ਮੰਗਲ ਉਪ ਗ੍ਰਹਿ ਦੇ ਤਰਲ ਇੰਜਣ ਦੀ ਪਰਖ ਸਫ਼ਲ
Posted on:- 22-09-2014
ਬੈਂਗਲੂਰ, ਨਵੀਂ ਦਿੱਲੀ : 24
ਸਤੰਬਰ ਨੂੰ ਭਾਰਤੀ ਮੰਗਲਯਾਨ ਦੇ ਲਾਲ ਗ੍ਰਹਿ ਦੇ ਪੰਧ ਵਿਚ ਦਾਖਲ ਕਰਨ ਤੋਂ ਪਹਿਲਾਂ
ਭਾਰਤ ਦੇ ਮਿਸ਼ਨ 'ਮੰਗਲਯਾਨ' ਦੇ ਤਰਲ ਇੰਜਣ ਦੀ ਅੱਜ ਪਰਖ ਕੀਤੀ ਗਈ ਜੋ ਪੂਰੀ ਤਰ੍ਹਾਂ ਸਫਲ
ਰਹੀ ਅਤੇ ਉਸ ਦੇ ਮਾਰਗ ਨੂੰ ਦਰੁੱਸਤ ਕਰ ਲਿਆ ਗਿਆ ਹੈ। ਇਸ ਨੂੰ ਭਾਰਤੀ ਵਿਗਿਆਨੀਆਂ ਦੀ
ਇਤਿਹਾਸਕ ਸਫ਼ਲਤਾ ਦੱਸਿਆ ਗਿਆ ਹੈ। ਪੁਲਾੜ ਯਾਨ ਦੇ ਮੁੱਖ ਤਰਲ ਇੰਜਣ ਨੇ ਪਰਖ ਵਿਚ ਸਫ਼ਲਤਾ
ਪ੍ਰਾਪਤ ਕੀਤੀ ਹੈ।
ਵਿਗਿਆਨੀਆਂ ਅਨੁਸਾਰ ਮੰਗਲਗ੍ਰਹਿ ਦਾ ਮਿਸ਼ਨ ਲਗਭਗ 100 ਫ਼ੀਸਦੀ
ਪੂਰਾ ਕਰ ਲਿਆ ਗਿਆ ਹੈ। ਜੇਕਰ ਉਪਗ੍ਰਹਿ ਵੀ ਸਫ਼ਲਤਾ ਨਾਲ ਮੰਗਲਗ੍ਰਹਿ ਦੇ ਪੁਲਾੜ ਪੰਧ 'ਤੇ
ਪੈ ਜਾਂਦਾ ਹੈ, ਜਿਸ ਦੀ ਕਿ ਪੂਰੀ ਉਮੀਦ ਹੈ, ਤਾਂ ਭਾਰਤ ਮੰਗਲ ਗ੍ਰਹਿ 'ਤੇ ਪਹੁੰਚਣ
ਵਾਲਾ ਏਸ਼ੀਆ ਦਾ ਪਹਿਲਾ ਅਤੇ ਸੰਸਾਰ ਦਾ ਚੌਥਾ ਮੁਲਕ ਬਣ ਜਾਵੇਗਾ।
ਇਸ ਨਾਲ ਹੀ ਹੁਣ
ਇਸ ਮੰਗਲਯਾਨ ਨੂੰ ਮੰਗਲ ਦੇ ਪੰਧ ਵਿਚ ਦਾਖਲ ਹੋਣ ਦਾ ਰਾਹ ਖੁੱਲਾ ਹੋ ਗਿਆ ਹੈ। ਭਾਰਤੀ
ਪੁਲਾੜ ਖੋਜ ਸੰਗਠਨ (ਇਸਰੋ) ਦੇ 200 ਤੋਂ ਵਧ ਵਿਗਿਆਨਕਾਂ ਨੇ ਮੰਗਲਯਾਨ 'ਤੇ ਲੱਗੇ 440
ਨਿਊਟਨ ਲਿਕਵਡ ਮੋਟਰ ਇੰਜਨ ਨੂੰ ਤੈਅ ਪ੍ਰੋਗਰਾਮ ਮੁਤਾਬਕ ਤਕਰੀਬਨ 4 ਸੈਕਿੰਡ ਤੱਕ ਚਲਾਇਆ
ਅਤੇ ਯਾਨ ਦੀ ਦਿਸ਼ਾ ਨੂੰ ਵੀ ਦਰੁੱਸਤ ਕੀਤਾ।
ਮੰਗਲਯਾਨ ਨੂੰ ਚੌਥੀ ਵਾਰ ਸਹੀ ਦਿਸ਼ਾ ਵਿਚ
ਲਿਆਂਦਾ ਗਿਆ ਹੈ। ਇਸਰੋ ਨੇ ਟਵਿੱਟਰ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਤੈਅ
ਪ੍ਰੋਗਰਾਮ ਮੁਤਾਬਕ ਤਰਲ ਇੰਜਣ ਨੂੰ 4 ਸੈਕਿੰਡ ਲਈ ਚਾਲੂ ਕੀਤਾ ਗਿਆ। ਨਾਲ ਹੀ ਮੰਗਲਯਾਨ
ਦੀ ਦਿਸ਼ਾ ਵੀ ਦਰੁੱਸਤ ਕਰ ਲਈ ਗਈ ਹੈ। ਇਸਰੋ ਨੇ ਕਿਹਾ ਕਿ ਇੰਜਣ ਨੂੰ ਚਲਾਉਣ ਦੀ ਪਰਖ ਸਫ਼ਲ
ਰਹੀ। ਇਸ ਦਾ ਮਕਸਦ ਸਪੇਸਕਰਾਫ਼ਟ ਦੀ ਗਤੀ ਨੂੰ ਹੋਲੀ ਕਰਨਾ ਹੈ ਤਾਂ ਕਿ ਇਹ ਮੰਗਲ ਗ੍ਰਹਿ
ਦੇ ਗੁਰੂਤਾ–ਆਕਰਸ਼ਨ ਖੇਤਰ 'ਚ ਖਿੱਚਿਆ ਚਲਿਆ ਜਾਵੇ ਅਤੇ ਉਸ ਦੇ ਗ੍ਰਹਿ ਪੰਧ ਵਿਚ ਸਥਾਪਤ
ਹੋ ਸਕੇ।
ਇਸ ਤੋਂ ਪਹਿਲਾ ਅੱਜ ਸਵੇਰੇ ਮੰਗਲਯਾਨ ਮੰਗਲਗ੍ਰਹਿ ਦੇ ਗੁਰੂਤਾ–ਆਕਰਸ਼ਨ
ਖੇਤਰ ਵਿਚ ਪਹੁੰਚ ਚੁੱਕਾ ਹੈ। ਮੰਗਲਗ੍ਰਹਿ ਦਾ ਗੁਰੂਤਾ–ਆਕਰਸ਼ਨ ਖੇਤਰ ਇਸ ਗ੍ਰਹਿ ਤੋਂ 5
ਲੱਖ 80 ਹਜ਼ਾਰ ਕਿਲੋਮੀਟਰ ਦੂਰ ਤੋਂ ਸ਼ੁਰੂ ਹੋ ਜਾਂਦਾ ਹੈ। ਮੰਗਲ ਯਾਨ 24 ਸਤੰਬਰ ਨੂੰ
ਮੰਗਲਗ੍ਰਹਿ ਦੇ ਪੁਲਾੜ ਪੰਧ ਵਿਚ ਦਾਖ਼ਲ ਹੋ ਜਾਵੇਗਾ ਅਤੇ ਇਸ ਇਤਿਹਾਸਕ ਪਲ ਦਾ ਗੁਆਹ ਬਣਨ
ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੈਂਗਲੂਰ ਸਥਿਤ ਇਸਰੋ ਦੇ ਦਫ਼ਤਰ ਵਿਚ ਹਾਜ਼ਰ
ਰਹਿਣਗੇ। ਇਸਰੋ ਦੇ ਵਿਗਿਆਨੀਆਂ ਅਨੁਸਾਰ ਪੁਲਾੜ ਵਿਚ 300 ਦਿਨ ਗੁਜਾਰ ਚੁੱਕਾ ਮੰਗਲਯਾਨ
ਚੰਗੀ ਸਥਿਤੀ ਵਿਚ ਹੈ ਪਰ ਮੰਗਲ ਉਪ ਗ੍ਰਹਿ ਦੇ ਪੁਲਾੜ ਪੰਧ 'ਚ ਦਾਖ਼ਲ ਹੋਣ ਲਈ ਮੰਗਲਯਾਨ
ਦੇ ਇੰਜਣ ਨੂੰ ਸਟਾਟ ਕਰਨਾ ਜ਼ਰੂਰੀ ਸੀ।