300 ਤੋਂ ਜ਼ਿਆਦਾ ਪਾਕਿਸਤਾਨੀ ਮ੍ਰਿਤਕ ਹਿੰਦੂਆਂ ਦੀਆਂ ਅਸਥੀਆਂ ਹਰਿਦੁਆਰ ਪਹੁੰਚਣ ਦੀ ਉਡੀਕ 'ਚ
Posted on:- 25-09-2014
ਅੰਮ੍ਰਿਤਸਰ : ਪਾਕਿਸਤਾਨ
ਦੇ ਕਰਾਚੀ ਅਤੇ ਸਿੰਧ 'ਚ ਰਹਿ ਰਹੇ ਹਿੰਦੂ ਆਪਣੇ ਮ੍ਰਿਤਕਾਂ ਦੀ ਮੁਕਤੀ ਅਤੇ ਆਤਮਾ ਦੀ
ਸ਼ਾਂਤੀ ਨੂੰ ਲੈ ਕੇ ਬੇਹੱਦ ਪ੍ਰੇਸ਼ਾਨ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ
ਕਿਸੇ ਮ੍ਰਿਤਕ ਹਿੰਦੂ ਦੀਆਂ ਅਸਥੀਆਂ ਗੰਗਾ ਵਿਚ ਪ੍ਰਵਾਹ ਨਹੀਂ ਹੋ ਜਾਂਦੀਆਂ, ਉਦੋਂ ਤੱਕ
ਮ੍ਰਿਤਕ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ।
ਵੀਰਵਾਰ ਨੂੰ
ਇਹ ਉਪਰੋਕਤ ਜਾਣਕਾਰੀ ਦਿੰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸੁਰਿੰਦਰ ਕੋਛੜ ਨੇ ਦੱਸਿਆ ਕਿ
ਆਤਮਿਕ ਸ਼ਾਂਤੀ ਦੀ ਪ੍ਰਾਪਤੀ ਲਈ ਕਰਾਚੀ ਦੇ ਗੁੱਜਰ ਹਿੰਦੂ ਬਿਰਾਦਰੀ ਸ਼ਮਸਾਨਘਾਟ ਦੇ ਅਸਥੀ
ਰਿਕਾਰਡ ਰੂਮ 'ਚ 300 ਤੋਂ ਜ਼ਿਆਦਾ ਮ੍ਰਿਤਕ ਹਿੰਦੂਆਂ ਦੀਆਂ ਲਾਲ-ਸਫ਼ੇਦ ਪੋਟਲੀਆਂ 'ਚ
ਰੱਖੀਆਂ ਅਸਥੀਆਂ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਇੰਤਜ਼ਾਰ ਵਿਚ ਲੰਬਾ ਸਮਾਂ
ਬੀਤ ਜਾਣ ਕਾਰਣ ਇਨ੍ਹਾਂ ਪੋਟਲੀਆਂ ਦੇ ਬਾਹਰ ਮ੍ਰਿਤਕਾਂ ਦੇ ਲਿਖੇ ਨਾਮ-ਪਤਿਆਂ ਦੀ ਸਿਆਹੀ
ਦਾ ਰੰਗ ਵੀ ਫਿੱਕਾ ਪੈ ਚੁੱਕਿਆ ਹੈ, ਜਿਸ ਕਰਕੇ ਬਹੁਤੀਆਂ ਅਸਥੀਆਂ ਦੀ ਇਹ ਪਛਾਣ ਕਰਨੀ
ਮੁਸ਼ਕਲ ਹੋ ਗਈ ਹੈ ਕਿ ਉਹ ਕਿਸ ਮ੍ਰਿਤਕ ਦੀਆਂ ਹਨ।
ਕੋਛੜ ਨੇ ਦੱਸਿਆ ਕਿ ਪਾਕਿਸਤਾਨੀ
ਹਿੰਦੂ ਕਈ ਵਾਰ ਭਾਰਤ ਅਤੇ ਪਾਕਿਸਤਾਨ ਸਰਕਾਰ ਅੱਗੇ ਮਿੰਨਤਾਂ ਕਰ ਚੁੱਕੇ ਹਨ ਕਿ
ਪਾਕਿਸਤਾਨੀ ਮ੍ਰਿਤਕ ਹਿੰਦੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀਆਂ ਅਸਥੀਆਂ
ਹਰਿਦੁਆਰ ਗੰਗਾ 'ਚ ਪਾਉਣ ਲਈ ਵੀਜ਼ਾ ਦਿੱਤਾ ਜਾਵੇ, ਪਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ
ਪਾਕਿਸਤਾਨੀ ਹਿੰਦੂ ਹਰਿਦੁਆਰ ਆਉਣ ਤੋਂ ਪਹਿਲਾਂ ਇਹ ਪ੍ਰਮਾਣ ਪੱਤਰ ਪੇਸ਼ ਕਰਨ ਕਿ ਮ੍ਰਿਤਕ
ਜਾਂ ਮ੍ਰਿਤਕ ਦੇ ਵਾਰਸਾਂ ਦਾ ਮੌਜੂਦਾ ਸਮੇਂ ਹਰਿਦੁਆਰ 'ਚ ਕਿਹੜਾ ਰਿਸ਼ਤੇਦਾਰ ਜਾਂ
ਸਾਕ-ਸਬੰਧੀ ਰਹਿ ਰਿਹਾ ਹੈ? ਕਿਉਂਕਿ ਹਰਿਦੁਆਰ 'ਚ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੇ ਹੋਣ
'ਤੇ ਹੀ ਉਨ੍ਹਾਂ ਨੂੰ ਉਥੋਂ ਦਾ ਵੀਜ਼ਾ ਮਿਲ ਸਕਦਾ ਹੈ। ਕੋਛੜ ਨੇ ਕਿਹਾ ਕਿ ਪਾਕਿਸਤਾਨੀ
ਹਿੰਦੂਆਂ ਦੀ ਹਾਲਤ ਇਹ ਹੈ ਕਿ ਉਹ ਅਜੇ ਤਕ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਨੂੰ ਆਪਣੀ ਇਹ
ਵਿੱਥਿਆ ਸਪੱਸ਼ਟ ਕਰਨ 'ਚ ਕਾਮਯਾਬ ਨਹੀਂ ਹੋ ਸਕੇ ਹਨ ਕਿ ਇਹ ਮਾਮਲਾ ਉਨ੍ਹਾਂ ਦੇ ਹਰਿਦੁਆਰ
'ਚ ਰਹਿੰਦੇ ਰਿਸ਼ਤੇਦਾਰਾਂ ਦੇ ਪ੍ਰਮਾਣ ਦਾ ਨਹੀਂ, ਸਗੋਂ ਮ੍ਰਿਤਕ ਅਤੇ ਉਸ ਦੇ ਪਰਿਵਾਰ
ਵਾਲਿਆਂ ਦੀ ਆਸਥਾ ਅਤੇ ਵਿਸ਼ਵਾਸ ਦਾ ਹੈ। ਬੇਸ਼ੱਕ ਪਾਕਿਸਤਾਨੀ ਹਿੰਦੂਆਂ ਦਾ ਨਿੱਜੀ ਤੌਰ
'ਤੇ ਹਰਿਦੁਆਰ ਨਾਲ ਕੋਈ ਸਬੰਧ ਨਾ ਹੋਵੇ, ਪਰ ਉਨ੍ਹਾਂ ਦੀਆਂ ਅਸਥੀਆਂ ਦਾ ਗੰਗਾ ਨਾਲ ਜੋ
ਰਿਸ਼ਤਾ ਹੈ, ਉਸ ਲਈ ਕਿਸੇ ਪ੍ਰਮਾਣ-ਪੱਤਰ ਦੀ ਲੋੜ ਨਹੀਂ ਹੈ।