ਮੋਦੀ ਨੇ ਪੰਜਾਬ ਨੂੰ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ : ਸੁਖਬੀਰ
Posted on:- 23-09-2014
ਚੰਡੀਗੜ੍ਹ : ਪੰਜਾਬ
ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਲ ਹੀ 'ਚ ਹੋਈ
ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਕਾਰਵਾਈ
ਸ਼ੁਰੂ ਕਰਨ ਤੋਂ ਇਲਾਵਾ ਬਾਕੀ ਸਾਰੀਆਂ ਮੰਗਾਂ 'ਤੇ ਵੀ ਵਿਚਾਰ ਕਰਨ ਦਾ ਯਕੀਨ ਦਿਵਾਇਆ ਹੈ।
ਅੱਜ
ਇਥੇ ਕੈਬਨਿਟ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ
ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗੱਲ ਗੰਭੀਰਤਾ ਨਾਲ ਸੁਣਦਿਆਂ ਉਨ੍ਹਾਂ ਨੂੰ
ਯਕੀਨ ਦਿਵਾਇਆ ਹੈ ਕਿ ਰਾਜ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਜਲਦ ਹੀ ਹੱਲ ਕਰ ਲਿਆ
ਜਾਵੇਗਾ ਤਾਂ ਕਿ ਪੰਜਾਬ ਦੇ ਵਿਕਾਸ ਤੇ ਤਰੱਕੀ ਦੀ ਰਫਤਾਰ ਨੂੰ ਕਾਇਮ ਰੱਖਿਆ ਜਾ ਸਕੇ।
ਵਿੱਤੀ
ਪੈਕੇਜ ਸਬੰਧੀ ਇੱਕ ਸਵਾਲ ਦੇ ਜਵਾਬ 'ਚ ਸ. ਬਾਦਲ ਨੇ ਕਿਹਾ ਕਿ ਸੂਬੇ ਵੱਲੋਂ ਬਕਾਇਆ
ਕਰਜਾ ਮੁਆਫ ਕਰਨ ਅਤੇ ਦਹਿਸ਼ਤਗਰਦੀ ਵਿਰੁੱਧ ਲੜਾਈ ਦੌਰਾਨ ਲਏ 5800 ਕਰੋੜ ਰੁਪਏ 'ਤੇ ਭਰੇ
ਗਏ 2694 ਕਰੋੜ ਰੁਪਏ ਦੇ ਵਿਆਜ ਨੂੰ ਵਾਪਿਸ ਕਰਨ ਦੀ ਮੰਗ ਕੀਤੀ ਗਈ ਹੈ। ਸ. ਬਾਦਲ ਨੇ
ਕਿਹਾ ਕਿ ਮੁਲਾਕਾਤ ਦੌਰਾਨ ਉਨ੍ਹਾਂ ਗੁਆਂਡੀ ਸੂਬਿਆਂ ਨੂੰ ਦਿੱਤੇ ਗਏ ਪੈਕੇਜ ਦਾ ਮੁੱਦਾ
ਵੀ ਉਠਾਇਆ ਜਿਸ ਦਾ ਸੂਬੇ ਦੇ ਸਨਅਤੀ ਮਾਹੌਲ 'ਤੇ ਮਾੜਾ ਅਸਰ ਪਿਆ ਜਿਸ ਕਾਰਨ ਸਨਅਤ ਪੰਜਾਬ
ਤੋਂ ਉਨ੍ਹਾਂ ਸੂਬਿਆਂ ਵੱਲ ਚਲੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤ ਨੂੰ ਮੁੜ
ਸੁਰਜੀਤ ਕਰਨ ਲਈ ਪੰਜਾਬ ਲਈ ਵੀ ਸਾਲ 2017 ਤੱਕ ਉਸੇ ਤਰਜ਼ ਦੀਆਂ ਛੋਟਾਂ ਅਤੇ ਪੈਕੇਜ ਦੀ
ਮੰਗ ਕੀਤੀ ਗਈ ਹੈ।
ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਯੂ.ਪੀ.ਏ. ਸਰਕਾਰ ਦੀਆਂ
ਮਾੜੀਆਂ ਨੀਤੀਆਂ ਕਾਰਨ ਪੰਜਾਬ ਨਾਲ ਹੋਏ ਮਤਰਏ ਸਲੂਕ ਬਾਰੇ ਸ੍ਰੀ ਮੋਦੀ ਨੂੰ ਸੰਖੇਪ 'ਚ
ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਯਕੀਨ ਦਿਵਾਇਆ ਹੈ ਕਿ ਉਹ ਸਬੰਧਤ
ਵਿਭਾਗਾਂ ਦੇ ਸਕੱਤਰਾਂ ਨਾਲ ਵਿਚਾਰ-ਚਰਚਾ ਕਰਕੇ ਪੰਜਾਬ ਦੇ ਬਕਾਇਆ ਮੁੱਦਿਆਂ ਨੂੰ ਹੱਲ
ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੇ 14ਵੇਂ ਵਿਤ ਕਮਿਸ਼ਨ ਦੀ ਰਿਪੋਰਟ ਤੋਂ ਪਹਿਲਾਂ
ਪੰਜਾਬ ਨੂੰ 5000 ਕਰੋੜ ਰੁਪਏ ਦੀ ਗੈਰ-ਯੋਜਨਾਬਧ ਗਰਾਂਟ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਬਾਰਿਸ਼ਾਂ ਦੀ ਕਮੀ ਕਾਰਨ ਪ੍ਰਧਾਨ ਮੰਤਰੀ ਪਾਸੋਂ
ਕਿਸਾਨਾਂ ਲਈ 2330 ਕਰੋੜ ਰੁਪਏ ਦੇ ਪੈਕੇਜ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ
ਤੋਂ ਇਲਾਵਾ ਪੰਜਾਬ ਵੱਲੋਂ ਸਵਾਮੀਨਾਥਨ ਫਾਰਮੁੱਲੇ ਤਹਿਤ ਫਸਲਾਂ ਦਾ ਘੱਟੋ-ਘੱਟ ਖਰੀਦ
ਮੁੱਲ ਤੈਅ ਕਰਨ ਅਤੇ ਮੱਕੀ ਤੇ ਬਾਸਮਤੀ ਦੀ ਵੀ ਕਣਕ-ਝੋਨੇ ਦੀ ਤਰਜ 'ਤੇ ਘੱਟੋ-ਘੱਟ ਖਰੀਦ
ਮੁੱਲ ਨੂੰ ਆਧਾਰ ਬਣਾ ਕੇ ਖਰੀਦ ਕਰਨ ਦੇ ਮੁੱਦੇ ਵੀ ਉਠਾਏ ਗਏ।
ਸ਼੍ਰੋਮਣੀ ਅਕਾਲੀ ਦਲ
ਵੱਲੋਂ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਗਏ ਵਾਅਦਿਆਂ ਬਾਰੇ ਪੁੱਛੇ ਜਾਣ 'ਤੇ ਸ. ਬਾਦਲ
ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਉਹ ਦਿਨ ਰਾਤ
ਇੱਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਾਅਦਿਆਂ ਨੂੰ ਸਾਲ 2016 ਤੋਂ ਪਹਿਲਾਂ ਪੂਰਾ
ਕਰਨ ਲਈ ਅਕਾਲੀ-ਭਾਜਪਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਵਾਅਦਿਆਂ ਨੂੰ
ਪੂਰਾ ਕਰਨ ਲਈ ਸਮਾਂ ਸੀਮਾਂ ਨਿਸ਼ਚਤ ਕਰਦਿਆਂ ਕੰਮ ਪਹਿਲਾਂ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਸਕੂਲੀ ਵਿਦਿਆਰਥੀਆਂ ਨੂੰ ਲੈਪਟਾਪ ਵੰਡਣ ਦੇ ਮੁੱਦੇ 'ਤੇ ਸ. ਬਾਦਲ ਨੇ ਕਿਹਾ ਕਿ ਇਹ
ਮਾਮਲਾ ਸਿੱਖਿਆ ਵਿਭਾਗ ਨਾਲ ਸਬੰਧਤ ਹੈ ਅਤੇ ਵਿਭਾਗ ਇਸ ਯੋਜਨਾ ਨੂੰ ਨੇਪਰੇ ਚਾੜਣ ਲਈ
ਯੋਜਨਾ ਉਲੀਕੇਗਾ। ਉਨ੍ਹਾਂ ਕਿਹਾ ਕਿ ਰਾਜ ਨੂੰ ਵਾਈ-ਫਾਈ ਅਤੇ ਇੰਟਰਨੈੱਟ ਸੇਵਾਵਾਂ ਨਾਲ
ਜੋੜਨ ਦਾ ਕੰਮ 30 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਇੱਕ ਸਾਲ ਦੇ ਅੰਦਰ-ਅੰਦਰ 100
ਫੀਸਦੀ ਖੇਤਰ ਨੂੰ ਇੰਟਰਨੈੱਟ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਅੰਦਰ
100 ਫੀਸਦੀ ਵਾਈ-ਫਾਈ ਸੇਵਾ ਮੁਹੱਈਆ ਕਰਵਾਉਣ ਉਪਰੰਤ ਸਿੱਖਿਆ ਆਦਾਰਿਆਂ 'ਚ ਲੋੜੀਂਦੇ
ਕੰਪਿਊਟਰ ਮੁਹੱਈਆ ਕਰਵਾਏ ਜਾਣਗੇ।