ਕਿਸਾਨ ਸਿਖਲਾਈ ਕੈਂਪ 'ਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਅਪੀਲ
Posted on:- 21-09-2014
ਪ੍ਰਵੀਨ ਸਿੰਘ/ ਸੰਗਰੂਰ : ਖੇਤੀਬਾੜੀ
ਵਿਭਾਗ, ਜ਼ਿਲ੍ਹਾ ਸੰਗਰੂਰ ਵੱਲੋਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਦੀ ਤਕਨੀਕੀ
ਜਾਣਕਾਰੀ ਦੇਣ ਲਈ ਆਤਮਾ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਅੱਜ
ਨਵੀਂ ਅਨਾਜ ਮੰਡੀ, ਸੰਗਰੂਰ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ
ਪੁੱਜੇ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕੀਤਾ।
ਸ੍ਰੀ ਗਰਗ ਨੇ ਕੈਂਪ
ਦੌਰਾਨ ਵੱਡੀ ਗਿਣਤੀ 'ਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ
ਭਰਾਵਾਂ ਨੂੰ ਖੇਤੀ ਮਾਹਿਰਾਂ ਮੁਤਾਬਿਕ ਨਵੀਆਂ ਤਕਨੀਕਾਂ ਅਪਣਾ ਕੇ ਖੇਤੀ ਖਰਚੇ ਘਟਾਉਣ
'ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਹੀ ਖੇਤੀ ਲਾਹੇਬੰਦ ਧੰਦਾ ਬਣ ਸਕਦੀ ਹੈ।
ਸ੍ਰੀ ਗਰਗ ਨੇ
ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਕੀਮਤੀ ਸਕੀਮਾਂ
ਦਾ ਲਾਭ ਜਰੂਰ ਲੈਣ ਤਾਂ ਜੋ ਖੇਤੀ ਅਤੇ ਕਿਸਾਨੀ ਦਾ ਵਿਕਾਸ ਕੀਤਾ ਜਾ ਸਕੇ। ਉਨ੍ਹਾਂ
ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਇਕੱਲੇ ਸੰਗਰੂਰ ਜ਼ਿਲ੍ਹੇ
'ਚ ਪੂਰੇ ਪੰਜਾਬ ਵਿੱਚੋਂ ਔਸਤਨ ਸਭ ਤੋਂ ਵੱਧ ਕਣਕ ਅਤੇ ਝੋਨੇ ਦੀ ਉਪਜ ਪ੍ਰਾਪਤ ਕੀਤੀ ਜਾ
ਰਹੀ ਹੈ।
ਇਸ ਤੋਂ ਪਹਿਲਾ ਕੈਂਪ ਦੌਰਾਨ ਡਾ. ਮੰਗਲ ਸਿੰਘ ਸੰਧੂ, ਡਾਇਰੈਕਟਰ
ਖੇਤੀਬਾੜੀ ਵਿਭਾਗ, ਪੰਜਾਬ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਵਧੀਕ
ਡਿਪਟੀ ਕਮਿਸ਼ਨਰ ਪ੍ਰੀਤਮ ਸਿੰਘ ਜੌਹਲ ਨੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕਰਦਿਆਂ
ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਆਗਾਮੀ ਕਟਾਈ ਦੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ
ਨਾ ਸਾੜਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਲਿਆਉਣ ਅਤੇ ਵੱਧ ਤੋਂ
ਵੱਧ ਪੌਦੇ ਲਗਾਏ ਜਾਣ।
ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ ਸ. ਰਾਜਿੰਦਰ ਸਿੰਘ
ਸੋਹੀ ਨੇ ਮੁੱਖ ਮਹਿਮਾਨ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ
ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ
ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਕਣਕ ਦੇ ਔਸਤ ਝਾੜ ਵਿੱਚ
ਲਗਾਤਾਰ ਜ਼ਿਲ੍ਹਾ ਸੰਗਰੂਰ ਤੀਜੀ ਵਾਰ ਪੰਜਾਬ ਵਿੱਚੋਂ ਪਹਿਲੇ ਸਥਾਨ 'ਤੇ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪ੍ਰੋਗਰੈਸਿਵ ਪੰਜਾਬ ਸਮਿਟ-2014 ਦੌਰਾਨ 6727 ਕਿਸਾਨਾਂ ਦੀ ਸ਼ਮੂਲੀਅਤ
ਕਰਵਾ ਕੇ ਪੰਜਾਬ ਵਿੱਚੋਂ ਜ਼ਿਲੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਤਕਨੀਕੀ ਸੈਸ਼ਨ
ਦੌਰਾਨ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਤੇ ਵਧੇਰੇ ਪੈਦਾਵਾਰ ਲੈਣ ਆਦਿ ਦੇ
ਢੰਗ ਤਰੀਕਿਆਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ
ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਖੇਤੀ ਨਾਲ ਸਬੰਧਤ ਕ੍ਰਿਸ਼ੀ ਵਿਗਿਆਨ
ਕੇਂਦਰ, ਬਾਗਬਾਨੀ ਵਿਭਾਗ, ਭੂਮੀ ਅਤੇ ਜਲ ਸੰਭਾਲ ਵਿਭਾਗ, ਮੱਛੀ ਪਾਲਣ ਵਿਭਾਗ, ਇਫਕੋ,
ਮਾਰਕਫੈਡ ਵਿਭਾਗ, ਡੇਅਰੀ ਵਿਭਾਗ ਅਤੇ ਹੋਰ ਸਰਕਾਰੀ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ
ਲਗਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਬਿੰਦ ਸਿੰਘ ਕਾਂਝਲਾਂ ਸਾਬਕਾ ਮੰਤਰੀ
ਪੰਜਾਬ, ਰਜਿੰਦਰ ਸਿੰਘ ਕਾਂਝਲਾ ਸੀਨੀਅਰ ਅਕਾਲੀ ਆਗੂ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਸਬੀਰ
ਸਿੰਘ ਦਿਓਲ, ਦੇਸ਼ ਰਾਜ ਕਟਾਰੀਆਂ, ਡਾ. ਰਜਿੰਦਰ ਸਿੰਘ ਭਦੜੇ ਸੰਯੁਕਤ ਡਾਇਰੈਕਟਰ
ਖੇਤੀਬਾੜੀ ਪੰਜਾਬ, ਸਤਿਗੁਰ ਸਿੰਘ ਨਮੌਲ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।