ਭਾਰਤ ਸੰਸਾਰ ਦੇ ਸਾਰੇ ਲੋਕਾਂ ਨੂੰ ਵੱਡੇ ਟੱਬਰ ਦੇ ਜੀਅ ਸਮਝਦਾ : ਮੋਦੀ
Posted on:- 28-09-2014
ਨਿਊਯਾਰਕ : ਭਾਰਤ
ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ 'ਚ ਹਿੰਦੀ ਵਿੱਚ ਭਾਸ਼ਣ
ਦਿੰਦਿਆਂ ਕਿਹਾ ਕਿ ਭਾਰਤ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਬਦਲਾਅ 'ਚੋਂ ਲੰਘ ਰਿਹਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਕਦੇ ਵੀ ਕੁਦਰਤ ਨਾਲ ਸੰਘਰਸ਼
ਨਹੀਂ ਕਰਦਾ, ਸਗੋਂ ਤਾਲਮੇਲ ਦੇ ਸਿਧਾਂਤ ਅਤੇ ਦਰਸ਼ਨ ਦੇ ਨਾਲ ਕੰਮ ਕਰਦਾ ਹੈ ਅਤੇ ਅੱਗੇ
ਵਧਦਾ ਹੈ।
ਦੁਨੀਆ ਭਰ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ
ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਨਿਆਂ ਅਤੇ ਸ਼ਾਂਤੀ ਲਈ ਲੜਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ
ਉਨ੍ਹਾਂ ਨੂੰ ਪਹਿਲੀ ਵਾਰ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਦਿਆ ਮਾਣ ਮਹਿਸੂਸ ਹੋ ਰਿਹਾ
ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸੰਸਾਰ ਦੇ ਸਾਰੇ ਲੋਕਾਂ ਨੂੰ ਵੱਡੇ ਟੱਬਰ ਦੇ ਜੀਅ
ਸਮਝਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀਪੂਰਨ ਸਬੰਧਾਂ ਲਈ ਸ਼ਾਂਤੀ, ਮਿੱਤਰਤਾ ਅਤੇ
ਸਹਿਯੋਗ ਨਾਲ ਕੰਮ ਕਰ ਰਿਹਾ ਹੈ। ਪਾਕਿਸਤਾਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ
ਨਾਲ ਵੀ ਭਾਰਤ ਦਾ ਇਹ ਰੁਖ਼ ਹੈ ਅਤੇ ਭਾਰਤ ਦੁਵੱਲੀ ਗੱਲਬਾਤ ਦੀ ਹਮਾਇਤ ਕਰਦਾ ਹੈ।
ਪੀਐਮ
ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਪਾਕਿਸਤਾਨ ਵੀ ਗੱਲਬਾਤ ਲਈ
ਗੰਭੀਰ ਹੋਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਵੀ ਭਾਰਤ ਦੇ ਸ਼ਾਂਤੀਪੂਰਨ ਰੁਖ਼ 'ਤੇ
ਉਚਿਤ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ।
ਮੋਦੀ ਨੇ ਕਿਹਾ ਕਿ ਕਸ਼ਮੀਰ 'ਚ ਹੜ੍ਹ
ਪੀੜ੍ਹਤਾਂ ਦੀ ਸਹਾਇਤਾ ਲਈ ਪਾਕਿਸਤਾਨ ਦੀ ਮਦਦ ਵਾਸਤੇ ਉਨ੍ਹਾਂ ਨੇ ਹੱਥ ਵਧਾਇਆ ਸੀ।
ਉਨ੍ਹਾਂ ਕਿਹਾ ਕਿਹਾ ਕਿ ਦੁਨੀਆ ਭਰ ਵਿੱਚ ਅੱਜ ਦੇ ਸਮੇਂ 'ਚ ਭਾਵੇਂ ਯੁੱਧ ਨਹੀਂ ਹੋ
ਰਿਹਾ, ਪਰ ਹਲਚਲ ਜਾਰੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਵੀ ਕਈ ਦੇਸ਼ ਦਹਿਸ਼ਤਵਾਦ ਨੂੰ
ਪਨਾਹ ਦੇ ਰਹੇ ਹਨ। ਅਜਿਹੇ ਵਿੱਚ ਇਸ ਦਾ ਖ਼ਾਤਮਾ ਨਹੀਂ ਹੋ ਸਕਦਾ। ਸ੍ਰੀ ਮੋਦੀ ਨੇ ਕਿਹਾ
ਕਿ ਸਾਰੇ ਮੁਲਕਾਂ ਨੂੰ ਇੱਕ ਮੰਚ 'ਤੇ ਲਿਆਉਣ ਲਈ ਸੰਯੁਕਤ ਰਾਸ਼ਟਰ ਨੂੰ ਪਹਿਲ ਕਰਨੀ
ਚਾਹੀਦੀ ਹੈ। ਸ੍ਰੀ ਮੋਦੀ ਨੇ ਯੋਗ ਵੱਲ ਦੁਨੀਆ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਯੋਗ ਨਾਲ
ਸਾਰੇ ਤਰ੍ਹਾਂ ਦੇ ਵਿਕਾਸ ਨਾਲ ਅਸੀਂ ਮੁਕਤ ਹੋ ਸਕਦੇ ਹਾਂ। ਅਜਿਹੇ ਵਿੱਚ ਸਾਨੂੰ
ਕੌਮਾਂਤਰੀ ਯੋਗ ਦਿਵਸ ਵੱਲ ਵਧਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਹਰੇਕ ਪੀੜ੍ਹੀ
ਸਾਹਮਣੇ ਚੁਣੌਤੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਸ ਨੂੰ
ਆਪਣੀ ਰਣਨੀਤੀ ਬਣਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਨਵੀਆਂ ਪ੍ਰਸਿਥਤੀਆਂ
'ਚ ਸਮੱਸਿਆਵਾਂ ਨੂੰ ਨਵੇਂ ਅੰਦਾਜ਼ ਵਿੱਚ ਦੇਖਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਹੰਲ ਲੱਭਿਆ
ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2015 ਨੂੰ ਸਾਨੂੰ ਉਪਲਬਧੀ ਦੇ ਸਾਲ ਵਜੋਂ ਯਾਦ
ਕਰਨਾ ਚਾਹੀਦਾ ਹੈ, ਇਹੀ ਮੇਰੀ ਸਾਰਿਆਂ ਨੂੰ ਅਪੀਲ ਹੈ ਅਤੇ ਇਸ ਲਈ ਸਾਨੂੰ ਕੋਸ਼ਿਸ਼ ਕਰਨੀ
ਚਾਹੀਦੀ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਵਾਦ ਦੇ ਖ਼ਤਰੇ ਨਾਲ ਕਈ ਦੇਸ਼ ਜੂਝ ਰਹੇ
ਹਨ ਅਤੇ ਭਾਰਤ ਪਿਛਲੇ ਚਾਰ ਦਹਾਕਿਆਂ ਤੋਂ ਇਸ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ
ਕਿਹਾ ਕਿ ਦਹਿਸ਼ਤਵਾਦ ਨਾਲ ਪੂਰਬ ਅਤੇ ਪੱਛਮ ਦੇ ਸਾਰੇ ਦੇਸ਼ ਜੂਝ ਰਹੇ ਹਨ। ਉਨ੍ਹਾਂ ਕਿਹਾ
ਕਿ 20 ਸਾਲ ਪਹਿਲਾਂ ਪੱਛਮ ਦੇ ਲੋਕ ਦਹਿਸ਼ਤਵਾਦ ਨੂੰ ਕਾਨੂੰਨ ਅਤੇ ਵਿਵਸਥਾ ਦਾ ਸੰਕਟ
ਦੱਸਦੇ ਸਨ, ਪਰ ਅੱਜ ਉਹ ਇਸ ਨੂੰ ਵਿਸ਼ਵੀ ਪੱਧਰੀ ਸਮੱਸਿਆ ਮੰਨਦੇ ਹਨ। ਸ੍ਰੀ ਮੋਦੀ ਨੇ
ਦਹਿਸ਼ਤਵਾਦ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਲੜਨ ਲਈ ਸਾਰੇ ਦੇਸ਼ਾਂ ਦੇ ਦਰਮਿਆਨ
ਭਾਈਵਾਲੀ ਅਤੇ ਸਹਿਯੋਗ ਦੀ ਲੋੜ ਹੈ। ਸ੍ਰੀ ਮੋਦੀ ਨੇ ਕੌਮਾਂਤਰੀ ਪੱਧਰ 'ਤੇ ਵੱਖ ਵੱਖ
ਦੇਸ਼ਾਂ ਦੇ ਸੰਗਠਨ ਬਣਨ ਦੇ ਮਸਲੇ 'ਤੇ ਕਿਹਾ ਕਿ ਸਾਨੂੰ ਜੀ-1 ਤੋਂ ਵਧ ਕੇ ਜੀ ਆਲ ਵਲ
ਵਧਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਵਾਦ ਦੇ ਮੁਕਾਬਲੇ ਲਈ ਸਾਰੇ ਦੇਸ਼ਾਂ
ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਵਾਦ ਨਾਲ ਲੜਨ ਦੇ ਮਾਮਲੇ
ਵਿੱਚ ਸੰਯੁਕਤ ਰਾਸ਼ਟਰ ਨੂੰ ਪਹਿਲ ਕਰਨੀ ਹੋਵੇਗੀ ਅਤੇ ਭਾਰਤ ਇਸ ਮਾਮਲੇ ਵਿੱਚ ਸਾਰੇ ਦੇਸ਼ਾਂ
ਨਾਲ ਪਹਿਲ ਕਰਨ ਦਾ ਵਾਅਦਾ ਕਰਦਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਸੰਯੁਕਤ
ਰਾਸ਼ਟਰ ਸ਼ਾਂਤੀ ਮਿਸ਼ਨ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਅੰਜ਼ਾਮ ਅਤੇ ਸਹਾਇਤਾ ਦੇਣੀ ਚਾਹੀਦੀ
ਹੈ। ਉਨ੍ਹਾਂ ਕਿਹਾ ਕਿ ਵਿਆਪਕ ਵਿਕਾਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ
ਹੋਵੇਗਾ। ਸ੍ਰੀ ਮੋਦੀ ਨੇਕਿਹਾ ਕਿ ਵਿਸ਼ਵੀਕਰਨ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ, ਪਰ
ਹਾਲੇ ਵੀ ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹਨ।
ਦੱਸਣਾ ਬਣਦਾ ਹੈ ਕਿ ਪਾਕਿਸਤਾਨ ਦੇ
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਯੂਐਨ ਦੀ ਮਹਾਸਭਾ ਵਿੱਚ ਕਸ਼ਮੀਰ ਮੁੱਦਾ
ਉਠਾਉਂਦਿਆਂ ਕਿਹਾ ਸੀ ਕਿ ਇਸ ਦਾ ਹੱਲ ਜ਼ਰੂਰੀ ਹੈ। ਨਾਲ ਹੀ ਉਨ੍ਹਾਂ ਕਿਹਾ ਸੀ ਕਿ ਕਸ਼ਮੀਰ
ਵਿੱਚ ਲੋਕਾਂ ਦੀ ਰਾਏਸ਼ੁਮਾਰੀ ਹੋਣੀ ਚਾਹੀਦੀ ਹੈ। ਸ੍ਰੀ ਮੋਦੀ ਨੇ ਜਵਾਬ ਦਿੱਤਾ ਕਿ ਯੂਐਨ
'ਚ ਕਸ਼ਮੀਰ ਮੁੱਦਾ ਉਠਾਉਣ ਦਾ ਕੋਈ ਲਾਭ ਨਹੀਂ ਅਤੇ ਇਸ ਦਾ ਹੱਲ ਸਿਰਫ਼ ਗੱਲਬਾਤ ਨਾਲ ਹੀ
ਨਿਕਲੇਗਾ। ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਮਿੱਤਰਤਾ ਅਤੇ ਸਹਿਯੋਗ ਵਧਾਉਣ
ਲਈ ਪੂਰੀ ਗੰਭੀਰਤਾ ਨਾਲ ਸ਼ਾਂਤੀਪੂਰਨ ਮਾਹੌਲ ਵਿੱਚ ਬਿਨਾਂ ਦਹਿਸ਼ਤਗਰਦੀ ਛਾਏ ਦੇ ਦੁਵੱਲੀ
ਗੱਲਬਾਤ ਕਰਨਾ ਚਾਹੁੰਦੇ ਹਾਂ, ਪਰ ਪਾਕਿਸਤਾਨ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ
ਗੱਲਬਾਤ ਲਈ ਅਜਿਹਾ ਮਾਹੌਲ ਬਣਾਏ। ਸ੍ਰੀ ਮੋਦੀ ਨੇ ਕਿਹਾ ਕਿ ਗੱਲਬਾਤ ਲਈ ਪਾਕਿਸਤਾਨ ਨੂੰ
ਵੀ ਗੰਭੀਰਤਾ ਦਿਖ਼ਾਉਣੀ ਹੋਵੇਗੀ।