ਜਾਅਲੀ ਪੁਲਿਸ ਮੁਕਾਬਲੇ ਵਿਰੁੱਧ ਲੋਕਾਂ ਵੱਲੋਂ ਨੀਲੋਂ ਪੁਲ 'ਤੇ ਧਰਨਾ
Posted on:- 29-09-2014
ਜਿਹੜਾ ਅੰਤਿਮ ਸਸਕਾਰ 'ਚ ਸ਼ਾਮਲ ਹੋਵੇਗਾ, ਉਸ ਨੂੰ ਭੁੰਨ ਦੇਵਾਂਗੇ
ਮਾਛੀਵਾੜਾ, ਸਮਰਾਲਾ : ਕੱਲ੍ਹ
ਸਵੇਰੇ ਮਾਛੀਵਾੜਾ ਦੀ ਪੁਲਿਸ ਪਾਰਟੀ ਦਾ ਸ਼ਿਕਾਰ ਹੋਏ ਦੋ ਨੌਜਵਾਨ ਭਾਈਆਂ ਦੀਆਂ ਲਾਸ਼ਾਂ
ਗੱਡੀ 'ਚ ਰੱਖ ਕੇ ਪਰਿਵਾਰ ਤੇ ਪਿੰਡ ਵਾਸੀਆਂ ਦਾ ਗੁੱਸੇ ਦਾ ਗੁਬਾਰ ਉਸ ਵੇਲੇ ਫੁੱਟ ਪਿਆ
ਤੇ ਉਨ੍ਹਾਂ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਪਿੰਡ ਨੀਲੋਂ ਦੇ ਨੇੜੇ ਸੜਕ 'ਤੇ ਜਾਮ ਲਾ ਕੇ
ਧਰਨਾ ਲਾ ਦਿੱਤਾ।
ਧਰਨਾਕਾਰੀਆਂ ਦਾ ਦੋਸ਼ ਸੀ ਕਿ ਮੁਸ਼ਕਲ ਨਾਲ ਅਜੇ ਨੌਜਵਾਨਾਂ ਦੀ ਮੌਤ
ਨੂੰ ਕੁੱਝ ਘੰਟੇ ਹੀ ਗੁਜ਼ਰੇ ਨੇ ਪਰ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਨੇ। ਇੱਧਰ ਕੱਲ੍ਹ
ਸ਼ਾਮ ਤੋਂ ਮਾਛੀਵਾੜਾ ਹੋਵੇ ਜਾਂ ਬੋਹਾਪੁਰ ਸਾਰੇ ਇਲਾਕੇ ਦੀਆਂ ਸੜਕਾਂ ਨੂੰ ਪੁਲਿਸ ਛਾਉਣੀ
'ਚ ਤਬਦੀਲ ਕਰ ਦਿੱਤਾ। ਪੁਲਿਸ ਮਹਿਕਮਾ ਪਹਿਲਾਂ ਹੀ ਇਸ ਧਰਨੇ ਦੇ ਲਈ ਤਿਆਰੀ ਕਰ ਚੁੱਕਾ
ਸੀ। ਮੌਕੇ 'ਤੇ ਹੀ ਜਾਮ ਨਾ ਲੱਗਣ ਦੇਣ ਦੇ ਲਈ ਟ੍ਰੈਫਿਕ ਹੋਰਨਾਂ ਰਸਤਿਆਂ ਨੂੰ ਮੋੜ
ਦਿੱਤਾ। ਉੱਧਰ ਪਿੰਡ ਬੋਹਾਪੁਰ ਤੇ ਨੇੜਲੇ ਪਿੰਡ ਵਾਸੀਆਂ ਦੇ ਨਾਲ ਲਾਸ਼ਾਂ ਨੂੰ ਲੈ ਕੇ
ਧਰਨੇ ਤੇ ਜਾਮ ਲਗਾ ਕੇ ਬੈਠੇ ਲੋਕ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਸਨ ਨੇ ਜਾਮ ਨਾ ਲਗਦਾ
ਦੇਖ ਕੇ ਆਪਣਾ ਧਰਨਾ ਉਠਾ ਕੇ ਸਮਰਾਲੇ ਥਾਣੇ ਦੇ ਬਾਹਰ ਸੜਕ 'ਤੇ ਲਗਾ ਦਿੱਤਾ।
ਕਰੀਬ
ਡੇਢ ਘੰਟੇ ਚੱਲੇ ਇਸ ਧਰਨੇ ਤੋਂ ਬਾਅਦ ਆਖਿਰ ਡਿਊਟੀ ਮਜਿਸਟਰੇਟ ਤੇ ਮਾਛੀਵਾੜਾ ਦੇ
ਤਹਿਸੀਲਦਾਰ ਵਿਵੇਕ ਨਿਰਮੋਹੀ ਦੇ ਵਿਸ਼ਵਾਸ ਦੇਣ ਤੋਂ ਬਾਅਦ ਉਨ੍ਹਾਂ ਮੰਗ ਪੱਤਰ ਦੇਣ 'ਤੇ
ਧਰਨਾ ਖਤਮ ਕਰ ਦਿੱਤਾ। ਇਸ ਧਰਨੇ ਦੌਰਾਨ ਪ੍ਰਸ਼ਾਸਨ ਤੇ ਪੁਲਸ ਅਧਿਕਾਰੀਆਂ ਦੇ ਖਿਲਾਫ਼ ਭਾਰੀ
ਨਾਅਰੇ ਬਾਜ਼ੀ ਕੀਤੀ ਗਈ। ਧਰਨਾ ਖਤਮ ਹੋਣ ਤੋਂ ਬਾਅਦ ਪੁਲਸ ਦੇ ਸਖ਼ਤ ਪ੍ਰਬੰਧਾਂ ਹੇਠ
ਦੋਨਾਂ ਨੌਜਵਾਨ ਭਰਾਵਾਂ ਦਾ ਅੰਤਿਮ ਸੰਸਕਾਰ ਦੇ ਲਈ ਪਿੰਡ ਬੋਹਾਪੁਰ ਲੈ ਕੇ ਜਾਇਆ ਗਿਆ।
ਐਸਐਚਓ ਮਾਛੀਵਾੜਾ ਦਾ ਨਾਮ ਪਰਚੇ 'ਚ ਕਿਉਂ ਨਹੀਂ ?
ਧਰਨੇ
ਦੇ ਦੌਰਾਨ ਦੋਸ਼ ਲਗਾ ਰਹੇ ਲੋਕਾਂ ਨੇ ਕਿਹਾ ਕਿ ਐਸ. ਐਚ. ਓ. ਦੀ ਸ਼ਹਿ 'ਤੇ ਹੀ ਇਹ ਸਾਰਾ
ਦੁਖਾਂਤ ਹੋਇਆ ਹੈ। ਜਦੋਂ ਡਿਊਟੀ ਦੇ ਦੌਰਾਨ ਇਸ ਦਾ ਉੱਥੇ ਜਾਣਾ ਪੁਲਸ ਮੰਨ੍ਹ ਰਹੀ ਹੈ
ਤਾਂ ਫਿਰ ਉਸ ਦਾ ਨਾਮ ਪਰਚੇ 'ਚ ਕਿਉਂ ਨਹੀਂ ਪਾਇਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ
'ਚੋਂ ਉਸਦੀ ਮਾਂ ਗੁਰਮੀਤ ਕੌਰ ਤੇ ਪਿਤਾ ਸੱਤਪਾਲ ਸਿੰਘ ਤੇ ਹੋਰ ਰਿਸ਼ਤੇਦਾਰਾਂ 'ਚੋਂ
ਮਨਪ੍ਰੀਤ ਕੌਰ, ਲਖਵੀਰ ਕੌਰ, ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਵੀ
ਧਮਕੀਆਂ ਮਿਲ ਰਹੀਆਂ ਨੇ ਕਿ ਜਿਹੜਾ ਵੀ ਪਿੰਡ ਵਾਸੀ ਇਨ੍ਹਾਂ ਮ੍ਰਿਤਕ ਭਰਾਵਾਂ ਦੀ ਅੰਤਿਮ
ਯਾਤਰਾ 'ਚ ਸ਼ਾਮਲ ਹੋਵੇਗਾ ਉਨ੍ਹਾਂ ਨੂੰ ਵੀ ਗੋਲੀਆਂ ਨਾਲ ਭੁੰਨ੍ਹ ਦਿੱਤਾ ਜਾਵੇਗਾ। ਜਿਸ
ਕਾਰਨ ਧਰਨਾ ਲਗਾਇਆ ਗਿਆ। ਇਸ ਤੋਂ ਇਲਾਵਾ ਧਰਨਾ ਕਾਰੀਆਂ ਨੇ ਪੀਟਰ, ਜੋਰਜੀ ਖੋਖਰਾਂ,
ਜਸਵੰਤ ਸਿੰਘ ਕੁੱਬੇ ਆਦਿ ਨੂੰ ਵੀ ਇਸ ਕੇਸ 'ਚ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ।
ਭੈਣ ਨੂੰ ਮਿਲੇ ਸਰਕਾਰੀ ਨੌਕਰੀ?
ਧਰਨੇ
'ਤੇ ਬੈਠੇ ਲੋਕਾਂ ਨੂੰ ਜਦੋ ਧਰਨੇ ਨੂੰ ਖਤਮ ਕਰਨ ਦੇ ਲਈ ਕਿਹਾ ਗਿਆ ਤਾਂ ਇੱਕ ਸਾਦੇ
ਕਾਗਜ਼ 'ਤੇ ਉਨ੍ਹਾਂ ਆਪਣੀਆਂ ਮੰਗਾਂ ਲਿਖ ਕੇ ਦਿੱਤੀਆਂ। ਜਿਸ ਦੇ ਅਨੁਸਾਰ ਗਰੀਬ ਤੇ ਦਲਿਤ
ਭਾਈਚਾਰੇ ਨਾਲ ਸਬੰਧਿਤ ਇਸ ਪਰਿਵਾਰ ਦੇ ਦੋਨੋਂ ਪੁੱਤਰ ਹੀ ਪੁਲਸ ਦੀ ਦਰਿੰਦਗੀ ਦਾ ਸ਼ਿਕਾਰ
ਹੋ ਗਏ, ਉਨ੍ਹਾਂ ਦੀ ਇੱਕਲੌਤੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ 1 ਕਰੋੜ ਰੁਪਏ
ਦੀ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ। ਇਸ ਕਤਲ ਕਾਂਡ 'ਚ ਪੁਲਸ ਮੁਲਾਜ਼ਮਾਂ ਦੇ ਸ਼ਾਮਲ ਹੋਣ
ਕਾਰਨ ਇਸ ਕੇਸ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਵੇ।