ਪਿੰਡਾਂ ’ਚ ਕੀਤੀ ਟੈਲੀਫਿਲਮ ‘ਭਾਈ ਮੰਨਾ ਸਿੰਘ’ ਦੀ ਸਫਲ ਪੇਸ਼ਕਾਰੀ
Posted on:- 20-09-2014
ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਦੀਵਾਨਾ ਅਤੇ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਵੱਲੋਂ ਬੀਹਲਾ ਅਤੇ ਦੀਵਾਨਾ ਵਿਖੇ ਟੈਲੀਫਿਲਮ ‘ਭਾਈ ਮੰਨਾ ਸਿੰਘ’ ਦੀਆਂ ਸਫਲ ਪੇਸ਼ਕਾਰੀਆਂ ਕੀਤੀਆਂ ਗਈਆਂ। 27 ਸਤੰਬਰ ਨੂੰ ਉੱਘੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੇ ਬਰਨਾਲਾ ਵਿਖੇ ਹੋ ਰਹੇ ਬਰਸੀ ਸਮਾਗਮ ਅਤੇ 1 ਅਕਤੂਬਰ ਨੂੰ ਬਰਨਾਲਾ ਵਿਖੇ ਕਾਲੇ ਕਾਨੂੰਨਾਂ ਖਿਲਾਫ ਹੋ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਵਜੋਂ ਇਹ ਪੇਸ਼ਕਾਰੀਆਂ ਕੀਤੀਆਂ ਗਈਆਂ।
ਪਿੰਡ ਬੀਹਲਾ ਅਤੇ ਦੀਵਾਨਾ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਮੰਚ ਦੇ ਕਨਵੀਨਰ ਮਨਦੀਪ ਤੇ ਵਰਿੰਦਰ ਦੀਵਾਨਾ ਨੇ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦੇਸ਼ ਦੀ ਸੱਤਾ ਤੇ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਕਾਬਜ ਹੋ ਚੁੱਕੀ ਹੈ ਤਾਂ ਉਸ ਨੇ ‘ਅੱਛੇ ਦਿਨਾਂ’ ਦੇ ਲੋਕ ਲੁਭਾਉ ਨਾਹਾਰੇ ਹੇਠ ਲੋਕਾਂ ਲਈ ਮੰਦਹਾਲੀ ਦੇ ਦਿਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਮੋਦੀ ਸਰਕਾਰ ਨੇ ਆਪਣੇ ਵਾਅਦੇ ਦੇ ਉਲਟ ਸੌ ਦਿਨਾਂ ‘ਚ ਰੇਲ ਕਿਰਾਇਆਂ, ਡੀਜਲ, ਮਿੱਟੀ ਦਾ ਤੇਲ ਤੇ ਘਰੇਲੂ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ‘ਚ ਵਾਧਾ ਕਰਕੇ ਲੋਕਾਂ ਸਿਰ ਮਹਿੰਗਾਈ ਦਾ ਹੋਰ ਮਾਰੂ ਬੋਝ ਲੱਦ ਦਿੱਤਾ ਹੈ।
ਦੂਸਰੇ ਪਾਸੇ ਆਪਣੇ ਪਹਿਲੇ ਬਜਟ ਸ਼ੈਸ਼ਨ ‘ਚ ਵੱਡੇ ਕਾਰਪੋਰੇਟ ਘਰਾਣਿਆਂ ਨੂੰ 5.72 ਲੱਖ ਕਰੋੜ ਦੀਆਂ ਛੋਟਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਬੈਂਕ, ਬੀਮਾਂ ਆਦਿ ਜਨਤਕ ਖੇਤਰ ਵਿੱਚ ਸੌ ਫੀਸਦੀ ਐਫ.ਡੀ.ਆਈ. ਦੀਆਂ ਖੁੱਲਾਂ ਦੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਹਕੂਮਤ ਆਪਣਾ ਹਿੰਦੂਤਵੀ ਫਾਸ਼ੀ ਏਜੰਡਾ ਸਾਹਿਤ, ਕਲਾ, ਸੱਭਿਆਚਾਰ ਤੇ ਵਿੱਦਿਆ ਦੇ ਖੇਤਰ ‘ਚ ਤੇਜੀ ਨਾਲ ਅੱਗੇ ਵਧਾ ਰਹੀ ਹੈ। ਦੇਸ਼ ਦੇ ਸਭ ਮਿਹਨਤਕਸ਼ ਤਬਕੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਘੋਰ ਗਰੀਬੀ ਤੇ ਥੁੜਾਂ ‘ਚ ਗੁਜਰ-ਬਸਰ ਕਰ ਰਹੇ ਹਨ। ਨਵਉਦਾਰਵਾਦੀ ਲੁੱਟ ਦੇ ਮੌਜੂਦਾ ਦੌਰ ‘ਚੋਂ ਲੋਕਾਂ ਦੀ ਅਸਲ ਮੁਕਤੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲ ਕੇ ਹੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਹੀਦਾਂ ਦੀ ਵਿਚਾਰਧਾਰਾ ਦੇ ਸੰਗੀ ਬਨਣ ਲਈ 27 ਸਤੰਬਰ ਦੀ ਪੂਰੀ ਰਾਤ ਨੂੰ ਬਰਨਾਲਾ ਦਾਣਾ ਮੰਡੀ ‘ਚ ‘ਇਨਕਲਾਬੀ ਰੰਗਮੰਚ ਦਿਵਸ’ ‘ਚ ਵੱਡੀ ਗਿਣਤੀ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨ ਦੇ ਵਿਰੋਧ ‘ਚ 1 ਅਕਤੂਬਰ ਨੂੰ ਬਰਨਾਲਾ ਵਿਖੇ ਪਹੁੰਚਣ ਦਾ ਵੀ ਸੱਦਾ ਦਿਤਾ। ਇਸ ਸਮੇਂ ਸਤਨਾਮ ਸਿੰਘ, ਪ੍ਰਦੀਪ ਦੀਵਾਨਾ, ਲੱਕੀ ਗਹਿਲ, ਮਨਵੀਰ ਬੀਹਲਾ, ਰੂਪ ਸਿੰਘ ਆਦਿ ਆਗੂ ਵੀ ਹਾਜਰ ਸਨ। ਮੰਚ ਦੇ ਆਗੂ ਪ੍ਰਦੀਪ ਨੇ ਦੱਸਿਆ ਕਿ ਇਲਾਕੇ ਦੇ ਹੋਰਨਾ ਪਿੰਡਾਂ ‘ਚ ਆਉਂਦੇ ਦਿਨੀਂ ਇਹ ਫਿਲਮ ਸ਼ੋਅ ਕਰਕੇ ਵਿਸ਼ਾਲ ਲੋਕ ਲਾਮਬੰਦੀ ਕੀਤੀ ਜਾਵੇਗੀ।