ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਿਸ ਮੋੜਨ ਬਦਲੇ ਕੈਨੇਡਾ ਸਰਕਾਰ ਮੁਆਫੀ ਮੰਗੇ
Posted on:- 30-09-2014
ਮੋਮਬੱਤੀਆਂ ਜਗਾ ਕੇ ਬਜਬਜਘਾਟ ਦੇ ਸ਼ਹੀਦਾਂ ਨੂੰ ਕੀਤਾ ਯਾਦ
-ਹਰਬੰਸ ਬੁੱਟਰ
ਕੈਲਗਰੀ: ਅੱਜ ਤੋਂ 100 ਸਾਲ ਪਹਿਲਾਂ ਕੈਨੇਡਾ ਦੇ ਸਮੁੰਦਰੀ ਤੱਟ ਤੋਂ ਭਾਰਤੀ ਮੁਸਾਫਿਰਾਂ ਨਾਲ ਭਰੇ ਜਹਾਜ਼ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਨੂੰ ਵਾਪਸਿ ਮੋੜ ਦੇਣ ਦੀ ਇਤਹਾਸਕ ਗਲਤੀ ਬਦਲੇ ਕੈਨੇਡਾ ਸਰਕਾਰ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਅੱਜ ਕੈਨੇਡਾ ਦੇ ਕੈਲਗਰੀ ਸਹਿਰ ਵਿਖੇ ਕਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਐਮ ਪੀ ਦਫਤਰ ਦੇ ਸਾਹਮਣੇ ਮੋਮਬੱਤੀਆਂ ਜਗਾਕੇ ਬਜਬਜਘਾਟ ਦੇ 19 ਸਹੀਦਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਇਹ ਮੰਗ ਰੱਖੀ ਗਈ ਕਿ ਜੇ ਕਰ ਕੈਨੇਡਾ ਸਰਕਾਰ ਬੀਤੇ ਦੌਰਾਨ ਸਮੇਂ ਦੀਆਂ ਸਰਕਾਰਾਂ ਵੱਲੋਂ ਹੋਈਆਂ ਗਲਤੀਆਂ ਦੀ ਮੁਆਫੀ ਪਾਰਲੀਮੈਂਟ ਵਿੱਚ ਮੰਗ ਸਕਦੀ ਹੈ ਤਾਂ ਫਿਰ ਭਾਰਤੀਆਂ ਪ੍ਰਤੀ ਇਹ ਵਿਤਕਰਾ ਕਿਉਂ ਅਪਣਾਇਆ ਜਾ ਰਿਹਾ ਹੈ।
ਅੱਜ ਔਟਵਾ ਵਿਖੇ ਪਾਰਲੀਮੈਂਟ ਵਿੱਚ ਵੀ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਹੈ। ਵਰਨਣਯੋਗ ਹੈ 29 ਸਤੰਬਰ 1914 ਨੂੰ ਅੱਜ ਦੇ ਦਿਨ ਕੈਨੇਡਾ ਤੋਂ ਵਾਪਿਸ ਮੋੜੇ ਗਏ ਕਾਮਾਗਾਟਾਮਾਰੂ ਜਹਾਜ਼ ਦੇ 19 ਮੁਸਾਫਿਰਾਂ ਨੁੰ ਕਲਕੱਤਾ ਦੀ ਬੰਦਰਗਾਹ ਬਜਬਜਘਾਟ ਉੱਪਰ ਉਸ ਸਮੇਂ ਦੀ ਗੋਰੀ ਭਾਰਤੀ ਸਰਕਾਰ ਵੱਲੋਂ ਗੋਲੀਆਂ ਨਾਲ ਸਹੀਦ ਕਰ ਦਿੱਤਾ ਗਿਆ ਸੀ । ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਮੁਸਾਫਿਰਾਂ ਨਾਲ ਭਰੇ ਇਸ ਜਹਾਜ਼ ਦੇ ਮੁਸਾਫਿਰਾਂ ਨੂੰ ਉਸ ਵੇਲੇ ਦੀ ਕਨੇਡੀਅਨ ਸਰਕਾਰ ਦੇ ਭੇਦਭਾਵ ਵਾਲੇ ਕਾਨੂੰਨ ਦਾ ਹੋਣ ਉਪਰੰਤ ਵਾਪਿਸ ਮੋੜ ਦਿੱਤਾ ਗਿਆ ਸੀ ਜਿਸ ਸਬੰਧੀ ਭਾਰਤੀ ਭਾਈਚਾਰੇ ਅੰਦਰ ਅੱਜ ਵੀ ਰੋਸ ਦੀ ਲਹਿਰ ਹੈ।
ਭਾਵੇਂ ਕਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇੱਕ ਵਾਰ ਬ੍ਰਿਟਿਸ ਕੋਲੰਬੀਆ ਦੀ ਧਰਤੀ ਉੱਪਰ ਇਹਨਾਂ ਬਾਬਿਆਂ ਦੀ ਯਾਦ ਵਿੱਚ ਲਗਾਏ ਗਏ ਮੇਲੇ ਦੌਰਾਨ ਸਟੇਜ ਉਪਰੋਂ ਮਾਪੀ ਮੰਗਣ ਦੀ ਗੱਲ ਕੀਤੀ ਸੀ ਪਰ ਉਸੇ ਸਮੇਂ ਹੀ ਉਸ ਦੇ ਹੱਥ ਵਿੱਚੋਂ ਮਾਈਕ ਖੋਹ ਲਿਆ ਗਿਆ ਸੀ ਅਤੇ ਕਨੇਡੀਅਨ ਪਾਰਲੀਮੈਂਟ ਅੰਦਰ ਇਸ ਮੁਆਫੀ ਨੂੰ ਲਿਖਤੀ ਰੂਪ ਵਿੱਚ ਮੰਗਣ ਲਈ ਲੋਕਾਂ ਨੇ ਬਾਹਵਾਂ ਖੜੀਆਂ ਕਰਕੇ ਮੰਗ ਕੀਤੀ ਸੀ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਦੱਸਿਆ ਕਿ ਇਸ ਤੋਂ ਜਪਾਨੀ ਭਾਈਚਾਰੇ, ਚੀਨੀ ਭਾਈਚਾਰੇ ਅਤੇ ਕੈਨੇਡਾ ਦੇ ਮੂਲ ਵਾਸੀਆਂ (ਫਸਟ ਨੇਸ਼ਨ ) ਤੋਂ ਕੈਨੇਡਾ ਸਰਕਾਰ ਬੀਤੇ ਦੌਰਾਨ ਹੋਈਆਂ ਗਲਤੀਆਂ ਦੀ ਮੁਆਫੀ ਮੰਗ ਚੁੱਕੀ ਹੈ ਪਰ ਸਾਡੇ ਭਾਈਚਾਰੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਰਿਸੀ ਨਾਗਰ,ਹਰਚਰਨ ਸਿੰਘ ਪਰਹਾਰ,ਗੁਰਬਚਨ ਸਿੰਘ,ਮਾਸਟਰ ਬਚਿੱਤਰ ਸਿੰਘ ਨੇ ਵੀ ਸੰਬੋਧਨ ਕਰਨ ਮੌਕੇ ਭੋਲਾ ਚੌਹਾਨ , ਬਲਵਿੰਦਰ ਬਿੰਦਾ, ਦਲਜੀਤ ਸੰਧੂ,ਇਕਬਾਲ ਖਾਨ,ਮਾਸਟਰ ਭਜਨ ਗਿੱਲ,ਪਾਲ ਸਹੋਤਾ ਸਰਵਜੀਤ ਸਿੰਘ ਐਡਮਿੰਟਨ,ਜਰਨੈਲ ਤੱਗੜ,ਸੁਰਿੰਦਰ ਸਿੰਘ,ਅਤੇ ਕਾਮਰੇਡ ਚੀਮਾ ਤੋਂ ਇਲਾਵਾ ਬਹੁਤ ਸਾਰੀਆਂ ਬੀਬੀਆਂ ਅਤੇ ਬੱਚੇ ਵੀ ਸ਼ਾਮਿਲ ਸਨ।