ਸਾਰਦਾ ਘੁਟਾਲਾ : ਸੀਬੀਆਈ ਵੱਲੋਂ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੀ ਪਤਨੀ ਤੋਂ ਪੁੱਛਗਿੱਛ
Posted on:- 21-09-2014
ਨਵੀਂ ਦਿੱਲੀ : ਸੀਬੀਆਈ
ਨੇ ਕਰੋੜਾਂ ਰੁਪਏ ਦੇ ਕਥਿਤ ਸਾਰਦਾ ਚਿਟਫੰਡ ਘੁਟਾਲੇ ਦੇ ਸਿਲਸਿਲੇ ਵਿੱਚ ਸਾਬਕਾ ਵਿੱਤ
ਮੰਤਰੀ ਪੀ ਚਿਦੰਬਰਮ ਦੀ ਪਤਨੀ ਨਾਲਿਨੀ ਚਿਦੰਬਰਮ ਤੋਂ ਪੁੱਛਗਿੱਛ ਕੀਤੀ ਹੈ।
ਅਧਿਕਾਰਤ
ਸੂਤਰਾਂ ਨੇ ਇੱਥੇ ਦੱਸਿਆ ਕਿ ਸੁਪਰੀਮ ਕੋਰਟ ਦੀ ਵਕੀਲ ਨਾਲਿਨੀ ਤੋਂ ਸੀਬੀਆਈ ਨੇ ਕੱਲ੍ਹ
ਚੇਨਈ ਵਿੱਚ ਪੁੱਛਗਿੱਛ ਕੀਤੀ।
ਸਾਰਦਾ ਸਮੂਹ ਦੁਆਰਾ ਨਾਲਿਨੀ ਨੂੰ ਕਾਨੂੰਨੀ ਸਲਾਹ ਲਈ
ਕੀਤੇ ਗਏ ਭੁਗਤਾਨ ਦੇ ਸਿਲਸਿਲੇ ਵਿੱਚ ਪੁੱਛਗਿੱਛ ਕੀਤੀ ਗਈ ਹੈ। ਇਸ ਮਾਮਲੇ 'ਚ ਗ੍ਰਿਫ਼ਤਾਰ
ਸਾਰਦਾ ਸਮੂਹ ਦੇ ਚੇਅਰਮੈਨ ਸੁਦੀਪਤ ਸੇਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਾਂਗਰਸੀ
ਆਗੂ ਮਤੰਗ ਸਿੰਘ ਤੋਂ ਅਲੱਗ ਰਹਿ ਰਹੀ ਉਨ੍ਹਾਂ ਦੀ ਪਤਨੀ ਮਨੋਰੰਜਨਾ ਸਿੰਘ ਦੇ ਕਹਿਣ 'ਤੇ
ਵਕੀਲ ਵਜੋਂ ਨਾਲਿਨੀ ਚਿਦੰਬਰਮ ਨੂੰ ਇੱਕ ਕਰੋੜ ਰੁਪਏ ਤੋਂ ਵਧ ਦਾ ਭੁਗਤਾਨ ਕੀਤਾ ਸੀ।
ਸੀਬੀਆਈ ਨੂੰ ਕਥਿਤ ਤੌਰ 'ਤੇ ਲਿਖੀ ਗਈ 18 ਸਫ਼ਿਆਂ ਦੀ ਚਿੱਠੀ ਵਿੱਚ ਸੇਨ ਨੇ ਦੋਸ਼ ਲਗਾਇਆ
ਕਿ ਉਨ੍ਹਾਂ ਨੇ ਨਾਲਿਨੀ ਚਿਦੰਬਰਮ ਦੇ ਕੋਲਕਾਤਾ ਆਉਣ ਜਾਣ ਅਤੇ ਪੰਜ ਤਾਰਾ ਹੋਟਲ ਵਿੱਚ
ਰੁਕਣ ਲਈ ਪੇਮੈਂਟ ਕੀਤੀ। ਸੇਨ ਮੁਤਾਬਕ ਨਾਲਿਨੀ ਨੇ ਉਨ੍ਹਾਂ 'ਤੇ ਦਬਾਅ ਬਣਾਇਆ ਕਿ ਉਹ
ਮਨੋਰੰਜਨਾ ਦੀ ਕੰਪਨੀ ਵਿੱਚ 42 ਕਰੋੜ ਰੁਪਏ ਨਿਵੇਸ਼ ਕਰੇ। ਪੁਲਿਸ ਨੇ ਸੁਦੀਪਤ ਸੇਨ ਦੁਆਰਾ
ਚਿੱਠੀ ਲਿਖੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧ ਵਿੱਚ ਨਾਲਿਨੀ ਦਾ ਪੱਖ਼ ਜਾਨਣ ਲਈ ਯਤਨ
ਕੀਤਾ ਗਿਆ, ਪਰ ਉਨ੍ਹਾਂ ਨੇ ਫੋਨ ਕਾਲ ਅਤੇ ਐਸਐਮਐਸ ਦਾ ਕੋਈ ਜਵਾਬ ਨਹੀਂ ਦਿੱਤਾ।
ਹਾਲਾਂਕਿ ਨਾਲਿਨੀ ਦੀ ਟੀਮ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸੀਬੀਆਈ ਨੇ ਉਨ੍ਹਾਂ
ਤੋਂ ਪੁੱਛਗਿੱਛ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੀਬੀਆਈ ਨੇ ਸਿਰਫ਼ ਟੀਵੀ ਚੈਨਲ ਨੂੰ
ਖਰੀਦਣ ਦੀ ਯੋਜਨਾ ਦੇ ਸਿਲਸਿਲੇ ਵਿੱਚ ਉਨ੍ਹਾਂ ਦੀ ਤਿਆਰ 70 ਸਫ਼ਿਆਂ ਦੀ ਰਿਪੋਰਟ ਹਾਸਲ
ਕੀਤੀ ਸੀ।
ਦੱਸਣਾ ਬਣਦਾ ਹੈ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ ਪੱਛਮੀ ਬੰਗਾਲ ਦੀ
ਸੱਤਾਧਾਰੀ ਧਿਰ ਤ੍ਰਿਣਾਮੂਲ ਕਾਂਗਰਸ ਦੇ ਇੱਕ ਆਗੂ ਅਤੇ ਸੂਬੇ ਦੇ ਸਾਬਕਾ ਡੀਜੀ ਰਜਤ
ਮਜੂਮਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮਜੂਮਦਾਰ 2008 ਵਿੱਚ ਸੇਵਾ ਮੁਕਤੀ ਤੋਂ ਬਾਅਦ
ਸਾਰਦਾ ਸਮੂਹ ਨਾਲ ਸਕਿਊਰਿਟੀ ਐਡਵਾਇਜ਼ਰ ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ
ਤ੍ਰਿਣਾਮੂਲ ਦੇ ਰਾਜ ਸਭਾ ਮੈਂਬਰ ਸੁੰਜੋਏ ਬੋਸ ਤੋਂ ਵੀ ਸੀਬੀਆਈ ਨੇ ਪੁੱਛਗਿੱਛ ਕੀਤੀ ਹੈ।
ਹਾਲਹੀ ਵਿੱਚ ਅਸਾਮ ਦੇ ਸਾਬਕਾ ਡੀਜੀ ਨੇ ਇਸ ਮਾਮਲੇ ਵਿੱਚ ਨਾਂ ਆਉਣ ਤੋਂ ਬਾਅਦ ਖੁਦਕਸ਼ੀ
ਕਰ ਲਈ ਸੀ। ਸਾਰਦਾ ਸਮੂਹ ਨਾਲ ਜੁੜੇ ਪੱਛਮੀ ਬੰਗਾਲ ਦੇ ਚਿਟਫੰਡ ਘਪਲੇ ਦੇ 2460 ਕਰੋੜ
ਰੁਪਏ ਤੱਕ ਹੋਣ ਦਾ ਅਨੁਮਾਨ ਹੈ। ਇਹ ਵੀ ਦੋਸ਼ ਹੈ ਕਿ ਚਿਟਫੰਡ ਯੋਜਨਾਵਾਂ ਰਾਹੀਂ ਛੋਟੇ
ਨਿਵੇਸ਼ਕਾਂ ਤੋਂ ਇਕੱਠੀ ਕੀਤੀ ਗਈ ਰਕਮ ਵਾਪਸ ਹੀ ਨਹੀਂ ਕੀਤੀ ਗਈ।