ਅਕਾਲੀ ਐਮਸੀ 'ਤੇ ਜਾਨਲੇਵਾ ਹਮਲਾ, ਜ਼ਖਮੀ ਹਾਲਤ 'ਚ ਹਸਪਤਾਲ ਦਾਖਲ
Posted on:- 21-09-2014
ਬਰਨਾਲਾ : ਬਰਨਾਲਾ
ਦੇ ਇੱਕ ਅਕਾਲੀ ਐਮਸੀ ਉਤੇ ਅੱਜ ਕੁੱਝ ਅਣਪਛਾਤੇ ਵਿਅੱਕਤੀਆਂ ਨੇ ਘੇਰਕੇ ਜਾਨਲੇਵਾ ਹਮਲਾ
ਕਰ ਦਿੱਤਾ ਅਤੇ ਇਸ ਹਮਲੇ ਦੋਰਾਨ ਐਮਸੀ ਹੇਮਰਾਜ ਗਰਗ ਦੀ ਇੱਕ ਲੱਤ ਟੁੱਟ ਗਈ, ਜਿਸਨੂੰ
ਤੁਰੰਤ ਸਿਵਲ ਹਸਪਤਾਲ ਵਿਖੇ ਲਜਾਇਆ ਗਿਆ ਅਤੇ ਸਿਵਲ ਹਸਪਤਾਲ ਵਿੱਚ ਸਹੂਲਤਾਂ ਦੀ ਘਾਟ ਹੋਣ
ਕਾਰਣ ਉਸਨੂੰ ਇਲਾਜ ਲਈ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਹੈ।
ਘਟਨਾ ਦੀ ਜਾਂਚ ਕਰ ਰਹੇ ਥਾਣਾ ਸਿਟੀ ਬਰਨਾਲਾ ਦੇ ਥਾਣੇਦਾਰ ਸਵਰਨ ਸਿੰਘ ਨੇ
ਦੱਸਿਆ ਕਿ ਅਕਾਲੀ ਐਮਸੀ ਹੇਮਰਾਜ ਗਰਗ ਵੱਲੋ ਲਿਖਵਾਏ ਬਿਆਨਾ ਅਨੁਸਾਰ ਉਹ ਅੱਜ ਸਵੇਰੇ
ਆਪਣੇ ਘਰ ਤੋਂ ਆਪਣੀ ਮਾਰੂਤੀ ਕਾਰ ਵਿੱਚ ਆਪਣੀ ਮੈਡੀਕਲ ਦੀ ਦੁਕਾਨ ਖੋਲਣ ਲਈ ਰਵਾਨਾ ਹੋਇਆ
ਸੀ ਕਿ ਰਸਤੇ ਵਿੱਚ ਕਚੈਹਿਰੀ ਰੋਡ ਤੇ ਕੁੱਝ ਕਾਰ ਸਵਾਰ ਵਿਅੱਕਤੀਆਂ ਨੇ ਉਸਨੂੰ ਘੇਰ ਲਿਆ
ਜਿੰਨਾਂ ਵਿਚੋ ਇੱਕ ਪਾਸ ਰਾਈਫਲ ਸੀ ਜਿਸਨੇ ਰਾਈਫਲ ਦੀ ਨੋਕ ਤੇ ਉਸਨੂੰ ਕਾਰ ਵਿਚੋਂ ਬਾਹਰ
ਕੱਢ ਲਿਆ ਅਤੇ ਬਾਕੀ ਜਣਿਆਂ ਨੇ ਬੇਸਬਾਲਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਉਸ ਪਰ
ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸਦੀ ਬਹੁਤ ਜਿਆਦਾ ਮਾਰਕੁੱਟ ਕੀਤੀ ਜਿਸ ਦੋਰਾਨ ਉਸਦੀ ਇੱਕ
ਲੱਤ ਫਰੈਕਚਰ ਹੋ ਗਈ, ਉਨਾਂ ਦੱਸਿਆ ਕਿ ਅਕਾਲੀ ਐਮਸੀ ਹੇਮਰਾਜ ਗਰਗ ਨੂੰ ਪਹਿਲਾਂ ਸਿਵਲ
ਹਸਪਤਾਲ ਵਿੱਚ ਲੈਜਾਇਆ ਗਿਆ ਅਤੇ ਫੇਰ ਚੰਗੇ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ
ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਅਕਾਲੀ ਐਮਸੀ ਹੇਮਰਾਜ ਦੇ ਸਮੱਰਥਕ
ਹਸਪਤਾਲ ਅੱਗੇ ਇਕੱਠੇ ਹੋ ਗਏ ਜਿੰਨਾਂ ਦਿਨ ਦਿਹਾੜੇ ਹੋਈ ਗੁੰਡਾਗਰਦੀ ਵਿਰੁੱਧ ਪੁਲਿਸ
ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕੀਤੀ ਤੇ ਸ਼ਹਿਰ ਵਿਚੋ ਦੀ ਰੋਸ ਮਾਰਚ ਕਰਦੇ ਹੋਏ ਹਮਲਾਂਵਰਾਂ
ਦੀ ਜਲਦੀ ਸ਼ਨਾਖਤ ਕਰਕੇ ਗਿਰਫਤਾਰ ਕਰਨ ਦੀ ਮੰਗ ਕੀਤੀ। ਘਟਨਾ ਦਾ ਜਾਇਜਾ ਲੈਣ ਪਹੁੰਚੇ
ਡੀਐਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਹੇਮਰਾਜ ਪਰ ਹੋਏ ਹਮਲੇ ਸਬੰਧੀ ਦੋਵਾਂ ਹਸਪਤਾਲਾਂ ਦਾ
ਮੈਡੀਕਲ ਰਿਕਾਰਡ ਲਿਆ ਜਾ ਰਿਹਾ ਹੈ ਅਤੇ ਦੋਵੇ ਹਸਪਤਾਲਾਂ ਦੀਆਂ ਮੈਡੀਕਲ ਰਿਪੋਰਟਾਂ ਅਤੇ
ਹੇਮਰਾਜ ਦੇ ਬਿਆਨਾ ਦੇ ਆਧਾਰ ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।