ਕੋਈ ਮੋਦੀ ਲਹਿਰ ਨਹੀਂ, ਇਨੈਲੋ ਬਣਾਏਗੀ ਸਰਕਾਰ : ਚੌਟਾਲਾ
Posted on:- 20-09-2014
ਚੰਡੀਗੜ੍ਹ : ਹਰਿਆਣਾ
ਦੇ ਮੁੱਖ ਵਿਰੋਧੀ ਦਲ ਇੰਡੀਅਨ ਨੈਸ਼ਨਲ ਲੋਕ ਦਲ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ
ਦੱਸਿਆ ਕਿ ਦੇਸ਼ ਵਿੱਚ ਕੋਈ ਮੋਦੀ ਲਹਿਰ ਨਹੀਂ ਹੈ ਅਤੇ ਉਹ 15 ਅਕਤੂਬਰ ਦੀਆਂ ਵਿਧਾਨ ਸਭਾ
ਚੋਣਾਂ ਤੋਂ ਬਾਅਦ ਰਾਜ ਵਿੱਚ ਅਗਲੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹਨ।
ਇਨੈਲੋ ਨੇਤਾ
ਅਭੈ ਚੌਟਾਲਾ ਨੇ ਅੱਜ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਕੋਈ ਮੋਦੀ ਲਹਿਰ ਨਹੀਂ ਹੈ।
ਜੇਕਰ ਮੋਦੀ ਲਹਿਰ ਹੁੰਦੀ ਤਾਂ ਭਾਜਪਾ ਉਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਹੁਣੇ
ਹੋਈਆਂ ਉਪ ਚੋਣਾਂ ਵਿੱਚ ਕਈ ਸੀਟਾਂ ਨਾ ਗੁਆਉਂਦੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ
ਤੋਂ ਪਹਿਲਾਂ ਮੋਦੀ ਕਿਹਾ ਕਰਦੇ ਸੀ ਕਿ ਮਹਿੰਗਾਈ 'ਤੇ ਕੰਟਰੋਲ ਕੀਤਾ ਜਾਵੇਗਾ, ਪਰ ਐਨਡੀਏ
ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਤੁਰੰਤ ਰੇਲਵੇ ਕਿਰਾਏ ਵਧਾ ਦਿੱਤੇ ਅਤੇ ਹੁਣ
ਮਹਿੰਗਾਈ 'ਤੇ ਕੰਟਰੋਲ ਕਰਨ ਵਿੱਚ ਅਸਫ਼ਲ ਨਜ਼ਰ ਆ ਰਹੀ ਹੈ।
ਐਨਡੀਏ ਸਰਕਾਰ ਕਿਸਾਨਾਂ
ਨੂੰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਨੁਸਾਰ ਝੋਨੇ ਦੀ ਫ਼ਸਲ ਦੇ ਲਈ ਪੂਰਾ ਭਾਅ ਵੀ ਨਹੀਂ
ਦੇ ਸਕੀ। ਚੋਣਾਂ ਤੋਂ ਬਾਅਦ ਗੱਠਜੋੜ ਕਰਨ ਦੀ ਸੰਭਾਵਨਾ ਦੇ ਬਾਰੇ ਵਿੱਚ ਪੁੱਛੇ ਜਾਣ 'ਤੇ
ਚੌਟਾਲਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਲੰਗੜੀ ਵਿਧਾਨ ਸਭਾ ਨਹੀਂ ਹੁੰਦੀ, ਕਿਉਂਕਿ
ਇਨੈਲੋ ਸਰਕਾਰ ਦੀ ਲਈ ਤਕੜੀ ਸਥਿਤੀ ਵਿੱਚ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਾਡੀ ਪਾਰਟੀ
60 ਤੋਂ ਜ਼ਿਆਦਾ ਸੀਟਾਂ ਜਿੱਤੇਗੀ ਅਤੇ ਆਪਣੇ ਬਲਬੁੱਤੇ ਅਗਲੀ ਸਰਕਾਰ ਬਣਾਏਗੀ। ਚੋਣਾਂ
ਤੋਂ ਬਾਅਦ ਲੰਗੜੀ ਵਿਧਾਨ ਸਭਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਰਾਜ ਵਿੱਚ ਸਾਰੇ ਲੋਕ
ਇਨੈਲੋ ਦਾ ਸਮਰਥਨ ਕਰ ਰਹੇ ਹਨ।
ਇਨੈਲੋ ਉਮੀਦਵਾਰ ਦੇ ਸਮਰਥਨ ਵਿੱਚ ਪੰਜਾਬ ਦੇ ਬਜ਼ੁਰਗ
ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਸਤਾਵਿਤ ਚੋਣ ਪ੍ਰਚਾਰ 'ਤੇ ਹਰਿਆਣਾ ਭਾਜਪਾ ਦੇ
ਕੁਝ ਨੇਤਾਵਾਂ ਵੱਲੋਂ ਇਤਰਾਜ਼ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ
ਨੈਸ਼ਨਲ ਲੋਕ ਦਲ ਦਾ ਸਾਥ ਬਣਿਆ ਰਹੇਗਾ। ਇਸ ਸਬੰਧੀ ਭਾਜਪਾ ਨੂੰ ਪਹਿਲਾਂ ਹੀ ਜਾਣੂ ਕਰਵਾ
ਦਿੱਤਾ ਗਿਆ ਹੈ।