ਬਿਲਾਬਲ ਭੁੱਟੋ ਦੇ ਕਚਕਰੜ ਬਿਆਨ ਦੀ ਭਾਜਪਾ ਤੇ ਕਾਂਗਰਸ ਵੱਲੋਂ ਨਿੰਦਾ
Posted on:- 20-09-2014
ਨਵੀਂ ਦਿੱਲੀ : ਭਾਜਪਾ
ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੌਜਵਾਨ ਨੇਤਾ ਬਿਲਾਬਲ ਭੁੱਟੋ ਦੇ ਉਸ ਬਿਆਨ ਨੂੰ
ਬਚਕਾਨਾ ਅਤੇ ਕਚਕਰੜ ਦੱਸਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਹ ਪੂਰਾ ਕਸ਼ਮੀਰ ਵਾਪਸ
ਲੈਣਗੇ ਅਤੇ ਉਸ ਦਾ ਇੱਕ ਇੰਚ ਵੀ ਨਹੀਂ ਛੱਡਣਗੇ। ਕਸ਼ਮੀਰ ਨੂੰ ਭਾਰਤ ਦਾ ਅਹਿਮ ਹਿੱਸਾ
ਦੱਸਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਮੁਖਤਿਆਰ ਅਬਾਸ ਨਕਬੀ ਨੇ ਕਿਹਾ ਕਿ ਪਾਕਿਸਤਾਨ ਦੇ
ਨੇਤਾਵਾਂ ਨੂੰ ਅਜਿਹੇ ਭੜਕਾਊ ਬਿਆਨ ਦੇਣ ਦੀ ਆਦਤ ਪੈ ਗਈ ਹੈ, ਪਰ ਭਾਰਤ ਦੇ ਸੁਰੱਖਿਆ ਬਲ
ਪੂਰੀ ਤਰ੍ਹਾਂ ਆਪਣੀ ਮਾਤਰ ਭੂਮੀ ਦੀ ਰੱਖਿਆ ਕਰਦੇ ਹੋਏ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ
ਦੇਣ ਦੇ ਲਈ ਸਮਰੱਥ ਹਨ।
ਉਨ੍ਹਾਂ ਕਿਹਾ ਕਿ ਬਿਲਾਬਲ ਭੁੱਟੋ ਦਾ ਬਿਆਨ ਬਹੁਤ ਹੀ ਬਚਕਾਨਾ
ਤੇ ਕਚਕਰੜ ਹੈ, ਕਸ਼ਮੀਰ ਭਾਰਤ ਦਾ ਅਹਿਮ ਅੰਗ ਹੈ ਅਤੇ ਰਹੇਗਾ। ਕਸ਼ਮੀਰ 'ਤੇ ਬੁਰੀ ਨਜ਼ਰ
ਰੱਖਣ ਵਾਲਿਆਂ ਨਾਲ ਸਖ਼ਤੀ ਨਾਲ ਸਿਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ
ਨੇਤਾਵਾਂ ਨੇ ਆਪਣੇ ਸਿਆਸੀ ਜੋੜਾਂ-ਤੋੜਾਂ ਲਈ ਕਸ਼ਮੀਰ ਨੂੰ ਹਮੇਸ਼ਾ ਵਰਤਣ ਦਾ ਯਤਨ ਕੀਤਾ
ਹੈ। ਜ਼ਿਕਰਯੋਗ ਹੈ ਕਿ ਅੱਜ ਮੁਲਤਾਨ ਵਿੱਚ ਬਿਲਾਬਲ ਨੇ ਵਿਵਾਦਤ ਬਿਆਨ ਵਿੱਚ ਕਿਹਾ ਕਿ ਮੈਂ
ਕਸ਼ਮੀਰ ਵਾਪਸ ਲਵਾਂਗਾ, ਇਸ ਦਾ ਇੱਕ ਇੰਚ ਵੀ ਨਹੀਂ ਛੱਡਾਂਗ, ਕਿਉਂਕਿ ਇਹ ਵੀ ਦੂਜੇ
ਸੂਬਿਆਂ ਵਾਂਗ ਪਾਕਿਸਤਾਨ ਦਾ ਹੈ। ਭਾਜਪਾ ਦੇ ਨੇਤਾ ਸੁਬਰਾਮਨੀਅਮ ਸਵਾਮੀ ਨੇ ਵੀ ਇਸ ਬਿਆਨ
ਦੀ ਨਿੰਦਾ ਕੀਤੀ ਹੈ।
ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਨੇਤਾ ਸ਼ਕੀਲ ਅਹਿਮਦ ਅਤੇ ਸੰਦੀਪ ਦੀਕਸ਼ਤ ਨੇ ਵੀ ਇਸ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।