ਹੜ੍ਹ ਦਾ ਕਹਿਰ : ਅਸਾਮ ਤੇ ਮੇਘਾਲਿਆ 'ਚ 33 ਮੌਤਾਂ, ਲੱਖਾਂ ਲੋਕ ਬੇਘਰ
Posted on:- 24-09-2014
ਗੁਹਾਟੀ : ਭਾਰੀ
ਬਾਰਿਸ਼ ਕਾਰਨ ਅਸਾਮ ਤੇ ਮੇਘਾਲਿਆ ਵਿੱਚ ਪਿਛਲੇ ਦੋ ਦਿਨਾਂ ਵਿੱਚ 33 ਲੋਕਾਂ ਦੀ ਮੌਤ ਹੋ
ਚੁੱਕੀ ਹੈ, ਜਦਕਿ ਲੱਖਾਂ ਲੋਕ ਬੇਘਰ ਹੋ ਗਏ ਹਨ। ਮੇਘਾਲਿਆ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ
ਨਾਲ 17 ਲੋਕਾਂ ਦੇ ਮਾਰੇ ਜਾਣ ਅਤੇ ਅਸਾਮ ਦੇ ਗੁਹਾਟੀ ਸਮੇਤ ਕਈ ਜ਼ਿਲ੍ਹਿਆਂ ਵਿੱਚ 16
ਲੋਕ ਹੜ੍ਹ ਦੀ ਲਪੇਟ ਵਿੱਚ ਆ ਕੇ ਜਾਨ ਗੁਆ ਬੈਠੇ। ਇੱਥੇ ਫੌਜ ਦੇ ਹੈਲੀਕਾਪਟਰ ਬਚਾਅ
ਕਾਰਜਾਂ ਵਿੱਚ ਲੱਗੇ ਹੋਏ ਹਨ।
ਅਸਾਮ ਦੇ ਆਫ਼ਤਾ ਪ੍ਰਬੰਧਨ ਅਥਾਰਟੀ ਦੇ ਮੁਖੀ ਪ੍ਰਮੋਦ
ਤਿਵਾੜੀ ਨੇ ਦੱਸਿਆ ਕਿ ਮੇਘਾਲਿਆ ਦੇ ਗਾਰੋ ਹਿਲਜ਼ ਜ਼ਿਲ੍ਹੇ ਵਿੱਚ 50 ਤੋਂ ਵਧ ਪਿੰਡ ਹੜ੍ਹ
ਦੀ ਲਪੇਟ ਵਿੱਚ ਆ ਗਏ ਹਨ। ਅਸਾਮ ਦੇ ਗਵਾਲਾਪਾੜਾ ਜ਼ਿਲ੍ਹੇ 'ਚ ਵੀ ਇੰਨੇ ਹੀ ਪਿੰਡ ਹੜ੍ਹ
'ਚ ਘਿਰ ਗਏ ਹਨ, ਇੱਥੇ 78 ਰਾਹਤ ਕੈਂਪ ਖੋਲ੍ਹੇ ਗਏ ਹਨ। ਫੌਜ ਐਨਡੀਆਰਐਫ਼ ਅਤੇ ਐਸਡੀਆਰਐਫ਼
ਦੀਆਂ ਟੀਮਾਂ ਵੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਭਾਰੀ ਬਾਰਿਸ਼ ਦੇ
ਚੱਲਦਿਆਂ ਕੌਮੀ ਰਾਜ ਮਾਰਗ 37 ਅਤੇ ਇਸ ਨਾਲ ਜੁੜਨ ਵਾਲੇ ਰਸਤੇ ਪੂਰੀ ਤਰ੍ਹਾਂ ਪਾਣੀ ਵਿੱਚ
ਡੁੱਬ ਚੁੱਕੇ ਹਨ। ਸੂਬੇ ਦੇ ਧੁਬਰੀ ਜ਼ਿਲ੍ਹੇ ਵਿੱਚ ਬੰਗਲਾਦੇਸ਼ ਤੋਂ ਛੱਡੇ ਗਏ ਪਾਣੀ
ਕਾਰਨ ਬ੍ਰਹਮਪੁੱਤਰ ਨਦੀ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਜ਼ਿਲ੍ਹੇ ਦੇ ਕਮਿਸ਼ਨਰ ਕਲਿਤਾ
ਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਮੋਰੀਗਾਂਵ
ਜ਼ਿਲ੍ਹੇ ਵਿੱਚ ਰੇਲ ਸੇਵਾਵਾਂ ਵੀ ਪ੍ਰਭਾਵਤ ਹੋਈਆਂ ਹਨ। ਸੋਨਿਤਪੁਰ ਅਤੇ ਕਾਮਰੂਪ
ਜ਼ਿਲ੍ਹਿਆਂ ਸਮੇਤ ਸੂਬੇ ਵਿੱਚ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ।
ਮੇਘਾਲਿਆ
ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਕਾਰਨ ਇੱਕ ਗਰਭਵਤੀ ਮਹਿਲਾ ਸਮੇਤ 8
ਲੋਕ ਜਿਉਂਦੇ ਢਿੱਗਾਂ ਹੇਠ ਦਬ ਗਏ ਹਨ। ਬਚਾਏ ਗਏ ਇੱਕ ਵਿਅਕਤੀ ਨੇ ਦੱਸਿਆ ਕਿ ਜ਼ਮੀਨ
ਖਿਸਕਣ ਕਾਰਨ ਵੱਡੀ ਮਾਤਰਾ ਵਿੱਚ ਮਲਬਾ ਘਰਾਂ ਦੇ ਉਪਰ ਆ ਡਿੱਗਿਆ, ਜਿਸ ਨਾਲ ਦੋ
ਮਹਿਲਾਵਾਂ ਸਮੇਤ 8 ਲੋਕ ਹੇਠ ਦਬ ਗਏ।