ਜਮਾਲਪੁਰ ਘਟਨਾ : ਪੰਜਾਬ ਸਰਕਾਰ ਵੱਲੋਂ ਖੰਨਾ ਦਾ ਐਸਐਸਪੀ ਮੁਅੱਤਲ
Posted on:- 30-09-2014
ਚੰਡੀਗੜ੍ਹ : ਮਾਛੀਵਾੜਾ
ਪੁਲਿਸ ਥਾਣੇ ਦੀ ਪੁਲਿਸ ਪਾਰਟੀ ਵੱਲੋਂ ਲੁਧਿਆਣਾ ਜਿਲ੍ਹੇ 'ਚ ਜਮਾਲਪੁਰ ਵਿਖੇ ਇਕ ਘਰ
'ਤੇ ਮਾਰੇ ਗਏ ਛਾਪੇ ਦੌਰਾਨ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਹਰਿੰਦਰ ਸਿੰਘ ਉਰਫ ਲਾਲੀ
ਤੇ ਜਤਿੰਦਰ ਸਿੰਘ ਉਰਫ ਗੋਲਡੀ ਦੋਵੇਂ ਪੁੱਤਰ ਸਤਪਾਲ ਸਿੰਘ ਵਾਸੀ ਬੋਹਾਪੁਰ ਪੁਲਿਸ ਥਾਣਾ
ਸਮਰਾਲਾ ਦੇ ਮਾਰੇ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਅੱਜ
ਖੰਨਾ ਦੇ ਐਸਐਸਪੀ ਹਰਸ਼ ਕੁਮਾਰ ਬਾਂਸਲ ਨੂੰ ਮੁਅੱਤਲ ਤੇ ਥਾਣਾ ਮਾਛੀਵਾੜਾ ਦੇ ਐਸਐਚਓ
ਮਨਜਿੰਦਰ ਸਿੰਘ ਨੂੰ ਬਰਤਰਫ ਕਰ ਦਿੱਤਾ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸਬੰਧ 'ਚ
ਕੱਲ੍ਹ ਲੁਧਿਆਣਾ ਸ਼ਹਿਰ 'ਚ ਜਮਾਲਪੁਰ ਥਾਣੇ 'ਚ ਆਈ.ਪੀ.ਸੀ. ਦੀ ਧਾਰਾ 302-34 ਤਹਿਤ
ਮੁਕੱਦਮਾ ਨੰਬਰ 125 ਦਰਜ ਕੀਤਾ ਗਿਆ ਸੀ ਤੇ ਪੁਲਿਸ ਪਾਰਟੀ 'ਚ ਸ਼ਾਮਿਲ ਸਿਪਾਹੀ ਯਾਦਵਿੰਦਰ
ਸਿੰਘ ਤੇ ਦੋ ਹੋਰ ਹੋਮਗਾਰਡਜ਼ ਅਜੀਤ ਸਿੰਘ ਤੇ ਬਲਦੇਵ ਸਿੰਘ ਤੋਂ ਇਲਾਵਾ ਉਨ੍ਹਾਂ ਨਾਲ ਗਏ
ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ੍ਿਰਲਆ ਗਿਆ ਸੀ।
ਇਹ ਜਾਣਕਾਰੀ ਦਿੰਦਿਆਂ ਐਮ.ਕੇ.
ਤਿਵਾੜੀ ਵਧੀਕ ਡੀ.ਜੀ.ਪੀ. ਪ੍ਰਸ਼ਾਸਨ ਪੰਜਾਬ ਨੇ ਕਿਹਾ ਕਿ ਆਈ.ਜੀ.ਜ਼ੋਨਲ ਜਲੰਧਰ ਨਿਰਮਲ
ਸਿੰਘ ਢਿੱਲੋਂ ਤੋਂ ਪ੍ਰਾਪਤ ਹੋਈ ਰਿਪੋਰਟ ਮੁਤਾਬਿਕ ਐਸਐਸਪੀ ਹਰਸ਼ ਕੁਮਾਰ ਬਾਂਸਲ ਨੇ
ਗੈਰਜਿੰਮੇਵਰਾਨਾ ਵਿਹਾਰ ਤੇ ਆਪਣੀ ਡਿਊਟੀ ਵਿਚ ਕੁਤਾਹੀ ਤੋਂ ਇਲਾਵਾ ਇਸ ਮਾਮਲੇ ਦੇ
ਵੱਖ-ਵੱਖ ਪਹਿਲੂਆਂ ਵਿਚ ਆਪਣੀ ਨਿਗਰਾਨੀ ਅਖਤਿਯਾਰ ਦੀ ਢੁਕਵੇਂ ਢੰਗ ਨਾਲ ਵਰਤੋਂ ਨਹੀਂ
ਕੀਤੀ। ਇਸ ਤੋਂ ਇਲਾਵਾ ਐਸਐਸਪੀ ਵੱਲੋਂ ਸਬੰਧਿਤ ਪੁਲਿਸ ਕਰਮਚਾਰੀਆਂ ਨੂੰ ਜੋ ਇਸ ਘਟਨਾ
ਨੂੰ ਪੁਲਿਸ ਮੁਕਾਬਲਾ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਬਚਾਉਣ ਦਾ ਵੀ ਯਤਨ ਕੀਤਾ ਹੈ।
ਆਈਜੀਪੀ ਜ਼ੋਨਲ ਦੀ ਰਿਪੋਰਟ ਮੁਤੱਾਬਿਕ ਐਸਐਸਪੀ ਇਸ ਮਾਮਲੇ ਦੀ ਤਹਿ ਤੱਕ ਜਾਣ ਵਿਚ
ਲੋੜੀਂਦੇ ਯਤਨ ਕਰਨ ਵਿਚ ਅਸਫਲ ਰਹੇ ਤੇ ਉਨ੍ਹਾਂ ਦ ਵਤੀਰਾ ਗੈਰ ਪੇਸ਼ੇਵਾਰਾਨਾ ਰਿਹਾ। ਉਕਤ
ਰਿਪੋਰਟ ਵਿਚ ਐਸਐਸਪੀ ਵੱਲੋਂ ਗੰਭੀਰ ਗੈਰ ਜਿੰਮੇਵਾਰੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਆਈ.ਜੀ.
ਜ਼ੋਨਲ ਜਲੰਧ੍ਰਰ ਵੱਲੋਂ ਡੀ.ਆਈ.ਜੀ. ਰੇਂਜ ਨੂੰ ਐਸ.ਐਸ.ਪੀ. ਖੰਨਾ ਤੇ ਖੰਨਾ ਪੁਲਿਸ ਦੇ
ਹੋਰ ਅਧਿਕਾਰੀਆਂ ਦੀ ਭੂਮਿਕਾ ਤੇ ਵਤੀਰੇ ਬਾਰੇ ਵਿਸਥਾਰਤ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ
ਤੇ ਐਸ.ਐਸ.ਪੀ. ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ
ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਡੀ.ਜੀ.ਪੀ. ਸੁਮੇਧ ਸਿੰਘ
ਵੱਲੋਂ ਇਸ ਮਾਮਲੇ 'ਤੇ ਵਿਚਾਰ ਕਰਨ ਉਪਰੰਤ ਜਿਲ੍ਹਾ ਪੁਲਿਸ ਮੁਖੀ ਨੂੰ ਤੁਰੰਤ ਪ੍ਰਭਾਵ
ਤੋਂ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਤਾਂ ਜੋ ਇਸ ਘਟਨਾ ਨਾਲ ਸਬੰਧਿਤ ਸਾਰੇ ਪਹਿਲੂਆਂ
ਦੀ ਨਿਰਪੱਖਤਾ ਨਾਲ ਜਾਂਚ ਹੋ ਸਕੇ।