ਸੁਪਰੀਮ ਕੋਰਟ ਵੱਲੋਂ ਸੀਬੀਆਈ ਡਾਇਰੈਕਟਰ ਨੂੰ ਦੋਹਰਾ ਝਟਕਾ
Posted on:- 22-09-2014
ਨਵੀਂ ਦਿੱਲੀ : ਸੁਪਰੀਮ
ਕੋਰਟ ਨੇ 2ਜੀ ਮਹਾਘਪਲੇ ਦੇ ਮਾਮਲੇ ਵਿਚ ਸੀਬੀਆਈ ਦੇ ਡਾਇਰੈਕਟਰ ਰੰਜੀਤ ਸਿਨਹਾ ਨੂੰ ਅੱਜ
ਦੋਹਰਾ ਝਟਕਾ ਦਿੱਤਾ ਹੈ। ਸਰਬ ਉਚ ਅਦਾਲਤ ਨੇ ਗੈਰ ਸਰਕਾਰੀ ਸੰਗਠਨ ਸੈਂਟਰ ਫ਼ਾਰ ਪਬਲਿਕ
ਇੰਟਰੇਸਟ ਲਿਟੀਗੇਸ਼ਨ (ਸੀਪੀਆਈਐਲ) ਦੀ ਅਰਜ਼ੀ ਖਾਰਜ ਕਰਨ ਸਬੰਧੀ ਉਨ੍ਹਾਂ ਦੀ ਬੇਨਤੀ ਠੁਕਰਾ
ਦਿੱਤੀ ਅਤੇ ਇੰਦਰਾਜ ਰਜਿਸਟਰਡ ਉਪਲਬੱਧ ਕਰਵਾਉਣ ਵਾਲੇ ਸਰੋਤ ਨੂੰ ਉਜਾਗਰ ਕਰਨ ਦੇ ਆਪਣੇ
ਹੁਕਮ 'ਤੇ ਮੁੜ ਤੋਂ ਵਿਚਾਰ ਕਰਨ ਲਈ ਸਹਿਮਤੀ ਜਤਾਈ ਹੈ।
ਜਸਟਿਸ ਐਚਐਲ ਦੱਤੂ ਦੀ
ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਨੇ 2ਜੀ ਮਹਾਘਪਲੇ ਦੇ ਮਾਮਲੇ ਦੇ ਦੋਸ਼ੀਆਂ ਨਾਲ
ਮਿਲਣ ਜੁਲਣ ਦੇ ਸਿਨਹਾ ਦੇ ਦੋਸ਼ਾਂ ਦੀ ਤਹਿਕੀਕਾਤ ਦੀ ਜ਼ਿੰਮੇਵਾਰੀ ਹਾਲ ਹੀ ਵਿਚ ਨਿਯੁਕਤ
ਐਸਪੀਪੀ ਅਨੰਦ ਗਿਰੋਵ ਨੂੰ ਸੌਂਪ ਦਿੱਤੀ। ਅਦਾਲਤ ਨੇ ਸੁਪਰੀਮ ਕੋਰਟ ਰਜਿਸਟਰੀ ਨੂੰ ਹੁਕਮ
ਦਿੱਤਾ ਕਿ ਉਹ ਸੀਪੀਆਈਐਲ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਦੁਆਰਾ ਸੀਲਬੰਦ ਲਿਫ਼ਾਫ਼ੇ ਵਿਚ ਮੁਹੱਇਆ
ਕਰਵਾਏ ਗਏ ਇੰਦਰਾਜ ਰਜਿਸਟਰਡ ਸਮੇਤ ਸ੍ਰੀ ਸਿਨਹਾ ਦੇ ਖਿਲਾਫ਼ ਦੋਸ਼ਾਂ ਨਾਲ ਸਬੰਧਤ ਸਾਰੇ
ਦਸਤਾਵੇਜ਼ ਅਨੰਦ ਗਰੋਵਰ ਨੂੰ ਉਪਲਬੱਧ ਕਰਵਾਏ। ਗਰੋਵਰ ਇਨ੍ਹਾਂ ਦਸਤਾਵੇਜ਼ਾਂ ਦਾ ਅਧਿਐਨ
ਕਰਕੇ ਆਪਣੀ ਰਿਪੋਰਟ ਅਦਾਲਤ ਨੂੰ ਸੌਂਪਣਗੇ। ਇਸ ਤੋਂ ਪਹਿਲਾਂ ਸੀਬੀਆਈ ਡਾਇਰੈਕਟਰ ਦੇ
ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਲ ਜਾਂਚ ਏਜੰਸੀ ਦੁਆਰਾ ਕੀਤੀ
ਜਾ ਰਹੀ ਕਿਸੇ ਜਾਂਚ ਵਿਚ ਦਖ਼ਲ ਅੰਦਾਜ਼ੀ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਸੀਪੀਆਈਐਲ ਦੀ
ਅਰਜ਼ੀ ਖਾਰਜ ਕਰਨ ਲਈ ਅਦਾਲਤ ਨੂੰ ਇਹ ਕਹਿੰਦੀਆਂ ਬੇਨਤੀ ਕੀਤੀ ਕਿ ਇਸ ਨਾਲ 2ਜੀ ਮਾਮਲੇ ਦੀ
ਜਾਂਚ ਪ੍ਰਭਾਵਤ ਹੋਵੇਗੀ। ਪਰ ਅਦਾਲਤ ਨੇ ਉਨ੍ਹਾਂ ਦੀ ਬੇਨਤੀ ਠੁਕਰਾ ਦਿੱਤੀ। ਸੀਪੀਆਈ ਐਲ
ਵੱਲੋਂ ਸੀਨੀਅਰ ਵਕੀਲ ਦੁਸ਼ਯੰਤ ਦਵੇ ਅਤੇ ਭੂਸ਼ਣ ਨੇ ਅਦਾਲਤ ਨੂੰ ਬਿਨਾਂ ਸ਼ਰਤ ਖਿਮਾ ਯਾਚਨਾ
ਕਰਦਿਆਂ ਕਿਹਾ ਕਿ ਉਹ ਇੰਦਰਾਜ ਰਜਿਸਟਰ ਉਪਲਬੱਧ ਕਰਵਾਉਣ ਵਾਲੇ ਸਰੋਤ ਦਾ ਖੁਲਾਸਾ ਕਰਨ
ਵਿਚ ਅਸਮਰਥ ਹਨ, ਕਿਉਂਕਿ ਇਸ ਨਾਲ ਉਸ ਵਿਅਕਤੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ
ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਸਰੋਤ ਦੇ ਖੁਲਾਰੇ ਦੇ ਆਪਣੇ ਹੁਕਮ 'ਤੇ ਇਕ ਬਾਰ ਮੁੜ
ਵਿਚਾਰ ਕਰੇ ਜਿਸ ਨੂੰ ਅਦਾਲਤ ਨੇ ਮੰਨ ਲਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10
ਅਕਤੂਬਰ ਨੂੰ ਹੋਵੇਗੀ।