ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਪ੍ਰਵਾਸੀ ਔਰਤ ਤੇ ਨਵਜੰਮੇ ਬੱਚੇ ਦੀ ਮੌਤ
Posted on:- 16-09-2014
ਪਟਿਆਲਾ
: ਪਟਿਆਲਾ ਦੇ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਦਾਖਲ ਇੱਕ ਗਰੀਬ ਔਰਤ ਦੀ
ਡਾਕਟਰਾਂ ਦੇ ਕਥਿਤ ਤਾਨਾਸ਼ਾਹੀ ਰਵੱਈਏ ਕਾਰਨ ਮੌਤ ਹੋ ਗਈ, ਜਿਸ ਨੂੰ ਡਾਕਟਰ ਮਹਿਜ ਇੱਕ
ਹਾਦਸਾ ਦੱਸ ਰਹੇ ਹਨ। ਇਕੱਤਰ ਜਾਣਕਾਰੀ ਅਨੁਸਾਰ ਇਹ ਮਹਿਲਾ ਅੱਜ ਸਵੇਰੇ ਹੀ ਗਰਭ ਅਵਸਥਾ
ਵਿਚ ਦਾਖਲ ਹੋਈ ਸੀ, ਜਿਸ ਦੇ ਕੁਝ ਸਮੇਂ ਬਾਅਦ ਹੀ ਮ੍ਰਿਤਕ ਬੱਚਾ ਜਨਮਿਆ, ਇਸ ਤੋਂ ਕੁਝ
ਸਮੇਂ ਬਾਅਦ ਹੀ ਇਸ ਮਹਿਲਾ ਦੀ ਵੀ ਮੌਤ ਹੋ ਗਈ।
ਇਸ ਸਾਰੇ ਮਾਮਲੇ ਨੂੰ ਜਿੱਥੇ ਮ੍ਰਿਤਕਾ
ਦੇ ਵਾਰਿਸ ਅਲਟਰਾਸਾਊਂਡ ਕਿੱਲਤ ਅਤੇ ਡਾਕਟਰਾਂ ਦੀ ਲਾਪ੍ਰਵਾਹੀ ਦਸ ਰਹੇ ਹਨ, ਉਥੇ ਹੀ
ਹਸਪਤਾਲ ਮੈਨਜਮੈਂਟ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਰਹੀ ਹੈ। ਇਸ ਘਟਨਾ ਦੀ ਜਾਣਕਾਰੀ
ਦਿੰਦਿਆਂ ਮ੍ਰਿਤਕ ਮਹਿਲਾ ਦੇ ਨਾਲ ਆਏ ਵਾਰਿਸ ਥੋਤੂ ਰਾਮ, ਕ੍ਰਿਸ਼ਨ ਅਤੇ ਮਾਇਆ ਨੇ ਦੱਸਿਆ
ਕਿ ਸਥਾਨਕ ਮਥੂਰਾ ਕਲੋਨੀ ਦੀ ਰਹਿਣ ਵਾਲੀ ਇੱਕ ਬੱਚੇ ਦੀ ਮਾਂ 25 ਸਾਲਾ ਆਰਤੀ ਨਾਮ ਦੀ
ਗਰੀਬ ਪ੍ਰਵਾਸੀ ਮਜ਼ਦੂਰ ਮਹਿਲਾ ਦੂਜੀ ਵਾਰ ਗਰਭਵਤੀ ਸੀ ਅਤੇ ਉਸਦਾ ਪਿਛਲੇ 19 ਹਫਤਿਆਂ ਤੋਂ
ਮਾਤਾ ਕੁਸ਼ੱਲਿਆ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ
ਇਲਾਜ ਲਈ ਪਰਚੀ ਬਣਾ ਕੇ ਜਦੋਂ ਉਹ ਹਸਪਤਾਲ ਦੀ ਓਪੀਡੀ ਅੰਦਰ ਆਏ ਤਾਂ ਜ਼ਿਆਦਾ ਭੀੜ ਹੋਣ
ਕਾਰਨ ਆਰਤੀ ਨੂੰ ਨਹੀਂ ਦਿਖਾ ਸਕੇ ਅਤੇ ਵਾਪਸ ਚਲੇ ਗਏ, ਪ੍ਰੰਤੂ ਅੱਜ ਸਵੇਰੇ ਜਦੋਂ ਜ਼ਿਆਦਾ
ਦਰਦ ਹੋਣ ਕਾਰਨ ਉਸ ਨੂੰ ਮੁੜ ਹਸਪਤਾਲ ਲਿਆਂਦਾ ਤਾਂ ਅੱਗੋਂ ਡਾਕਟਰਾਂ ਨੇ ਉਸ ਨੂੰ ਚੰਗੀ
ਤਰ੍ਹਾਂ ਦੇਖਣ ਦੀ ਬਜਾਏ ਫੁਰਮਾਨ ਜਾਰੀ ਕਰ ਦਿੱਤਾ ਕਿ ਰਾਜਿੰਦਰਾ ਹਸਪਤਾਲ ਵਿੱਚੋਂ
ਅਲਟਰਾਸਾਉਂਡ ਕਰਵਾ ਕੇ ਲਿਆਉ। ਪਰ ਜਦੋਂ ਅਸੀਂ ਰਾਜਿੰਦਰਾ ਹਸਪਤਾਲ ਗਏ ਤਾਂ ਅੱਗੋਂ
ਸਰਕਾਰੀ ਰਾਜਿੰਦਰਾ ਹਸਪਤਾਲ ਵਾਲਿਆਂ ਨੇ ਇਹ ਕਹਿ ਕੇ ਅਲਟਰਾਸਾਉਂਡ ਕਰਨ ਤੋਂ ਨਾ ਕਰ
ਦਿੱਤੀ ਕਿ ਤੁਹਾਡੇ ਕੋਲ ਮਾਤਾ ਕੁਸ਼ੱਲਿਆ ਹਸਪਤਾਲ ਦੀ ਕੋਈ ਪਰਚੀ ਨਹੀਂ ਹੈ, ਕਿਉਂਕਿ
ਸਾਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿਚੋਂ ਕੋਈ ਵੀ ਰੈਫਰ ਪਰਚੀ ਜਾਂ ਅਲਟਰਾਸਾਊਂਡ ਪਰਚੀ
ਨਹੀਂ ਦਿੱਤੀ ਗਈ ਸੀ। ਜਦੋਂ ਰਾਜਿੰਦਰਾ ਹਸਪਤਾਲ ਵਿੱਚ ਵੀ ਮ੍ਰਿਤਕਾ ਵੱਲੋਂ ਕੀਤੇ ਤਰਲਿਆਂ
ਤੋਂ ਬਾਅਦ ਵੀ ਅਲਟਰਾਸਾਉਂਡ ਨਾ ਹੋਇਆ ਅਤੇ ਅਸੀਂ ਦਰਦਾਂ ਨਾਲ ਕੁਰਲਾਉਂਦੀ ਆਰਤੀ ਨੂੰ ਲੈ
ਕੇ ਮੁੜ ਮਾਤਾ ਕੁਸ਼ੱਲਿਆ ਹਸਪਤਾਲ ਆ ਗਏ, ਕਿਉਂਕਿ ਪੈਸਾ ਨਾ ਹੋਣ ਕਾਰਨ ਅਸੀਂ ਨਿੱਜੀ
ਲੈਬੋਰਟਰੀ ਤੋਂ ਅਲਟਰਾਸਾਊਂਡ ਨਹੀਂ ਕਰਵਾ ਸਕੇ।
ਮ੍ਰਿਤਕਾ ਦੇ ਵਾਰਸਾਂ ਨੇ ਕਿਹਾ ਕਿ
ਰਾਜਿੰਦਰਾ ਹਸਪਤਾਲ ਤੋਂ ਮੁੜ ਮਾਤਾ ਕੁਸ਼ੱਲਿਆ ਹਸਪਤਾਲ ਤੱਕ ਪਹੁੰਚਦੇ-ਪਹੁੰਚਦੇ ਜਦੋਂ
ਆਰਤੀ ਨੂੰ ਦਰਦ ਜ਼ਿਆਦਾ ਹੋਣ ਲੱਗ ਪਿਆ, ਜਿਸ ਤੋਂ ਬਾਅਦ ਆਰਤੀ ਨੂੰ ਮਾਤਾ ਕੁਸ਼ੱਲਿਆ
ਹਸਪਤਾਲ ਦਾਖਲ ਕਰ ਲਿਆ, ਪ੍ਰੰਤੂ ਕੁਝ ਹੀ ਸਮੇਂ ਬਾਅਦ ਡਾਕਟਰਾਂ ਨੇ ਅੰਦਰੋਂ ਸੁਨੇਹਾ
ਭੇਜਿਆ ਕਿ ਮਰਿਆ ਹੋਇਆ ਬੱਚਾ ਪੈਦਾ ਹੋਇਆ ਹੈ, ਜਿਸ ਨੂੰ ਜਾ ਕੇ ਦਬਾ ਆਉ ਅਤੇ ਆਰਤੀ ਦੀ
ਸਿਹਤ ਠੀਕ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਬੱਚੇ ਨੂੰ ਦਬਾ ਕੇ ਕੁਝ ਸਮੇਂ ਬਾਅਦ
ਵਾਪਸ ਆਏ ਤਾਂ ਸਾਨੂੰ ਕਹਿ ਦਿੱਤਾ ਕਿ ਆਰਤੀ ਦੀ ਵੀ ਮੌਤ ਹੋ ਚੁੱਕੀ ਹੈ। ਮ੍ਰਿਤਕਾ ਦੇ
ਵਾਰਸਾਂ ਨੇ ਮੰਗ ਕੀਤੀ ਕਿ ਸਬੰਧਤ ਡਾਕਟਰ ਦੇ ਖਿਲਾਫ ਲਾਪ੍ਰਵਾਹੀ ਵਰਤਣ ਕਾਰਨ ਸਖਤ
ਕਾਰਵਾਈ ਕੀਤੀ ਜਾਵੇ, ਕਿਉਂਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਹੀ ਆਰਤੀ ਦੀ ਮੌਤ ਹੋਈ ਹੈ।
ਜੇਕਰ ਕੁਸ਼ੱਲਿਆ ਹਸਪਤਾਲ ਦੇ ਡਾਕਟਰ ਸਵੇਰੇ ਹੀ ਉਸਨੂੰ ਚੰਗੀ ਤਰ੍ਹਾਂ ਚੈਕ ਕਰਦੇ ਜਾਂ ਫਿਰ
ਰਾਜਿੰਦਰਾ ਹਸਪਤਾਲ ਤੋਂ ਅਲਟਰਾਸਾਊਂਡ ਕਰਵਾਉਣ ਲਈ ਪਰਚੀ ਬਣਾ ਕੇ ਦਿੰਦੇ ਤਾਂ ਆਰਤੀ ਬਚ
ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਛੇਤੀ ਤੋਂ ਛੇਤੀ ਜਾਂਚ ਕਰਕੇ ਦੋਸ਼ੀ ਡਾਕਟਰਾਂ
ਖਿਲਾਫ ਦੂਹਰੇ ਕਤਲ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਡਾਕਟਰਾਂ ਦੀ ਕਥਿਤ
ਅਣਗਹਿਲੀ ਕਾਰਨ ਹੀ ਦੋ ਜ਼ਿੰਦਗੀਆਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ।
ਇਸ ਬਾਬਤ
ਹਸਪਤਾਲ ਅਧਿਕਾਰੀ ਡਾਕਟਰ ਐਚ.ਕੇ ਸੋਢੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਿਸੇ ਵੀ ਡਾਕਟਰ
ਦਾ ਕੋਈ ਕਸੂਰ ਨਹੀਂ ਹੈ ਇਹ ਮੌਤ ਇਕ ਅਚਾਨਕ ਹਾਦਸਾ ਹੈ ਅਤੇ ਡਾਕਟਰਾਂ ਨੇ ਮਹਿਲਾ ਨੂੰ
ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਡਾ. ਸੋਢੀ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਨੂੰ ਸਵੇਰੇ
ਕਰੀਬ 8 ਵਜੇ ਲਿਆਂਦਾ ਗਿਆ ਸੀ ਤੇ 8.20 'ਤੇ ਬੱਚੇ ਨੂੰ ਜਨਮ ਦਿੱਤਾ, ਜਿਸ ਦੀ ਪਹਿਲਾਂ
ਹੀ ਮੌਤ ਹੋ ਚੁੱਕੀ ਸੀ, ਇਸ ਲਈ ਜਦੋਂ ਮਹਿਲਾ ਦੀ ਹਾਲਤ ਵਿਗੜੀ ਤਾਂ ਉਸ ਸਮੇਂ ਮਹਿਲਾ ਨਾਲ
ਕੋਈ ਵੀ ਵਾਰਸ ਨਹੀਂ ਸੀ ਅਸੀਂ ਆਪ ਖੁਦ ਕਿਤੇ ਹੋਰ ਲਿਜਾਣ ਲਈ ਪ੍ਰਬੰਧ ਕੀਤਾ, ਪਰ
ਮਹਿਲਾ ਇੱਥੇ ਹੀ ਦਮ ਤੋੜ ਗਈ।
Sukhjiwan singh
Halwarvi HUN HOSPITAL ATE DOCTORS NU BCHA LAVO