੁੱਕੇ ਹਨ।
ਉਨ੍ਹਾਂ ਕਾਂਗਰਸੀਆਂ ਨੂੰ ਇਨ੍ਹਾਂ ਲੋਕ
ਵਿਰੋਧੀ ਨੀਤੀਆਂ, ਅਕਾਲੀ ਆਗੂਆਂ ਦੀ ਗੁੰਡਾਗਰਦੀ ਤੇ ਸਰ੍ਹੇਆਮ ਲੁੱਟ ਖਿਲਾਫ ਸੰਘਰਸ਼ ਕਰਨ
ਲਈ ਕਿਹਾ ਹੈ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਲੋਕ ਸਭਾ ਚੋਣਾਂ ਤੋਂ
ਬਾਅਦ ਮਹਾਂਰਾਸ਼ਟਰ ਦੀ ਤਰ੍ਹਾਂ ਭਾਜਪਾ ਆਪਣੇ ਗਠਜੋੜ ਸਾਂਝੇਦਾਰ ਤੋਂ ਕਿਨਾਰਾ ਕਰ ਰਹੀ ਹੈ।