ਭਾਰਤ ਦਾ ਮੰਗਲ ਮਿਸ਼ਨ ਪੂਰੀ ਤਰ੍ਹਾਂ ਸਫ਼ਲ
Posted on:- 22-08-2014
ਨਵੀਂ ਦਿੱਲੀ : ਭਾਰਤ
ਨੇ ਅੱਜ ਆਪਣਾ ਮੰਗਲਯਾਨ ਮੰਗਲ ਦੇ ਪੁਲਾੜ ਪੰਧ 'ਚ ਸਫ਼ਲਤਾਪੂਰਵਕ ਸਥਾਪਤ ਕਰਕੇ ਇਤਿਹਾਸ
ਰਚ ਦਿੱਤਾ। ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਭਾਰਤ ਦੁਨੀਆ ਵਿੱਚ ਪਹਿਲਾ ਅਜਿਹਾ ਦੇਸ਼ ਬਣ
ਗਿਆ ਹੈ, ਜਿਸ ਨੇ ਆਪਣੇ ਪਹਿਲੇ ਹੀ ਯਤਨ 'ਚ ਅਜਿਹੀ ਅੰਤਰ ਗ੍ਰਹਿ ਮੁਹਿੰਮ 'ਚ ਸਫ਼ਲਤਾ
ਪ੍ਰਾਪਤ ਕੀਤੀ ਹੈ।
ਮੰਗਲ ਦੇ ਗ੍ਰਹਿ ਪੰਧ 'ਚ ਯਾਨ ਨੂੰ ਸਫ਼ਲਤਾ ਪੂਰਵਕ ਪਹੁੰਚਾਉਣ ਤੋਂ
ਬਾਅਦ ਭਾਰਤ ਲਾਲ ਗ੍ਰਹਿ ਦੇ ਪੰਧ ਜਾਂ ਜ਼ਮੀਨ 'ਤੇ ਯਾਨ ਭੇਜਣ ਵਾਲਾ ਚੌਥਾ ਦੇਸ਼ ਬਣ ਗਿਆ
ਹੈ। ਹੁਣ ਤੱਕ ਇਹ ਪ੍ਰਾਪਤੀ ਅਮਰੀਕਾ, ਯੂਰਪ ਅਤੇ ਰੂਸ ਨੂੰ ਮਿਲੀ ਸੀ। ਇਸ ਪੁਲਾੜ ਯਾਨ ਦੀ
ਪਰਖ਼ 5 ਨਵੰਬਰ 2013 ਨੂੰ ਆਂਧਰਾਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਦੇਸ਼ ਵਿੱਚ ਹੀ ਬਣੇ
ਪੀਐਸਐਲਵੀ ਰਾਕਟ ਨਾਲ ਕੀਤੀ ਗਈ ਸੀ। ਇਹ ਇੱਕ ਦਸੰਬਰ 2013 ਨੂੰ ਪ੍ਰਿਥਵੀ ਦੇ ਗੁਰੂਤਾ
ਆਕਰਸ਼ਣ ਤੋਂ ਬਾਹਰ ਨਿਕਲ ਗਿਆ ਸੀ।
ਭਾਰਤ ਦੇ ਮੰਗਲ ਮਿਸ਼ਨ ਦਾ ਫੈਸਲਾਕੁੰਨ ਪੜਾਅ 24 ਸਤੰਬਰ ਨੂੰ ਸਵੇਰੇ ਯਾਨ ਨੂੰ ਹੌਲੀ ਕਰਨ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ।
ਇਸ
ਮਿਸ਼ਨ ਦੀ ਸਫ਼ਲਤਾ ਉਨ੍ਹਾਂ 24 ਮਿੰਟਾਂ 'ਤੇ ਨਿਰਭਰ ਸੀ, ਜਿਸ ਦੌਰਾਨ ਇਸ ਯਾਨ 'ਚ ਮੌਜੂਦ
ਇੰਜਣ ਨੂੰ ਚਾਲੂ ਕੀਤਾ ਗਿਆ। ਮੰਗਲਯਾਨ ਦੀ ਰਫ਼ਤਾਰ ਹੌਲੀ ਕਰਨੀ ਸੀ ਤਾਂ ਕਿ ਇਹ ਮੰਗਲ
ਦੇ ਗ੍ਰਹਿ ਪੰਧ 'ਚ ਗੁਰੂਤਾ ਆਕਰਸ਼ਨ ਖੇਤਰ ਨਾਲ ਖ਼ੁਦ ਖਿੱਚਿਆ ਜਾਵੇ ਅਤੇ ਉਥੇ ਸਥਾਪਤ ਹੋ
ਜਾਵੇ।
ਮੰਗਲਯਾਨ ਤੋਂ ਧਰਤੀ ਤੱਕ ਜਾਣਕਾਰੀ ਪਹੁੰਚਾਉਣ 'ਚ ਕਰੀਬ ਸਾਢੇ 12 ਮਿੰਟ ਦਾ
ਸਮਾਂ ਲੱਗ ਰਿਹਾ ਹੈ। ਸਵੇਰੇ ਕਰੀਬ 8 ਵਜੇ ਇਸਰੋ ਨੂੰ ਮੰਗਲਯਾਨ ਤੋਂ ਸਿੰਗਨਲ ਪ੍ਰਾਪਤ
ਹੋਇਆ ਅਤੇ ਇਹ ਯਕੀਨੀ ਬਣ ਗਿਆ ਕਿ ਮੰਗਲਯਾਨ ਮੰਗਲ ਦੇ ਪੁਲਾੜ ਪੰਧ 'ਤੇ ਪੈ ਗਿਆ ਹੈ। ਇਸ
ਇਤਿਹਾਸਕ ਘਟਨਾ ਦਾ ਗਵਾਹ ਬਣਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲੁਰੂ
ਇਸਰੋ ਕੇਂਦਰ ਵਿੱਚ ਮੌਜੂਦ ਰਹੇ।
ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ
ਮੰਤਰੀ ਨੇ ਕਿਹਾ ਕਿ ਅੱਜ ਇਤਿਹਾਸ ਬਣ ਗਿਆ ਹੈ ਅਤੇ ਮੈਂ ਸਾਰੇ ਭਾਰਤੀਆਂ ਤੇ ਇਸਰੋ
ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ। ਘਟ ਸਾਧਨਾਂ ਦੇ ਬਾਵਜੂਦ ਇਹ ਕਾਮਯਾਬੀ ਵਿਗਿਆਨੀਆਂ
ਦੇ ਚਮਤਕਾਰ ਕਾਰਨ ਮਿਲੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀ ਟਵੀਟਰ 'ਤੇ ਇਸਰੋ
ਨੂੰ ਵਧਾਈ ਦਿੱਤੀ ਹੈ।
ਸੀਪੀਆਈ (ਐਮ) ਦੀ ਪੋਲਿਟ ਬਿਊਰੋ ਨੇ ਇੱਕ ਬਿਆਨ ਜਾਰੀ
ਕਰਦਿਆਂ ਮੰਗਲਯਾਨ ਦੀ ਸਫ਼ਲਤਾ 'ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ
ਕਿ ਅੱਜ ਦੀ ਇਹ ਪ੍ਰਾਪਤੀ ਬਹੁਤ ਮਹੱਤਵਪੂਰਨ ਹੈ। ਪੋਲਿਟ ਬਿਊਰੋ ਨੇ ਕਿਹਾ ਕਿ ਪੁਲਾੜ ਦੀ
ਹੋਰ ਖੋਜ ਨੂੰ ਅਗਾਂਹ ਵਧਾਉਣ ਲਈ ਜੀਐਸਐਲਵੀ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਅੱਜ
ਦੇ ਸਫ਼ਲ ਮੰਗਲ ਮਿਸ਼ਨ ਨੇ ਭਾਰਤ ਦੀ ਵਿਗਿਆਨਕ ਤੇ ਤਕਨੀਕੀ ਸਮਰੱਥਾ ਨੂੰ ਉਜਾਗਰ ਕੀਤਾ ਹੈ,
ਜਿਸ ਨੇ ਕਿ ਦੇਸ਼ ਦੀ ਤਰੱਕੀ ਲਈ ਵੱਖ-ਵੱਖ ਖੇਤਰਾਂ 'ਚ ਪੂਰੀ ਤਰ੍ਹਾਂ ਵਿਕਸਤ ਕੀਤਾ ਜਾਣਾ
ਚਾਹੀਦਾ ਹੈ।
ਭਾਰਤ ਨੇ ਇਸ ਮਿਸ਼ਨ 'ਤੇ ਕਰੀਬ 450 ਕਰੋੜ ਰੁਪਏ ਖਰਚ ਕੀਤੇ ਹਨ ਜੋ ਬਾਕੀ
ਦੇਸ਼ਾਂ ਦੀ ਮੁਹਿੰਮ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਕਫਾਇਤੀ ਹੈ। ਜੇਕਰ ਸਭ ਕੁਝ ਠੀਕ
ਰਿਹਾ ਤਾਂ ਮੰਗਲਯਾਨ 6 ਮਹੀਨਿਆਂ ਤੱਕ ਮੰਗਲ ਗ੍ਰਹਿ ਦੇ ਵਾਤਾਵਰਣ ਦਾ ਅਧਿਐਨ ਕਰੇਗਾ।
ਇਹ
ਮਿਥੇਨ ਗੈਸ ਦਾ ਪਤਾ ਲਗਾਏਗਾ ਅਤੇ ਨਾਲ ਹੀ ਰਹੱਸ ਬਣੇ ਹੋਏ ਬ੍ਰਹਿਮੰਡ ਦੇ ਉਸ ਸਵਾਲ ਦਾ
ਵੀ ਪਤਾ ਲਗਾਏਗਾ ਕਿ ਕੀ ਅਸੀਂ ਇਸ ਬ੍ਰਹਿਮੰਡ 'ਚ ਇਕੱਲੇ ਹਾਂ। ਇਹ ਵੀ ਅਨਨੁਮਾਨ ਲਗਾਇਆ
ਜਾ ਰਿਹਾ ਹੈ ਕਿ ਪੁਲਾੜ ਪੰਧ 'ਚ ਪੈਣ ਤੋਂ ਕੁਝ ਹੀ ਘੰਟਿਆਂ ਬਾਅਦ ਇਹ ਯਾਨ ਮੰਗਲ ਗ੍ਰਹਿ
ਦੀਆਂ ਲਈਆਂ ਗਈਆਂ ਤਸਵੀਰਾਂ ਭੇਜਣੀਆਂ ਸ਼ੁਰੂ ਕਰ ਦੇਵੇਗਾ।