ਜੰਮੂ-ਕਸ਼ਮੀਰ 'ਚ ਹੜ੍ਹਾ ਦਾ ਪਾਣੀ ਹੇਠ ਉਤਰਿਆਂ
Posted on:- 16-09-2014
ਸ੍ਰੀਨਗਰ : ਜੰਮੂ ਕਸ਼ਮੀਰ ਵਿੱਚ
ਭਿਆਨਕ ਹੜ੍ਹਾਂ ਤੋਂ ਬਾਅਦ ਹੌਲੀ-ਹੌਲੀ ਜਨ ਜੀਵਨ ਭਾਵੇਂ ਲੀਹ 'ਤੇ ਆ ਰਿਹਾ ਹੈ, ਪਰ ਹੜ੍ਹ
ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਹਾਲੇ ਬਾਕੀ ਹੈ। ਜੇਹਲਮ ਦਰਿਆ ਅਤੇ ਮੁੱਖ ਨਹਿਰ
'ਚ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਉਤਰ ਗਿਆ ਹੈ। ਤਿੰਨ ਦਿਨਾਂ ਤੱਕ ਇਨ੍ਹਾਂ ਵਿੱਚ ਪਾਣੀ
ਖ਼ਤਰੇ ਦੇ ਨਿਸ਼ਾਨ 'ਤੇ ਰਹਿਣ ਨਾਲ ਰਿਹਾਇਸ਼ੀ ਇਲਾਕਿਆਂ ਵਿੱਚ ਹੜ੍ਹ ਨੇ ਤਬਾਹੀ ਮਚਾਈ ਸੀ।
ਕਈ ਇਲਾਕਿਆਂ ਵਿੱਚ ਪਾਣੀ ਨਿਕਲ ਚੁੱਕਾ ਹੈ। ਜਦਕਿ ਸ੍ਰੀਨਗਰ ਦੀਆਂ ਕਈ ਕਲੋਨੀਆਂ ਵਿੱਚ
ਓਐਨਜੀਸੀ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਪੰਪਾਂ ਰਾਹੀਂ ਪਾਣੀ ਕੱÎਢਿਆ ਜਾ ਰਿਹਾ ਹੈ।
ਪੁਰਾਣੇ ਸ਼ਹਿਰ ਵਿੱਚ ਕਈ ਇਲਾਕੇ ਹਾਲੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ।
ਲਗਾਤਾਰ ਬਾਰਿਸ਼
ਦੀ ਵਜ੍ਹਾ ਨਾਲ 13 ਦਿਨ ਤੱਕ ਬੰਦ ਰਹੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਨੂੰ ਅੱਜ
ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਹੜ੍ਹ ਪ੍ਰਭਾਵਤ ਕਸ਼ਮੀਰ ਘਾਟੀ ਵਿੱਚ ਰਾਹਤ
ਅਤੇ ਕੀਤੇ ਜਾ ਰਹੇ ਯਤਨਾਂ ਵਿੱਚ ਤੇਜ਼ੀ ਆਵੇਗੀ।
ਸ੍ਰੀਨਗਰ ਦੇ ਜਵਾਹਰ ਨਗਰ ਖੇਤਰ ਵਿੱਚ
ਬਚਾਅ ਕਰਮੀਆਂ ਨੇ 13 ਹੋਰ ਲਾਸ਼ਾਂ ਦੇਖੀਆਂ ਹਨ। ਗੋਗਜੀ ਬਾਗ ਤੱਟ 'ਤੇ 2 ਲਾਸ਼ਾਂ ਲਿਆਉਣ
ਤੋਂ ਬਾਅਦ ਬਚਾਅ ਕਰਮੀ ਅਬਦੁੱਲ ਹਾਮਿਦ ਨੇ ਕਿਹਾ ਕਿ ਅਸੀਂ ਇੱਕ ਮਕਾਨ 'ਚ 13 ਲਾਸ਼ਾਂ
ਦੇਖੀਆਂ ਹਨ, ਜੋ ਸੋਮਵਾਰ ਨੂੰ ਢਹਿ ਗਿਆ। ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਹੀ ਸੁਰੱਖਿਅਤ
ਥਾਵਾਂ 'ਤੇ ਸਥਾਈ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
ਪਾਣੀ ਦੀ ਨਿਕਾਸੀ ਦਾ ਕੰਮ ਜਾਰੀ ਹੈ ਅਤੇ ਹੜ੍ਹ ਕਾਰਨ ਆਪਣੇ ਘਰਾਂ ਨੂੰ ਛੱਡ ਕੇ ਗਏ ਲੋਕ
ਹੁਣ ਨੁਕਸਾਨ ਦਾ ਜਾਇਜ਼ਾ ਲੈਣ ਲਈ ਘਰਾਂ ਨੂੰ ਪਰਤ ਰਹੇ ਹਨ। ਇੱਥੋਂ ਦੇ ਲੋਕਾਂ ਨੂੰ ਇੱਕ
ਦੂਜੇ ਤੋਂ ਉਨ੍ਹਾਂ ਦਾ, ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਹਾਲ ਚਾਲ ਪੁੱਛਦਿਆਂ ਦੇਖਿਆ ਜਾ
ਸਕਦਾ ਹੈ। ਗੋਗਜੀ ਬਾਗ ਦੇ ਮੁਹੰਮਦ ਸ਼ਾਫ਼ੀ ਨੇ ਕਿਹਾ ਕਿ ਪਹਿਲਾਂ ਅਸੀਂ ਸੋਚਿਆ ਸੀ ਕਿ
ਪਾਣੀ ਦਾ ਪੱਧਰ ਕੁਝ ਹੱਦ ਤੱਕ ਹੀ ਵਧੇਗਾ। ਕਿਸੇ ਨੇ ਵੀ ਇਹ ਅਨੁਮਾਨ ਨਹੀਂ ਸੀ ਲਗਾਇਆ ਕਿ
ਕੁਝ ਇਲਾਕਿਆਂ ਵਿੱਚ ਪਾਣੀ ਦਾ ਪੱਧਰ 12 ਫੁੱਟ ਤੱਕ ਚਲਾ ਜਾਵੇਗਾ।
ਇਤਿਹਾਸਕ ਲਾਲ
ਚੌਕ ਅਤੇ ਬਦਾਮੀ ਬਾਗ ਛਾਉਣੀ ਦੇ ਨੇੜਲਾ ਖੇਤਰ ਹਾਲੇ ਵੀ ਹੜ੍ਹ ਦੀ ਲਪੇਟ ਵਿੱਚ ਹੈ।
ਦੁਕਾਨਾਂ ਦੇ ਮਾਲਕ ਦੁਕਾਨਾਂ ਦੁਬਾਰਾ ਖੋਲ੍ਹ ਰਹੇ ਹਨ ਅਤੇ ਹੜ੍ਹ ਤੋਂ ਬਚ ਗਏ ਸਮਾਨ ਨੂੰ
ਕੱਢਣ ਦਾ ਯਤਨ ਕਰ ਰਹੇ ਹਨ। ਜ਼ਰੂਰੀ ਵਸਤੂਆਂ ਜਿਵੇਂ ਕਿ ਸਬਜ਼ੀਆਂ ਅਤੇ ਰਸੋਈ ਗੈਸ ਦੀ
ਉਪਲਬਧਤਾ ਅਚਾਨਕ ਘਟ ਹੋ ਗਈ ਸੀ ਜੋ ਹੌਲੀ ਹੌਲੀ ਸਹੀ ਹੋ ਰਹੀ ਹੈ। ਬਿਜਲੀ ਅਤੇ ਸੰਚਾਰ
ਸਹੂਲਤ ਵੀ ਪਹਿਲਾਂ ਤੋਂ ਕੁਝ ਬਿਹਤਰ ਹੈ। ਜਨ ਜੀਵਨ ਆਮ ਹੁੰਦਾ ਦੇਖਦਿਆਂ ਸੁਰੱਖਿਆ ਦਸਤੇ
ਅਤੇ ਪੁਲਿਸ ਕਰਮੀ ਵੀ ਸੜਕਾਂ 'ਤੇ ਕਈ ਥਾਂ ਵਾਪਸ ਪਰਤ ਆਏ ਹਨ। ਹਾਲਾਂਕਿ ਹੜ੍ਹ ਨਾਲ ਹੋਏ
ਨੁਕਸਾਨ ਦਾ ਸਹੀ ਅੰਦਾਜ਼ਾ ਲਾਇਆ ਜਾਣਾ ਅਜੇ ਬਾਕੀ ਹੈ। ਹੜ੍ਹ 'ਚ ਮਾਰੇ ਗਏ ਲੋਕਾਂ ਦੀ ਸਹੀ
ਗਿਣਤੀ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।