ਨਵੇਂ ਸਮਾਜ ਦਾ ਹੋਕਾ ਦੇ ਗਿਆ ਭਾਅ ਜੀ ਦੀ ਯਾਦ ਵਿੱਚ ਰਾਤ ਭਰ ਦਾ ਨਾਟਕ ਮੇਲਾ
Posted on:- 28-09-2014
ਬਰਨਾਲਾ: ਪੰਜਾਬੀ ਰੰਗ ਮੰਚ ਦੇ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਯਾਦ ’ਚ ਸਥਾਨਕ ਦਾਣਾ ਮੰਡੀ ’ਚ ਮਨਾਏ ਇਨਕਲਾਬੀ ਰੰਗ ਮੰਚ ਦੇ ਦਿਹਾੜੇ ਮੌਕੇ ਸਾਰੀ ਰਾਤ ਹੋਇਆ ਸੂਬਾਈ ਨਾਟਕ ਮੇਲਾ, ਲੋਕਾਂ ਦੇ ਉਮੜੇ ਸ਼ੈਲਾਬ ਦੇ ਮਨਾਂ ’ਤੇ ਅਮਿੱਟ ਛਾਪ ਛੱਡ ਗਿਆ।ਗੁਰਸ਼ਰਨ ਭਾਅ ਜੀ ਦੇ ਹੱਥੀਂ ਕੋਈ ਤਿੰਨ ਦਹਾਕੇ ਪਹਿਲਾਂ ਲਾਏ ਬੂਟੇ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਆਪਣੀਆਂ ਸੰਗੀ-ਸਾਥੀ ਸਾਹਿਤਕ/ਸਭਿਆਚਾਰਕ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਏ ਇਸ ਨਾਟਕ ਮੇਲੇ ’ਚ ਚੋਟੀ ਦੇ ਬੁੱਧੀਜੀਵੀ, ਰੰਗ ਕਰਮੀ, ਲੇਖਕ, ਸਾਹਿਤਕਾਰ, ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ ਅਤੇ ਵਿਸ਼ੇਸ਼ ਕਰਕੇ ਔਰਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।
ਦਾਣਾ ਮੰਡੀ ਨੂੰ ਝੰਡਿਆਂ, ਮਾਟੋਆਂ ਅਤੇ ਬੈਨਰਾਂ ਨਾਲ ਸਜਾਇਆ ਗਿਆ। ਨਾਟਕ ਮੇਲੇ ’ਚ ਵਿਸ਼ਾਲ ਗਿਣਤੀ ਵਿੱਚ ਲੱਗੀਆਂ ਪੁਸਤਕ ਸਟਾਲਾਂ ਆਪਣੇ ਆਪ ’ਚ ਮੇਲੇ ’ਚ ਇੱਕ ਹੋਰ ਪੁਸਤਕ ਮੇਲੇ ਦਾ ਪ੍ਰਭਾਵ ਸਿਰਜ ਰਹੀਆਂ ਸਨ।ਨਾਟਕ ਮੇਲਾ ਕਾਮਾਗਾਟਾ ਮਾਰੂ ਬਜ ਬਜ ਘਾਟ ਦੇ ਸਾਕੇ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ 27 ਸਤੰਬਰ 2011 ਨੂੰ ਇਸ ਰਾਤ ਗੁਰਸ਼ਰਨ ਸਿੰਘ ਦਾ ਵਿਛੋੜਾ ਹੋਇਆ ਇਸ ਰਾਤ ਨੂੰ ਭਗਤ ਸਿੰਘ ਦਾ ਜਨਮ ਹੋਇਆ। ਕਾਮਾਗਾਟਾ ਮਾਰੂ, ਭਗਤ ਸਿੰਘ ਅਤੇ ਗੁਰਸ਼ਰਨ ਸਿੰਘ ਤਿੰਨੇ ਇਤਿਹਾਸਕ ਘਟਨਾਵਾਂ ਦੀ ਅਭੁੱਲ ਦੇਣ ਨੂੰ ਕਲਾਵੇ ’ਚ ਲੈਂਦੇ ਮੇਲੇ ਦੇ ਰੰਗ ਡੁੱਲ੍ਹ-ਡੁੱਲ੍ਹ ਪੈ ਰਹੇ ਸਨ।ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਦਿਓ-ਕੱਦ ਤਸਵੀਰਾਂ ਨੂੰ ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਕੈਲਾਸ਼ ਕੌਰ, ਬੇਟੀਆਂ ਡਾ. ਨਵਸ਼ਰਨ, ਡਾ. ਅਰੀਤ, ਡਾ. ਅਤੁਲ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਅਗਵਾਈ ਦੇ ਸੂਬਾ ਕਮੇਟੀ, ਪ੍ਰੋ. ਅਜਮੇਰ ਸਿੰਘ ਔਲਖ, ਓਮ ਪ੍ਰਕਾਸ਼ ਗਾਸੋ ਸਮੇਤ ਪੰਜਾਬ ਦੀਆਂ ਦਰਜਨਾਂ ਨਾਟਕ ਅਤੇ ਸੰਗੀਤ ਮੰਡਲੀਆਂ ਦੀ ਨਿਰਦੇਸ਼ਕਾਂ, ਰੰਗ ਕਰਮੀਆਂ, ਗੀਤਕਾਰਾਂ, ਸੰਗੀਤਕਾਰਾਂ ਅਤੇ ਗਾਇਕ ਕਲਾਕਾਰਾਂ ਤੋਂ ਇਲਾਵਾ ਕੋਈ ਚਾਰ ਦਰਜਣ ਤੋਂ ਵੱਧ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਹੱਥਾਂ ਚ ਬਲਦੇ ਚਿਰਾਗ ਲੈ ਕੇ ਫੁੱਲ-ਮਾਲਾਵਾਂ ਨਾਲ ਸ਼ਰਧਾਂਜ਼ਲੀ ਅਰਪਿਤ ਕੀਤੀ।
ਇਸ ਮੌਕੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਗ਼ਦਰੀ ਦੇਸ਼ ਭਗਤਾਂ, ਸ਼ਹੀਦ ਭਗਤ ਸਿੰਘ ਅਤੇ ਗੁਰਸ਼ਰਨ ਸਿੰਘ ਦੀਆਂ ਪਾਈਆਂ ਪੈੜਾਂ ’ਤੇ ਅੱਗੇ ਵਧਦਿਆਂ, ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਲੋਕਾਂ ਦੀ ਪੁੱਗਤ ਵਾਲੇ ਨਵੇਂ ਸਮਾਜ ਦੀ ਸਿਰਜਣਾ ਲਈ ਲੋਕ-ਸੰਗਰਾਮ ਜਾਰੀ ਰੱਖਣ ਦਾ ਅਹਿਦ ਅੱਗੇ ਅੱਗੇ ਪੜ੍ਹਿਆ ਅਤੇ ਖਚਾ-ਖਚ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਪਿੱਛੇ-ਪਿੱਛੇ ਬੁਲੰਦ ਆਵਾਜ਼ ’ਚ ਬੋਲਿਆ। ਸਮਾਗਮ ਦੀ ਇਸ ਮਹੱਤਵਪੂਰਣ ਅਤੇ ਮੁੱਲਵਾਨ ਕੜੀ ਦਾ ਮਰਦਾਂ-ਔਰਤਾਂ ਨੇ ਆਕਾਸ਼ ਗੂੰਜਾੳੂ ਨਾਅਰਿਆਂ ਨਾਲ ਹੁੰਗਾਰਾ ਭਰਿਆ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਗੁਰਸ਼ਰਨ ਭਾਅ ਜੀ ਭਾਵੇਂ ਜਿਸਮਾਨੀ ਤੌਰ ’ਤੇ ਵਿੱਛੜ ਗਏ ਪਰ ਉਹਨਾਂ ਦੀ ਪ੍ਰਤੀਬੱਧਤਾ ਅਤੇ ਨਿਹਚਾ ਦੇ ਰੰਗ ’ਚ ਰੰਗਿਆਂ, ਲੋਕਾਂ ਦੇ ਸਰੋਕਾਰਾਂ ਅਤੇ ਮੁਕਤੀ ਨੂੰ ਪਰਨਾਇਆ ਇਨਕਲਾਬੀ ਰੰਗ ਮੰਚ ਉਹਨਾਂ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਨ ਲਈ ਸਦਾ ਸੰਘਰਸ਼ਸ਼ੀਲ ਰਹੇਗਾ। ਅਮੋਲਕ ਸਿੰਘ ਨੇ ਕਿਹਾ ਕਿ ਚੋਟੀ ਦੇ ਕਵੀ ਵਰਵਰਾ ਰਾਓ, ਜਤਿਨ ਮਰਾਂਡੀ, ਕਬੀਰ ਕਲਾ ਮੰਚ ਅਤੇ ਬਾਲ ਕਲਾ ਮੰਚ ਛਤੀਸਗੜ੍ਹ ਦੀ ਗਿ੍ਰਫਤਾਰੀ ਸਮੂਹ ਜਮਹੂਰੀ ਸ਼ਕਤੀਆਂ ਲਈ ਤਿੱਖੀ ਚਣੌਤੀ ਹੈ।
ਗੁਰਸ਼ਰਨ ਭਾਅ ਜੀ ਦੀ ਧੀ ਡਾ. ਨਵਸ਼ਰਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਦੇ ਸਿਰ ਦਰਪੇਸ਼ ਤਿੱਖੀਆਂ ਚੁਣੌਤੀਆਂ ਖਾਸ ਕਰਕੇ ਔਰਤ ਵਰਗ ਦੀ ਤਰਾਸਦੀ ਨੂੰ ਮੁਖ਼ਾਤਬ ਸਾਡੇ ਪਿਤਾ ਦੇ ਰੰਗ ਮੰਚ ਦਾ ਭਵਿੱਖ ਰੌਸ਼ਨ ਹੈ।ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਕਾਮਾਗਾਟਾ ਮਾਰੂ ਦੀ ਸ਼ਤਾਬਦੀ ਨੂੰ ਸਮਰਪਤ ਗੁਰਸ਼ਰਨ ਸਿੰਘ ਯਾਦਗਾਰੀ ਨਾਟਕ ਮੇਲਾ ਪੰਜਾਬ ਦੇ ਇਤਿਹਾਸ ਵਿੱਚ ਸਿਰਮੌਰ ਸਥਾਨ ਹਾਸਲ ਕਰ ਗਿਆ ਹੈ। ਉਹਨਾਂ ਕਿਹਾ ਇਹ ਮੇਲਾ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਚੇਤਨਾ ਦਾ ਜਾਗ ਲਾਏਗਾ।
ਨਾਟਕਾਂ ਭਰੀ ਰਾਤ ’ਚ ਯੁਵਾ ਥੀਏਟਰ ਜਲੰਧਰ ਡਾ. ਅੰਕੁਰ ਸ਼ਰਮਾ (ਜਿੱਥੇ ਕਵਿਤਾ ਖ਼ਤਮ ਹੰੁਦੀ ਹੈ) ਸੁਚੇਤਕ ਰੰਗ ਮੰਚ ਮੁਹਾਲੀ, ਅਨੀਤਾ ਸ਼ਬਨੀਸ਼ (ਇੱਕੋ ਮਿੱਟੀ ਦੇ ਪੁੱਤ), ਪੀਪਲਜ ਥੀਏਟਰ ਸੈਮੂਅਲ ਜੌਨ (ਆ ਜਾਓ ਦੇਈਏ ਹੋਕਾ) ਅਤੇ ਲੋਕ ਰੰਗ ਮੰਚ, ਚੰਨ ਚਮਕੌਰ ਅਤੇ ਨਿਰਮਲ ਧਾਲੀਵਾਲ (ਗਾਥਾ-ਏ-ਗ਼ਦਰ) ਨਾਟਕ ਖੇਡੇ ਜਾਣਗੇ।ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ਸੰਗੀਤ ਨਾਟ ‘ਇੱਕ ਰਾਤ ਦੋ ਸੂਰਜ’ ਚੇਤਨਾ ਕਲਾ ਕੇਂਦਰ ਬਰਨਾਲਾ (ਨਿਰਦੇਸ਼ਕ ਹਰਵਿੰਦਰ ਦੀਵਾਨਾ) ਵੱਲੋਂ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਇੱਕ ਰਾਤ ਦੀ ਕਹਾਣੀ ਪੇਸ਼ ਕੀਤੀ ਗਈ।ਮਾਸਟਰ ਰਾਮ ਕੁਮਾਰ ਭਦੌੜ, ਸਵਰਨ ਰਸੂਲਪੁਰੀ, ਜਗਸੀਰ ਜੀਦਾ, ਇਕਬਾਲ ਉਦਾਸੀ ਅਤੇ ਅੰਮਿ੍ਰਤਪਾਲ ਬਠਿੰਡਾ ਨੇ ਗੀਤ-ਸੰਗੀਤ ਨਾਲ ਸਰੋਤਿਆਂ ਨੂੰ ਕੀਲ ਲਿਆ।ਨਾਟਕ ਮੇਲੇ ਦਾ ਮੰਚ ਸੰਚਾਲਨ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੀਤਾ। ਉਨ੍ਹਾਂ ਸਮੂਹ ਜੰਥੇਬੰਦੀਆਂ ਅਤੇ ਲੋਕਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ।