ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ
Posted on:- 29-09-2014
ਨਵੀਂ ਦਿੱਲੀ : ਮਹਾਰਾਸ਼ਟਰ
ਵਿੱਚ ਕਾਂਗਰਸ ਅਤੇ ਐਨਸੀਪੀ ਦੇ 15 ਸਾਲ ਪੁਰਾਣੇ ਗੱਠਜੋੜ ਦੇ ਟੁੱਟਣ ਤੋਂ ਬਾਅਦ ਮੁੱਖ
ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਅਸਤੀਫ਼ਾ ਦੇ ਦਿੱਤਾ। ਅਸਤੀਫ਼ੇ ਤੋਂ ਬਾਅਦ ਅੱਜ ਮਹਾਰਾਸ਼ਟਰ
ਵਿੱਚ ਰਾਸ਼ਟਰਪਤੀ ਸਾਸ਼ਨ ਲਾਗੂ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਦੇ ਇੱਕ ਬੁਲਾਰੇ ਨੇ ਦੱਸਿਆ
ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮਹਾਰਾਸ਼ਟਰ ਵਿੱਚ ਕੇਂਦਰੀ ਸ਼ਾਸਨ ਨੂੰ ਲਾਗੂ ਕਰਨ ਦੇ
ਹੁਕਮਾਂ 'ਤੇ ਦਸਤਖ਼ਤ ਕੀਤੇ।
ਸ਼ਨੀਵਾਰ ਨੂੰ ਕੇਂਦਰੀ ਕੈਬਨਿਟ ਨੇ ਰਾਜ ਵਿੱਚ ਰਾਸ਼ਟਰਪਤੀ
ਸ਼ਾਸਨ ਲਾਗੂ ਕਰਨ ਦੀ ਸਿਫਾਰਸ਼ ਕੀਤੀ ਸੀ। ਕੱਲ੍ਹ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ
ਪ੍ਰਧਾਨਗੀ ਵਿੱਚ ਕੈਬਨਿਟ ਦੀ ਬੈਠਕ ਹੋਈ ਸੀ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਅਮਰੀਕਾ ਦੇ ਦੌਰੇ 'ਤੇ ਹਨ। ਇਸ ਲਈ ਰਾਜਨਾਥ ਸਿੰਘ ਨੇ ਬੈਠਕ ਦੀ ਪ੍ਰਧਾਨਗੀ ਕੀਤੀ ਸੀ।
ਐਨਸੀਪੀ ਵੱਲੋਂ ਸਮਰਥਨ ਵਾਪਸ ਲਏ ਜਾਣ ਦੇ ਨਾਲ ਹੀ ਪਿਛਲੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ
ਪ੍ਰਿਥਵੀ ਰਾਜ ਚਵਾਨ ਨੇ ਅਸਤੀਫ਼ਾ ਦੇ ਦਿੱਤਾ ਸੀ। ਰਾਜਪਾਲ ਵਿੱਦਿਆ ਸਾਗਰ ਰਾਵ ਨੇ ਉਨ੍ਹਾਂ
ਦਾ ਅਸਤੀਫ਼ਾ ਸਵੀਕਾਰ ਕਰ ਲਿਆ ਸੀ।
ਮਹਾਰਾਸ਼ਟਰ ਵਿੱਚ 15 ਅਕਤੂਬਰ ਨੂੰ ਵਿਧਾਨ ਸਭਾ
ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਮੱਦੇਨਜ਼ਰ ਰਾਜਪਾਲ ਨੇ ਕੇਂਦਰ ਨੂੰ ਭੇਜੀ ਆਪਣੀ ਰਿਪੋਰਟ
ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਸ਼ ਕੀਤੀ ਸੀ।
ਐਨਸੀਪੀ ਦੇ ਸੁਪਰੀਮੋ ਸ਼ਰਦ
ਪਵਾਰ ਨੇ ਸ੍ਰੀ ਚਵਾਨ 'ਤੇ ਉਨ੍ਹਾਂ ਦੀ ਅਣਦੇਖੀ ਕਰਨ ਅਤੇ ਸੀਟਾਂ ਦੇ ਤਾਲਮੇਲ 'ਤੇ
ਸਹਿਯੋਗ ਨਾ ਕਰਨ ਦੇ ਦੋਸ਼ ਲਗਾਏ ਸਨ ਅਤੇ ਕੁਝ ਮਤਭੇਦਾਂ ਕਾਰਨ ਇਹ ਗੱਠਜੋੜ ਬੀਤੇ ਦਿਨ
ਟੁੱਟ ਗਿਆ ਸੀ, ਜਿਸ ਕਰਕੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਪਿਆ। ਕਾਂਗਰਸ ਨੇਤਾ ਰਸੀਦ
ਅਲਬੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦਿੱਤਾ ਸੀ। ਰਾਜ
ਵਿੱਚ ਇੱਕ ਕਾਰਜਕਾਰੀ ਮੁੱਖ ਮੰਤਰੀ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਸੀ। ਰਾਸ਼ਟਰਪਤੀ
ਸਾਸ਼ਨ ਲਗਾਉਣ ਦੀ ਜ਼ਰੂਰਤ ਹੀ ਨਹੀਂ ਸੀ। ਐਨਸੀਪੀ ਦੇ 62 ਵਿਧਾਇਕਾਂ ਦੇ ਸਮਰਥਨ ਵਾਪਸੀ ਤੋਂ
ਬਾਅਦ ਰਾਜ ਸਰਕਾਰ ਘੱਟ ਗਿਣਤੀਆਂ ਵਿੱਚ ਆ ਗਈ ਸੀ।