ਸ਼ਹੀਦ–ਏ–ਆਜ਼ਮ ਭਗਤ ਸਿੰਘ ਦੀ ਭੈਣ ਦਾ ਦੇਹਾਂਤ
Posted on:- 30-09-2014
ਚੰਡੀਗੜ੍ਹ : ਸ਼ਹੀਦ ਭਗਤ
ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ ਦਾ ਕੈਨੇਡਾ ਵਿਚ ਦੇਹਾਂਤ ਹੋ ਗਿਆ। ਇਹ ਜਾਣਕਾਰੀ
ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਅੱਜ ਇੱਥੇ ਦਿੱਤੀ ਹੈ। ਪ੍ਰਕਾਸ਼ ਕੌਰ (96), ਸ਼ਹੀਦ
ਭਗਤ ਸਿੰਘ ਦੇ ਪਰਿਵਾਰ ਦੀ ਇਕੋ ਇਕ ਜਿਊਂਦੀ ਮੈਂਬਰ ਸੀ। ਪ੍ਰਕਾਸ਼ ਕੌਰ ਟਰਾਂਟੋ ਵਿਚ
ਰਹਿੰਦੀ ਸੀ। ਉਨ੍ਹਾਂ ਦੇ ਜਵਾਈ ਹਰਭਜਨ ਸਿੰਘ ਢੱਟ ਪੰਜਾਬ ਦੇ ਹੁਸ਼ਿਆਰਪੁਰ ਨੇੜੇ ਰਹਿੰਦੇ
ਹਨ। ਹਰਭਜਨ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਕੌਰ ਨੇ ਐਤਵਾਰ ਨੂੰ ਆਖ਼ਰੀ ਸਾਹ ਲਿਆ। ਪ੍ਰਕਾਸ਼
ਨੇ ਆਪਣੇ ਜਵਾਈ ਦੇ ਭਰਾ ਕੁਲਜੀਤ ਸਿੰਘ ਢੱਟ ਦੀ ਫ਼ਰਜ਼ੀ ਪੁਲਿਸ ਮੁਕਾਬਲੇ ਵਿਚ ਹੱਤਿਆ ਦੇ
ਮਾਮਲੇ ਨੂੰ ਚੁੱਕਿਆ ਸੀ। ਘਟਨਾ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਇਕ ਅਦਾਲਤ ਨੇ ਇਸ
ਸਾਲ ਦੇ ਸ਼ੁਰੂਆਤ ਵਿਚ ਦੋਸ਼ੀ ਠਹਿਰਾਇਆ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ 28 ਸਤੰਬਰ ਨੂੰ
ਸ਼ਹੀਦ ਭਗਤ ਸਿੰਘ ਦੇ 107ਵੇਂ ਜਨਮ ਦਿਨ ਮੌਕੇ ਹੀ ਉਨ੍ਹਾਂ ਦੀ ਭੈਣ ਪ੍ਰਕਾਸ਼ ਕੌਰ ਦਾ
ਦੇਹਾਂਤ ਹੋ ਗਿਆ। ਆਜ਼ਾਦੀ ਦੀ ਲੜਾਈ ਦੇ ਨਾਇਕ ਸਰਦਾਰ ਭਗਤ ਸਿੰਘ ਨੂੰ 23 ਮਾਰਚ 1931 ਨੂੰ
ਲਾਹੌਰ ਵਿਚ ਫਾਂਸੀ ਦੇ ਦਿੱਤੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਕਾਸ਼ ਕੌਰ ਦੇ ਦੇਹਾਂਤ 'ਤੇ ਡੂੰਘੇ
ਦੁੱਖ ਦਾ ਇਜਹਾਰ ਕੀਤਾ ਹੈ।