ਅਫਗਾਨਿਸਤਾਨ : ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਗਨੀ ਤੇ ਅਬਦੁੱਲਾ 'ਚ ਸਮਝੌਤਾ
Posted on:- 21-09-2014
ਕਾਬੁਲ : ਅਫ਼ਗਾਨਿਸਤਾਨ
ਦੀ ਰਾਜਧਾਨੀ ਕਾਬੁਲ ਵਿੱਚ ਕੌਮੀ ਏਕਤਾ ਸਰਕਾਰ ਬਣਉਣ ਦੇ ਸਮਝੌਤੇ 'ਤੇ ਹਸਤਾਖ਼ਰ ਹੋ ਗਏ
ਹਨ। ਇਸ ਸਮਝੌਤੇ ਤਹਿਤ ਅਸਰਫ਼ ਗਨੀ ਰਾਸ਼ਟਰਪਤੀ ਬਣੇ ਹਨ, ਜਦਕਿ ਚੋਣਾਂ ਵਿੱਚ ਦੂਜੇ ਸਥਾਨ
'ਤੇ ਰਹੇ ਅਬਦੁੱਲਾ ਅਬਦੁੱਲਾ ਨੂੰ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਾਮਜ਼ਦ ਕੀਤਾ ਗਿਆ
ਹੈ।
ਅਫ਼ਗਾਨਿਸਤਾਨ ਵਿੱਚ ਅਪ੍ਰੈਲ ਅਤੇ ਜੂਨ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਈਆਂ
ਸਨ ਅਤੇ ਕਈ ਮਹੀਨਿਆਂ ਤੱਕ ਖਿੱਚੋਤਾਣ ਤੋਂ ਬਾਅਦ ਇਹ ਸਮਝੌਤਾ ਸਿਰੇ ਚੜਿਆ ਹੈ।
ਅਬਦੁੱਲਾ
ਨੂੰ ਪ੍ਰਧਾਨ ਮੰਤਰੀ ਦੇ ਬਰਾਬਰ ਹੀ ਅਧਿਕਾਰ ਦਿੱਤੇ ਗਏ ਹਨ। ਰਾਸ਼ਟਰਪਤੀ ਚੋਣਾਂ ਦੇ
ਨਤੀਜਿਆਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ। ਚੋਣਾਂ ਤੋਂ ਬਾਅਦ ਦੋਵੇਂ ਧਿਰਾਂ ਇੱਕ ਦੂਜੇ
'ਤੇ ਧਾਂਦਲੀ ਦੇ ਦੋਸ਼ ਲਗਾਉਂਦੀਆਂ ਆ ਰਹੀਆਂ ਸਨ। ਗਨੀ ਅਤੇ ਅਬਦੁੱਲਾ ਨੇ ਕਾਬੁਲ ਦੇ
ਰਾਸ਼ਟਰਪਤੀ ਪੈਲੇਸ ਦੇ ਅੰਦਰ ਇੱਕ ਸਮਾਰੋਹ 'ਚ ਸਮਝੌਤੇ 'ਤੇ ਦਸਤਖ਼ਤ ਕੀਤੇ।
ਇਸ ਤੋਂ
ਬਾਅਦ ਉਹ ਖੜ੍ਹੇ ਹੋਏ ਅਤੇ ਇੱਕ ਦੂਜੇ ਨੂੰ ਗਲਵਕੜੀ ਪਾ ਕੇ ਮਿਲੇ। ਸਾਬਕਾ ਰਾਸ਼ਟਰਪਤੀ
ਹਾਮਿਦ ਕਰਜ਼ਈ ਨੇ ਗਨੀ ਅਤੇ ਅਬਦੁੱਲਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਮਝੌਤਾ ਦੇਸ਼ ਦੀ
ਉੱਨਤੀ ਅਤੇ ਵਿਕਾਸ ਲਈ ਹੈ।
ਕਰਜ਼ਈ ਨੇ ਕਿਹਾ ਕਿ ਆਫ਼ਗਾਨਿਸਤਾਨ ਵੱਲੋਂ ਇਸ ਸਮਝੌਤੇ 'ਤੇ
ਪਹੁੰਚਣ ਲਈ ਮੈਂ ਉਨ੍ਹਾਂ ਨੂੰ ਵਧਾਈ ਦੇ ਰਿਹਾ ਹਾਂ। ਅਮਰੀਕਾ ਨੇ ਇਸ ਸਮਝੌਤੇ ਦਾ ਸਵਾਗਤ
ਕਰਦਿਆਂ ਇਸ ਨੂੰ ਏਕਤਾ ਲਈ ਮਹੱਤਵਪੂਰਨ ਮੌਕਾ ਦੱਸਿਆ ਹੈ।