ਵਿਧਾਇਕਾਂ ਖਿਲਾਫ ਲੋਕ ਪਾਲ ਨੂੰ ਸ਼ਿਕਾਇਤ ਅਧਿਆਪਕਾਂ ਦੀਆਂ ਬਦਲੀਆਂ ਲਈ ਅਹੁਦੇ ਦੀ ਦੁਰਵਰਤੋਂ ਦੇ ਦੋਸ਼
Posted on:- 17-09-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਦੇ ਇਕ ਸਲਾਹਕਾਰ, ਇਕ ਮੰਤਰੀ, ਇਕ ਮੁੱਖ ਸੰਸਦੀ ਸਕੱਤਰ ਤੇ ਤਿੰਨ ਵਿਧਾਇਕਾਂ ਖਿਲਾਫ ਇਕ ਸ਼ਿਕਾਇਤ ਪੰਜਾਬ ਦੇ ਲੋਕ ਪਾਲ ਨੂੰ ਭੇਜੀ ਗਈ ਹੈ।ਸ੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਵਾਉਣ ਲਈ ਦਿੱਲੀ ਹਾਈਕੋਰਟ ‘ਚ ਕੇਸ ਲੜ ਰਹੇ ਬਜੁਰਗ ਕਾਰਕੰੁਨ ਸ. ਬਲਵੰਤ ਸਿੰਘ ਖੇੜਾ ਅਤੇ ਨਵਾਂਸ਼ਹਿਰ ਦੇ ਆਰ.ਟੀ.ਆਈ. ਐਕਟਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ ਹੈ।ਸ਼ਿਕਾਇਤ ‘ਚ ਇਹਨਾਂ ‘ਲੋਕ ਸੇਵਕਾਂ’ ‘ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਹੁਸ਼ਿਆਰਪੁਰ ਤੋਂ ਸੂਚਨਾ ਅਧਿਕਾਰ ਕਨੂੰਨ ਤਹਿਤ ਹਾਸਲ ਕੀਤੀ ਜਾਣਕਾਰੀ ਤੋਂ ਖੁਲਾਸਾ ਹੋਇਆ ਹੈ ਕਿ ਅਧਿਅਪਕਾਂ ਦੀਆਂ ਬਦਲੀਆਂ ਨਿਰਧਾਰਤ ਨਿਯਮਾਂ ਅਨੁਸਾਰ ਨਹੀਂ ਬਲਕਿ ਰਾਜਸੀ ਆਗੂਆਂ ਦੀ ਇੱਛਾ ਅਨੁਸਾਰ ਕੀਤੀਆਂ ਗਈਆਂ ਸਨ।ਇਨਾਂ ਹੀ ਨਹੀਂ ਸਿੱਖਿਆ ਵਿਭਾਗ ਵਲੋਂ ਇਹਨਾਂ ਆਗੂਆਂ ਦੀਆਂ ਸਿਫਾਰਸ਼ਾਂ ਦਾ ਰਿਕਾਰਡ ਰੱਖਣ ਲਈ ਅਲੱਗ ਕਾਲਮ ਵੀ ਬਣਾ ਦਿਤੇ ਗਏ ਹਨ।
ਜਿਹਨਾਂ ‘ਲੋਕ ਸੇਵਕਾਂ’ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਉਹਨਾਂ ‘ਚ ਮੁੱਖ ਮੰਤਰੀ ਦੇ ਰਾਜਸੀ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਸਭਿਆਚਾਰਕ ਮਾਮਲੇ ਤੇ ਜੇਲਾਂ ਬਾਰੇ ਮੰਤਰੀ ਸ੍ਰੀ ਸੋਹਣ ਸਿੰਘ ਠੰਢਲ, ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਨਾਲ ਸੰਬੰਧਤ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ, ਗੜ੍ਹਸ਼ੰਕਰ ਦੇ ਵਿਧਾਇਕ ਸ੍ਰੀ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਦਸੂਹਾ ਦੇ ਵਿਧਾਇਕ ਸ੍ਰੀਮਤੀ ਸੁਖਜੀਤ ਕੌਰ ਸਾਹੀ, ਭੁਲੱਧ ਤੋਂ ਵਿਧਾਇਕ ਬੀਬੀ ਜਗੀਰ ਕੌਰ, ਜਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਚੇਅਰਮੈਨ ਸ. ਸਰਬਜੋਤ ਸਿੰਘ ਸਾਬੀ ਤੋਂ ਇਲਾਵਾ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਅਤੇ ਟਾਂਡਾ ਉੜਮੁੜ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੇ ਨਾਂ ਸ਼ਾਮਲ ਹਨ।ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ‘ਲੋਕ ਸੇਵਕਾਂ’ ਤੇ ਰਾਜਸੀ ਆਗੂਆਂ ਦੁਆਰਾ ਨਾ ਸਿਰਫ ਆਪਣੇ ਸਮਰਥਕਾਂ ਦੀਆਂ ਬਦਲੀਆਂ ਉਹਨਾਂ ਦੇ ਮਨ ਭਾਉਂਦੇ ਸਟੇਸ਼ਨਾਂ ‘ਤੇ ਕਰਵਾਈਆਂ ਜਾਂਦੀਆਂ ਹਨ ਬਲਕਿ ਆਪਣੇ ਜਾਂ ਆਪਣੇ ਸਮਰਥਕਾਂ ਦੇ ਵਿਰੋਧੀਆਂ ਨੂੰ ਦੂਰ ਦੁਰਾਡੇ ਸਟੇਸ਼ਨਾਂ ‘ਤੇ ਭੇਜ ਕੇ ਪ੍ਰੇਸ਼ਾਨ ਵੀ ਕੀਤਾ ਜਾਂਦਾ ਹੈ।ਗੜ੍ਹਸ਼ੰਕਰ ਹਲਕੇ ਦੀ ਇਕ ਉਦਾਹਰਣ ਵੀ ਦਿਤੀ ਗਈ ਹੈ ਜਿਥੇ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਇਕ ਪਤੀ ਪਤਨੀ ਨੂੰ ਪ੍ਰੇਸ਼ਾਨ ਕਰਨ ਲਈ ਉਹਨਾਂ ਦੀ ਬਦਲੀ ਲਗਭਗ ਇਕ ਸੋ ਕਿਲੋਮੀਟਰ ਦੂਰ ਕਰਵਾ ਦਿਤੀ ਗਈ ਸੀ।ਇਸ ਅਧਿਆਪਕ ਜੋੜੇ ਨੂੰ ਵਿਧਾਇਕ ਦੀ ਕਰੋਪੀ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਸੀ।
ਬਦਲੀਆਂ ਦੇ ਮਾਮਲੇ ‘ਚ ਸਾਰੇ ਵਿਭਾਗਾਂ ਦੇ ਅਧਿਕਾਰੀ ਲੋਕ ਸੇਵਕਾਂ ਦੀ ਸਿਫਾਰਸ਼ ਅਨੁਸਾਰ ਹੀ ਕੰਮ ਕਰਦੇ ਹਨ।ਇਨਾਂ ਹੀ ਨਹੀਂ ਸੱਤਾਧਾਰੀ ਪਾਰਟੀਆਂ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਦੇ ਕਈ ਅਜਿਹੇ ਆਗੂ ਹਨ ਜੋ ਚੋਣਾਂ ‘ਚ ਹਾਰ ਚੁੱਕੇ ਹਨ ਲੇਕਿਨ ਉਹਨਾਂ ਨੂੰ ਕਿਸੇ ਜ਼ਿਲ੍ਹੇ, ਬਲਾਕ ਜਾਂ ਹਲਕੇ ਦਾ ਅਹੁਦਾ ਦੇ ਕੇ ਸਰਕਾਰ ਕੰਮ ਕਾਜ਼ ‘ਚ ਦਖਲ ਅੰਦਾਜੀ ਦੀ ਖੁੱਲ ਦੇ ਰੱਖੀ ਹੈ।
ਸ. ਬਲਵੰਤ ਸਿੰਘ ਖੇੜਾ ਅਤੇ ਪਰਵਿੰਦਰ ਸਿੰਘ ਕਿੱਤਣਾ ਨੇ ਕਿਹਾ ਕਿ ਅਕਸਰ ਦੇਖਣ ‘ਚ ਆਉਂਦਾ ਹੈ ਕਿ ਲੋਕ ਆਪਣੀਆਂ ਬਦਲੀਆਂ ਕਰਵਾਉਣ ਲਈ ਸੱਤਾਧਾਰੀ ਪਾਰਟੀਆਂ ਦੇ ਲੋਕਾਂ ਕੋਲ ਪਹੰੁਚ ਕਰਦੇ ਹਨ ਜਿਸ ਨਾਲ ਭ੍ਰਿਸ਼ਟਾਚਾਰ ਵੀ ਹੁੰਦਾ ਹੈ ਤੇ ਵੋਟ ਬੈਂਕ ਵੀ ਪ੍ਰਭਾਵਿਤ ਹੁੰਦਾ ਹੈ।ਇਸ ਲਈ ਸਾਰਿਆਂ ਦੇ ਬਰਾਬਰਤਾ ਦੇ ਅਧਿਕਾਰ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।