ਜ਼ਮੀਨੀ ਵਿਵਾਦ : ਤਾਏ ਹੱਥੋਂ ਭਤੀਜਾ ਤੇ ਭਤੀਜ ਨੂੰਹ ਕਤਲ
Posted on:- 21-09-2014
ਸਮਾਣਾ : ਸਮਾਣਾ ਦੇ ਪਿੰਡ
ਸਾਧੂਗੜ੍ਹ ਵਿਖੇ ਬੀਤੀ ਦੇਰ ਰਾਤ ਇੱਕ ਵਿਅਕਤੀ ਨੇ ਜ਼ਮੀਨੀ ਵਿਵਾਦ ਕਾਰਨ ਆਪਣੇ ਭਤੀਜੇ,
ਉਸਦੀ ਪਤਨੀ ਤੇ ਉਸਦੇ ਲੜਕੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਘਰ ਵਿਚ ਹੀ ਜਾਨਲੇਵਾ ਹਮਲਾ ਕਰ
ਦਿੱਤਾ, ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਤੇ ਉਨ੍ਹਾਂ ਦਾ ਲੜਕਾ ਜ਼ਖ਼ਮੀ ਹੋ ਗਿਆ ਜੋ
ਹਸਪਤਾਲ ਵਿਚ ਜ਼ੇਰੇ ਇਲਾਜ ਹੈ ।
ਸਿਟੀ ਥਾਣਾ ਪਿਲਸ ਅਤੇ ਉੱਚ ਅਫਸਰਾਂ ਨੇ ਘਟਨਾ ਵਾਲੀ
ਥਾਂ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮ੍ਰਿਤਕ ਦੇ ਵਾਰਸ ਜਗਤਾਰ ਸਿੰਘ
ਪੁੱਤਰ ਪ੍ਰੀਤਮ ਸਿੰਘ ਦੇ ਬਿਆਨਾਂ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ
ਕਰ ਦਿੱਤੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਮ੍ਰਿੱਤਕ ਦੇ ਵਾਰਸਾਂ ਅਤੇ ਪਿੰਡ
ਵਾਸੀਆਂ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਕਰੀਬ 11 ਵਜੇ ਜਦੋਂ ਲੋਕ ਸੁੱਤੇ ਪਏ ਸਨ
ਤਾਂ ਰਿਸ਼ਤੇ ਵਿਚ ਮ੍ਰਿਤਕ ਬਹਾਦਰ ਸਿੰਘ ਦੇ ਤਾਏ ਬਲਵਿੰਦਰ ਸਿੰਘ ਨੇ ਉਨ੍ਹਾਂ ਦੇ ਘਰ ਵਿਚ
ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਬਲਵਿੰਦਰ ਸਿੰਘ (40), ਉਸਦੀ ਪਤਨੀ ਮਨਜੀਤ ਕੌਰ
(36) ਤੇ ਲੜਕੇ ਸਤਵਿੰਦਰ ਸਿੰਘ (15) 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਤਿੰਨੇ
ਗੰਭੀਰ ਜਖ਼ਮੀ ਹੋ ਗਏ। ਇਨ੍ਹਾਂ ਜਖ਼ਮੀਆਂ ਵੱਲੋਂ ਰੌਲਾ ਪਾਉਣ 'ਤੇ ਜਦੋਂ ਪਰਿਵਾਰਕ ਮੈਂਬਰ
ਉਨ੍ਹਾਂ ਦੇ ਘਰ ਵਿੱਚ ਪਹੁੰਚੇ ਤਾਂ ਬਲਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ।
ਇਸ
ਉਪਰੰਤ ਤਿੰਨਾਂ ਨੂੰ ਇਲਾਜ ਲਈ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ
ਨੇ ਮਨਜੀਤ ਕੌਰ ਨੂੰ ਮ੍ਰਿੱਤਕ ਐਲਾਨ ਦਿੱਤਾ ਅਤੇ ਬਹਾਦਰ ਸਿੰਘ ਦੀ ਹਾਲਤ ਨੂੰ ਗੰਭੀਰ
ਦੇਖਦਿਆਂ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ, ਪਰ ਉਸਦੀ ਹਸਪਤਾਲ
ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਤੇ ਡਾਕਟਰਾਂ ਨੇ ਉਸ ਨੂੰ ਮ੍ਰਿੱਤਕ ਐਲਾਨ ਦਿੱਤਾ।
ਜਦੋਂਕਿ ਉਨ੍ਹਾਂ ਦਾ ਲੜਕਾ ਸਤਵਿੰਦਰ ਸਿੰਘ ਸਮਾਣਾ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਇਸ
ਸੰਬਧੀ ਜਾਣਕਾਰੀ ਦਿੰਦਿਆ ਐਸਪੀਡੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮ੍ਰਿਤਕ
ਬਹਾਦਰ ਸਿੰਘ ਦਾ ਆਪਣੇ ਤਾਏ ਬਲਵਿੰਦਰ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਕੋਈ ਝੱਗੜਾ ਸੀ।
ਕਿਉਂਕਿ ਉਸਨੇ ਆਪਣੇ ਹਿੱਸੇ ਦੀ ਇੱਕ ਏਕੜ ਜ਼ਮੀਨ ਬਹਾਦਰ ਸਿੰਘ ਦੇ ਨਾਂ ਕਰਵਾ ਦਿੱਤੀ ਸੀ,
ਜਿਸ ਨੂੰ ਵਾਪਸ ਲੈਣ ਲਈ ਉਸਨੇ ਪਿੰਡ ਦੇ ਲੋਕਾਂ ਨੂੰ ਕੁੱਝ ਸਮੇਂ ਪਹਿਲਾਂ ਇੱਕਠਾ ਵੀ
ਕੀਤਾ ਸੀ ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਪਟਿਆਲਾ ਹਰਦਿਆਲ ਸਿੰਘ ਮਾਨ
ਨੇ ਵੀ ਦੌਰਾ ਕੀਤਾ ਤੇ ਕਿਹਾ ਕਿ ਦੋਸ਼ੀ ਖਿਲਾਫ ਧਾਰਾ 302, 456, 324 ਆਈਪੀਸੀ ਤਹਿਤ
ਮਾਮਲਾ ਦਰਜ ਕਰ ਲਿਆ ਹੈ । ਦੋਸ਼ੀ ਨੂੰ ਹਿਰਾਸਤ ਵਿਚ ਲੈਣ ਲਈ ਕਾਰਵਾਈ ਕੀਤੀ ਜਾ ਰਹੀ ਹੈ ।